ਚੰਡੀਗੜ੍ਹ (ਅਸ਼ਵਨੀ) : ਪੰਜਾਬ ਸਿਹਤ ਵਿਭਾਗ 'ਚ ਡਾਕਟਰਾਂ ਦੀ ਕਮੀ ਦਾ ਸੰਕਟ ਟਲ ਨਹੀਂ ਰਿਹਾ। ਪਹਿਲਾਂ ਤੋਂ ਹੀ ਡਾਕਟਰਾਂ ਦੀ ਕਮੀ ਨਾਲ ਜੂਝ ਰਹੇ ਸਿਹਤ ਵਿਭਾਗ ਵਿਚ ਹੁਣ ਇਕ ਤੋਂ ਬਾਅਦ ਇਕ ਕਈ ਡਾਕਟਰ ਨੌਕਰੀ ਛੱਡ ਰਹੇ ਹਨ। 2018 ਤੋਂ ਹੁਣ ਤੱਕ ਸਾਢੇ 3 ਮਹੀਨਿਆਂ ਦੌਰਾਨ ਕਰੀਬ 24 ਡਾਕਟਰਾਂ ਨੇ ਸਿਹਤ ਵਿਭਾਗ ਦੀ ਨੌਕਰੀ ਨੂੰ ਅਲਵਿਦਾ ਕਹਿ ਦਿੱਤਾ ਹੈ। ਇਸ ਕੜੀ ਵਿਚ ਸਿਹਤ ਵਿਭਾਗ ਨੇ ਖੁਦ ਕਰੀਬ 15 ਡਾਕਟਰਾਂ ਨੂੰ ਵਿਭਾਗੀ ਨਿਯਮਾਂ ਦੀ ਅਣਦੇਖੀ ਕਰਨ ਕਰਕੇ ਨੌਕਰੀ ਤੋਂ ਬਾਹਰ ਕਰ ਦਿੱਤਾ ਹੈ। ਇਸ ਹਿਸਾਬ ਨਾਲ ਲੱਗਭਗ 39 ਡਾਕਟਰ ਹੁਣ ਤੱਕ ਸਿਹਤ ਵਿਭਾਗ ਤੋਂ ਬਾਹਰ ਹੋ ਚੁੱਕੇ ਹਨ। ਸਿਹਤ ਸੇਵਾ ਦੇ ਜਾਣਕਾਰਾਂ ਦੀ ਮੰਨੀਏ ਤਾਂ ਇਹ ਪਹਿਲਾ ਮੌਕਾ ਹੈ, ਜਦੋਂ ਲੱਗਭਗ ਸਾਢੇ 3 ਮਹੀਨਿਆਂ ਵਿਚ ਇੰਨੇ ਜ਼ਿਆਦਾ ਡਾਕਟਰ ਵਿਭਾਗੀ ਸੇਵਾਵਾਂ ਤੋਂ ਆਜ਼ਾਦ ਹੋਏ ਹਨ ਜਾਂ ਸੇਵਾ-ਮੁਕਤ ਕਰ ਦਿੱਤੇ ਗਏ ਹਨ।
ਮਾਰਚ-ਦਸੰਬਰ 2017 'ਚ ਵੀ ਜਾਰੀ ਰਿਹਾ ਅਸਤੀਫਿਆਂ ਦਾ ਦੌਰ
2017 ਦੌਰਾਨ ਮਾਰਚ 'ਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਦਸੰਬਰ 2017 ਦਾ ਸਮਾਂ ਵੀ ਸਿਹਤ ਵਿਭਾਗ ਲਈ ਸੰਕਟਮਈ ਰਿਹਾ ਹੈ। ਇਸ ਸਮੇਂ ਦੌਰਾਨ ਲੱਗਭਗ 21 ਡਾਕਟਰਾਂ ਨੇ ਅਸਤੀਫਾ ਦਿੱਤਾ। ਉਥੇ ਹੀ ਖੁਦ ਸਿਹਤ ਵਿਭਾਗ ਨੇ ਕਰੀਬ 21 ਡਾਕਟਰਾਂ ਨੂੰ ਵਿਭਾਗੀ ਨਿਯਮਾਂ ਦੀ ਅਣਦੇਖੀ ਕਾਰਨ ਨੌਕਰੀ ਤੋਂ ਬਾਹਰ ਕਰ ਦਿੱਤਾ। ਇਨ੍ਹਾਂ 'ਚ ਦਸੰਬਰ 2017 ਤਕ ਕਰੀਬ 10 ਡਾਕਟਰਾਂ ਦੇ ਡੀਡ ਰੈਜ਼ੀਗਨੇਸ਼ਨ ਹੋਏ ਅਤੇ ਕਰੀਬ 8 ਡਾਕਟਰਾਂ ਦੇ ਡਿਸਮਿਸਲ ਆਰਡਰ ਜਾਰੀ ਕੀਤੇ ਗਏ। ਇਸ ਕੜੀ 'ਚ ਲੱਗਭਗ 3 ਡਾਕਟਰਾਂ ਦੇ ਰਿਮੂਵਲ ਆਰਡਰ ਜਾਰੀ ਕੀਤੇ ਗਏ।
ਪੰਜਾਬ 'ਚ 40 ਫੀਸਦੀ ਡਾਕਟਰਾਂ ਦੀ ਕਮੀ
ਸਿਹਤ ਸੇਵਾਵਾਂ ਦੇ ਜਾਣਕਾਰਾਂ ਦੀ ਮੰਨੀਏ ਤਾਂ ਪੰਜਾਬ 'ਚ ਇਸ ਸਮੇਂ ਲਗਭਗ 40 ਫੀਸਦੀ ਡਾਕਟਰਾਂ ਦੀ ਕਮੀ ਹੈ, ਜਿਸ ਕਾਰਨ ਪੇਂਡੂ ਇਲਾਕਿਆਂ 'ਚ ਇਲਾਜ ਦੀ ਸਹੂਲਤ ਬਦਹਾਲ ਹੈ। ਇਹੀ ਕਾਰਨ ਹੈ ਕਿ ਸਿਹਤ ਵਿਭਾਗ ਲਗਾਤਾਰ ਡਾਕਟਰਾਂ ਦੀ ਨਵੀਂ ਭਰਤੀ ਕਰਨ ਦੀ ਕੋਸ਼ਿਸ਼ ਵਿਚ ਜੁਟਿਆ ਹੈ ਪਰ ਵੱਡੀ ਗਿਣਤੀ ਵਿਚ ਡਾਕਟਰਾਂ ਦੇ ਅਹੁਦੇ ਹਾਲੇ ਵੀ ਖਾਲੀ ਹਨ। ਖੁਦ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਵੀ ਸਦਨ ਵਿਚ ਡਾਕਟਰਾਂ ਦੀ ਕਮੀ ਨੂੰ ਸਵੀਕਾਰ ਕਰਦੇ ਹੋਏ ਪੰਚਾਇਤੀ ਰਾਜ ਸਿਸਟਮ ਅਧੀਨ ਡਾਕਟਰਾਂ ਨੂੰ ਸਿਹਤ ਵਿਭਾਗ ਵਿਚ ਰਲੇਵਾਂ ਕਰਨ ਦਾ ਫਾਰਮੂਲਾ ਦਿੱਤਾ ਸੀ ਤਾਂ ਕਿ ਸੂਬੇ 'ਚ ਸਿਹਤ ਸੇਵਾਵਾਂ ਵਿਚ ਕੁਝ ਸੁਧਾਰ ਹੋ ਸਕੇ। ਇਹ ਵੱਖਰੀ ਗੱਲ ਹੈ ਕਿ ਹਾਲੇ ਤੱਕ ਇਹ ਪੂਰਾ ਮਾਮਲਾ ਕਾਗਜ਼ੀ ਰਸਮਾਂ 'ਚ ਉਲਝਿਆ ਹੋਇਆ ਹੈ।
ਡੀ. ਸੀ. ਨੇ ਕੀਤੇ 6 ਕਲਰਕਾਂ ਦੇ ਤਬਾਦਲੇ
NEXT STORY