ਗੁਰਦਾਸਪੁਰ (ਹਰਮਨਪ੍ਰੀਤ) - ਪੰਜਾਬ ਦੇ ਸਿਹਤ ਵਿਭਾਗ ਵਿਚ ਸੁਧਾਰ ਲਿਆਉਣ ਲਈ ਬੇਸ਼ੱਕ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਕਈ ਨਵੇਂ ਫ਼ੈਸਲੇ ਲਾਗੂ ਕਰਵਾਏ ਗਏ ਹਨ ਪਰ ਦੂਜੇ ਪਾਸੇ ਜੇਕਰ ਸੂਬੇ ਅੰਦਰ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਦੀ ਗਿਣਤੀ ਤੋਂ ਇਲਾਵਾ ਡਾਕਟਰਾਂ ਤੇ ਹੋਰ ਸਟਾਫ਼ ਦੀ ਗਿਣਤੀ ਸਬੰਧੀ ਘੋਖ ਕੀਤੀ ਜਾਵੇ ਤਾਂ ਚਿੰਤਾਜਨਕ ਤੱਥ ਸਾਹਮਣੇ ਆਉਂਦੇ ਹਨ। ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਪੰਜਾਬ ਅੰਦਰ ਪਿਛਲੇ ਕਰੀਬ 40 ਸਾਲਾਂ ਦੌਰਾਨ ਬੇਸ਼ੱਕ ਅਬਾਦੀ ਵਿਚ ਦੁੱਗਣੇ ਦੇ ਕਰੀਬ ਵਾਧਾ ਹੋ ਗਿਆ ਹੈ ਪਰ ਲੋਕਾਂ ਨੂੰ ਸੇਵਾਵਾਂ ਦੇਣ ਵਾਲੇ ਡਾਕਟਰਾਂ ਅਤੇ ਹੋਰ ਅਮਲੇ ਦੀਆਂ ਜ਼ਿਆਦਾਤਰ ਅਸਾਮੀਆਂ ਦੀ ਗਿਣਤੀ 38 ਸਾਲ ਪਹਿਲਾਂ ਦੀ ਗਿਣਤੀ ਦੇ ਆਸ-ਪਾਸ ਹੀ ਹੈ। ਇਸੇ ਤਰ੍ਹਾਂ ਸਿਹਤ ਕੇਂਦਰ ਅਤੇ ਹਸਪਤਾਲਾਂ ਦੀ ਗਿਣਤੀ ਤੇ ਸਮਰੱਥਾ ਵੀ ਪੁਰਾਣੇ ਸਮਿਆਂ ਵਾਲੀ ਹੀ ਚਲਦੀ ਆ ਰਹੀ ਹੈ।
6800 ਤੋਂ ਜ਼ਿਆਦਾ ਲੋਕਾਂ ਲਈ ਔਸਤਨ 1 ਡਾਕਟਰ
ਇਕੱਤਰ ਵੇਰਵਿਆਂ ਮੁਤਾਬਿਕ 1975 ਦੇ ਆਸ-ਪਾਸ ਪੰਜਾਬ 'ਚ ਸਿਰਫ਼ ਡਾਕਟਰਾਂ ਦੀ ਗਿਣਤੀ 800 ਤੋਂ ਵੀ ਘੱਟ ਸੀ, ਜਿਸ ਦੇ ਬਾਅਦ 1975 ਤੋਂ 1981 ਵਿਚ ਨਵੀਂ ਭਰਤੀ ਹੋਣ ਕਾਰਨ ਡਾਕਟਰਾਂ ਦੀਆਂ ਅਸਾਮੀਆਂ 4400 ਤੱਕ ਕਰ ਦਿੱਤੀਆਂ ਗਈਆਂ ਸਨ। ਉਸ ਮੌਕੇ ਪੰਜਾਬ ਦੀ ਕਰੀਬ 1 ਕਰੋੜ 67 ਲੱਖ ਅਬਾਦੀ ਲਈ ਡਾਕਟਰਾਂ ਦੀਆਂ ਅਸਾਮੀਆਂ 4400 ਸਨ, ਜਿਸ ਤਹਿਤ ਇਕ ਡਾਕਟਰ ਦੇ ਹਿੱਸੇ ਔਸਤਨ 3800 ਮਰੀਜ਼ ਆਉਂਦੇ ਸਨ ਪਰ ਹੁਣ ਜਦੋਂ ਪੰਜਾਬ ਦੀ ਅਬਾਦੀ 3 ਕਰੋੜ ਤੱਕ ਪਹੁੰਚਣ ਵਾਲੀ ਹੈ ਤਾਂ ਵੀ ਲੋੜ ਮੁਤਾਬਿਕ ਡਾਕਟਰਾਂ ਦੀ ਗਿਣਤੀ ਵਧਾਉਣ ਦੀ ਬਜਾਏ ਪੁਰਾਣੀਆਂ ਅਸਾਮੀਆਂ ਨਾਲ ਹੀ ਡੰਗ ਟਪਾਇਆ ਜਾ ਰਿਹਾ ਹੈ, ਜਿਸ ਕਾਰਨ ਹੁਣ ਇਕ ਡਾਕਟਰ ਦੇ ਹਿੱਸੇ ਕਰੀਬ 6800 ਮਰੀਜ਼ ਆਉਂਦੇ ਹਨ। ਹੋਰ ਤਾਂ ਹੋਰ ਇਨ੍ਹਾਂ ਮਨਜ਼ੂਰਸ਼ੁਦਾ ਅਸਾਮੀਆਂ 'ਚੋਂ ਵੀ ਕਰੀਬ 18 ਤੋਂ 20 ਫੀਸਦੀ ਅਸਾਮੀਆਂ ਖਾਲੀ ਪਈਆਂ ਹੋਣ ਕਾਰਨ ਡਾਕਟਰਾਂ ਦਾ ਬੋਝ ਹੋਰ ਵੀ ਵੱਧ ਰਿਹਾ ਹੈ।
ਪੈਰਾ ਮੈਡੀਕਲ ਸਟਾਫ਼ ਤੇ ਨਰਸਾਂ ਦੀ ਸਥਿਤੀ
ਪੈਰਾ ਮੈਡੀਕਲ ਸਟਾਫ਼ ਅਤੇ ਨਰਸਾਂ ਦੀਆਂ ਅਸਾਮੀਆਂ ਦੀ ਸਥਿਤੀ ਵੀ ਬਹੁਤ ਵਧੀਆ ਨਹੀਂ ਮੰਨੀ ਜਾ ਸਕਦੀ, ਕਿਉਂਕਿ ਪੈਰਾ ਮੈਡੀਕਲ ਸਟਾਫ਼ ਦੀਆਂ 25 ਫੀਸਦੀ ਅਤੇ ਸਟਾਫ਼ ਨਰਸਾਂ ਦੀਆਂ ਕਰੀਬ 35 ਫੀਸਦੀ ਅਸਾਮੀਆਂ ਖਾਲੀ ਹਨ। ਵੇਰਵਿਆਂ ਮੁਤਾਬਿਕ ਪੈਰਾ ਮੈਡੀਕਲ ਸਟਾਫ਼ ਦੀਆਂ ਕਰੀਬ 22536 ਅਸਾਮੀਆਂ 'ਚੋਂ ਸਿਰਫ਼ 16700 ਅਸਾਮੀਆਂ ਭਰੀਆਂ ਹੋਈਆਂ ਹਨ। ਇਸੇ ਤਰ੍ਹਾਂ ਸਟਾਫ਼ ਨਰਸਾਂ ਦੀਆਂ ਕੁਲ ਅਸਾਮੀਆਂ 'ਚੋਂ 2646 ਭਰੀਆਂ ਅਤੇ 1570 ਖਾਲੀ ਹਨ। ਐੱਨ. ਐੱਚ. ਐੱਮ. ਐਕਟ ਤਹਿਤ ਕੰਮ ਕਰ ਰਹੀਆਂ ਸਟਾਫ਼ ਨਰਸਾਂ ਦੀਆਂ 1939 'ਚੋਂ 1750 ਦੇ ਕਰੀਬ ਅਸਾਮੀਆਂ ਭਰੀਆਂ ਹਨ।
ਸਮਰੱਥਾ ਤੇ ਸਹੂਲਤਾਂ ਤੋਂ ਸੱਖਣੇ ਬਹੁ-ਗਿਣਤੀ ਹਸਪਤਾਲ
