ਖਰੜ (ਰਣਬੀਰ) : ਸ਼ਨੀਵਾਰ ਦੁਪਹਿਰ ਇਥੋਂ ਦੀ ਸ਼ਿਵਾਲਿਕ ਸਿਟੀ ਘਰ ਦੇ ਬਾਹਰ ਸੋਸਾਇਟੀ 'ਚ ਖੇਡ ਰਹੇ ਇਕ ਬੱਚੇ ਨੂੰ ਗੁਆਂਢੀਆਂ ਦੇ ਕੁੱਤੇ ਨੇ ਅਚਾਨਕ ਹਮਲਾ ਕਰ ਕੇ ਵੱਢ ਲਿਆ। ਹਮਲੇ 'ਚ ਫੱਟੜ ਹੋਏ ਬੱਚੇ ਨੂੰ ਇਲਾਜ ਲਈ ਸੈਕਟਰ–16 ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਮਗਰੋਂ ਬੱਚੇ ਨੂੰ ਛੁੱਟੀ ਦੇ ਦਿੱਤੀ ਗਈ। ਬੱਚੇ ਦੇ ਮਾਪਿਆਂ ਵਲੋਂ ਇਸ ਘਟਨਾ ਨੂੰ ਲੈ ਕੇ ਕੁੱਤੇ ਦੇ ਮਾਲਕਾਂ ਖਿਲਾਫ ਥਾਣੇ 'ਚ ਦਰਖਾਸਤ ਦਿੱਤੀ ਗਈ ਹੈ।
ਜਾਣਕਾਰੀ ਦਿੰਦੇ ਹੋਏ ਈਕੋ ਟਾਵਰ ਫਲੈਟ ਨੰਬਰ-104 ਨਿਵਾਸੀ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਇਥੇ ਆਪਣੀ ਪਤਨੀ ਅਤੇ 2 ਬੱਚਿਆਂ ਸਮੇਤ ਇਥੇ ਰਹਿ ਰਿਹਾ ਹੈ। ਬੀਤੇ ਕੱਲ ਬਾਅਦ ਦੁਪਹਿਰ ਉਸਦਾ ਵੱਡਾ ਬੇਟਾ ਰਹਿਤਪ੍ਰੀਤ (6) ਜੋ ਕਿ ਯੂ. ਕੇ. ਜੀ. 'ਚ ਪੜ੍ਹਦਾ ਹੈ, ਆਪਣੇ ਤੀਜੀ ਮੰਜ਼ਿਲ ਫਲੈਟ ਤੋਂ ਥੱਲੇ ਆ ਕੇ ਸੋਸਾਇਟੀ 'ਚ ਖੇਡ ਰਿਹਾ ਸੀ, ਇਸੇ ਦੌਰਾਨ ਥੱਲੇ ਫਲੈਟ 'ਚ ਰਹਿਣ ਵਾਲਾ ਅਮਰਿੰਦਰ ਸਿੰਘ ਆਪਣੇ 2 ਪਾਲਤੂ ਕੁੱਤਿਆਂ ਲੈਬਰਾ ਅਤੇ ਪਿੱਟ ਬੁੱਲ ਨੂੰ ਘੁਮਾ ਰਿਹਾ ਸੀ ਕਿ ਅਚਾਨਕ ਲੈਬਰਾ ਕੁੱਤੇ ਨੇ ਉਸ ਦੇ ਬੇਟੇ ਉਤੇ ਹਮਲਾ ਕਰ ਦਿੱਤਾ, ਅਮਰਿੰਦਰ ਸਿੰਘ ਨੇ ਇਕ ਵਾਰ ਤਾਂ ਕੁੱਤੇ ਨੂੰ ਕਾਬੂ ਕਰ ਲਿਆ ਪਰ ਉਸ ਨੇ ਛੁੱਟ ਕੇ ਦੁਬਾਰਾ ਬੱਚੇ ਉਤੇ ਹਮਲਾ ਕਰ ਦਿੱਤਾ।
ਕਾਫੀ ਮੁਸ਼ਕਲ ਨਾਲ ਮੁੜ ਕੁੱਤੇ 'ਤੇ ਕਾਬੂ ਪਾਇਆ ਗਿਆ। ਰੌਲਾ ਸੁਣ ਕੇ ਸੋਸਾਇਟੀ ਦੇ ਹੋਰ ਲੋਕ ਇਕੱਠੇ ਹੋ ਗਏ ਅਤੇ ਉਸ ਦੇ ਬੇਟੇ ਨੂੰ ਫੌਰੀ ਲੋਕਾਂ ਦੀ ਮਦਦ ਨਾਲ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਚੰਡੀਗੜ੍ਹ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਲਾਜ ਮਗਰੋਂ ਉਸ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ। ਬੱਚੇ ਦੀ ਲੱਤ ਉਤੇ ਕਰੀਬ ਇਕ ਦਰਜਨ ਵੱਢੇ ਜਾਣ ਦੇ ਨਿਸ਼ਾਨ ਦੇਖੇ ਗਏ ਹਨ। ਸੁਖਪ੍ਰੀਤ ਮੁਤਾਬਕ ਇਸਦੇ ਖਿਲਾਫ ਪੁਲਸ ਕੋਲ ਸ਼ਿਕਾਇਤ ਦਿੱਤੀ ਗਈ ਹੈ, ਜਿਸ ਦੀ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਹੁਣ ਸ਼ਰਾਰਤੀ ਅਨਸਰਾਂ 'ਤੇ ਰਹੇਗੀ ਤੀਸਰੀ ਅੱਖ
NEXT STORY