ਜਿਸ ਢੰਗ ਨਾਲ ਪੰਜਾਬ ਦੀ ਵੱਸੋਂ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ, ਉਸ ਮੁਤਾਬਿਕ ਹੁਣ ਹਰੇਕ ਜ਼ਿਲੇ 'ਚ 200 ਤੋਂ 400 ਬੈੱਡ ਵਾਲੇ ਸਰਕਾਰੀ ਹਸਪਤਾਲਾਂ ਦੀ ਜ਼ਰੂਰਤ ਮਹਿਸੂਸ ਕੀਤੀ ਜਾਂਦੀ ਹੈ ਪਰ ਸਿਰਫ਼ ਇਕ ਚੋਣਵੇਂ ਜ਼ਿਲੇ ਵਿਚ ਬਣੇ ਕਰੀਬ 150 ਬੈੱਡਾਂ ਵਾਲੇ ਹਸਪਤਾਲ ਨੂੰ ਛੱਡ ਕੇ ਪੰਜਾਬ ਦੇ ਬਾਕੀ ਹਿੱਸਿਆਂ 'ਚ ਕਿਤੇ ਵੀ ਵੱਡਾ ਹਸਪਤਾਲ ਨਹੀਂ ਹੈ, ਜੋ ਪੂਰੇ ਜ਼ਿਲੇ ਦੇ ਲੋਕਾਂ ਦੀ ਸਮਰੱਥਾ ਮੁਤਾਬਿਕ ਸੁਵਿਧਾਵਾਂ ਦੇ ਸਕੇ। ਨਿਯਮਾਂ ਅਤੇ ਲੋੜ ਦੇ ਹਿਸਾਬ ਨਾਲ ਪੰਜਾਬ ਵਿਚ ਕਰੀਬ 4500 ਡਿਸਪੈਂਸਰੀਆਂ ਲੋੜੀਂਦੀਆਂ ਹਨ, ਜਦੋਂਕਿ ਮੌਜੂਦਾ ਸਮੇਂ ਵਿਚ ਇਨ੍ਹਾਂ ਦੀ ਗਿਣਤੀ ਅੱਧੀ ਹੈ। ਇਸੇ ਤਰ੍ਹਾਂ 190 ਕਮਿਊਨਿਟੀ ਹੈਲਥ ਸੈਂਟਰਾਂ ਦੀ ਲੋੜ ਦੇ ਉਲਟ 114 ਦੇ ਨਾਲ ਕੰਮ ਚਲਾਇਆ ਜਾ ਰਿਹਾ ਹੈ, ਜਦੋਂਕਿ ਪ੍ਰਾਇਮਰੀ ਹੈਲਥ ਸੈਂਟਰਾਂ ਦੀ ਗਿਣਤੀ ਵੀ ਲੋੜ ਨਾਲੋਂ ਘੱਟ ਹੈ। ਇਨ੍ਹਾਂ ਹਸਪਤਾਲਾਂ 'ਚ ਜਿੱਥੇ ਡਾਕਟਰਾਂ ਅਤੇ ਦਵਾਈਆਂ ਸਮੇਤ ਕਈ ਹੋਰ ਚੀਜ਼ਾਂ ਦੀ ਘਾਟ ਰੜਕਦੀ ਹੈ, ਉਸ ਦੇ ਨਾਲ ਹੀ ਕਈ ਡਿਸਪੈਂਸਰੀਆਂ ਦੀਆਂ ਇਮਾਰਤਾਂ ਵੀ ਵਧੀਆ ਨਹੀਂ ਹਨ। ਇੱਥੋਂ ਤੱਕ ਕਿ ਕਈ ਥਾਂ 'ਤੇ ਪੀਣ ਵਾਲੇ ਪਾਣੀ ਅਤੇ ਪਖਾਨਿਆਂ ਦੀ ਘਾਟ ਵੀ ਰੜਕਦੀ ਹੈ। ਕਈ ਜ਼ਰੂਰੀ ਦਵਾਈਆਂ ਵੀ ਸਰਕਾਰੀ ਹਸਪਤਾਲਾਂ 'ਚ ਉਪਲੱਬਧ ਨਹੀਂ ਹੁੰਦੀਆਂ।
ਸਿਹਤ ਸਹੂਲਤਾਂ ਨੂੰ 1 ਨੰਬਰ 'ਤੇ ਲਿਆਵਾਂਗੇ : ਬ੍ਰਹਮ ਮਹਿੰਦਰਾ
ਸੰਪਰਕ ਕਰਨ 'ਤੇ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪੰਜਾਬ ਅੰਦਰ ਇਸ ਮੌਕੇ 2338 ਮੈਡੀਕਲ ਅਫ਼ਸਰ, 1770 ਸਪੈਸ਼ਲ ਮੈਡੀਕਲ ਅਫ਼ਸਰ, 427 ਐੱਸ. ਐੱਮ. ਓ., 1150 ਰੂਰਲ ਮੈਡੀਕਲ ਅਫ਼ਸਰ ਅਤੇ 22 ਸਿਵਲ ਸਰਜਨ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਐੱਨ.ਐੱਚ.ਐੱਮ. ਤਹਿਤ ਕੰਮ ਕਰ ਰਹੇ ਕੁੱਲ 93 ਡਾਕਟਰ ਅਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੇ 21 ਮੈਡੀਕਲ ਅਫ਼ਸਰ ਅਤੇ 9 ਐੱਸ. ਐੱਮ. ਓ. ਮਿਲਾ ਕੇ ਇਸ ਮੌਕੇ ਪੰਜਾਬ ਅੰਦਰ 5844 ਦੇ ਕਰੀਬ ਡਾਕਟਰ ਵਧੀਆ ਸਿਹਤ ਸਹੂਲਤਾਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ 306 ਹੋਰ ਡਾਕਟਰਾਂ ਦੀ ਭਰਤੀ ਜਲਦੀ ਮੁਕੰਮਲ ਕਰਕੇ ਇਨ੍ਹਾਂ ਡਾਕਟਰਾਂ ਨੂੰ ਵੀ ਹਸਪਤਾਲਾਂ ਵਿਚ ਭੇਜ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਹਸਪਤਾਲਾਂ ਦੀ ਸਮਰੱਥਾ ਵਧਾਉਣ ਤੋਂ ਇਲਾਵਾ ਸਿਹਤ ਸਹੂਲਤਾਂ ਨੂੰ ਇਕ ਨੰਬਰ 'ਤੇ ਲਿਆਉਣ ਲਈ ਉਹ ਲਗਾਤਾਰ ਕੋਸ਼ਿਸ਼ ਕਰ ਰਹੇ ਹਨ ਅਤੇ ਬਹੁਤ ਸਾਰੀਆਂ ਕੋਸ਼ਿਸ਼ਾਂ ਨੂੰ ਕਾਮਯਾਬੀ ਵੀ ਮਿਲੀ ਹੈ। ਉਨ੍ਹਾਂ ਕਿਹਾ ਕਿ ਅਬਾਦੀ ਦੇ ਹਿਸਾਬ ਨਾਲ ਡਾਕਟਰਾਂ ਅਤੇ ਹਸਪਤਾਲਾਂ ਦੀ ਗਿਣਤੀ ਬੇਸ਼ੱਕ ਅਜੇ ਵੀ ਘੱਟ ਹੈ ਪਰ ਉਹ ਇਸ ਨੂੰ ਵਧਾਉਣਗੇ।
ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ 2 ਸਾਲਾਂ ਤੋਂ ਸਟਾਕ ਸ਼ਰਾਬ ਕੀਤੀ ਨਸ਼ਟ
NEXT STORY