ਖੰਨਾ(ਸੁਨੀਲ)- ਸਮੇਂ ਦੇ ਨਾਲ-ਨਾਲ ਕਲਯੁਗ 'ਚ ਰਿਸ਼ਤੇ ਵੀ ਬਦਲਦੇ ਜਾ ਰਹੇ ਹਨ। ਅੱਜ ਅਜਿਹਾ ਹੀ ਕੁਝ ਖੰਨਾ ਸ਼ਹਿਰ 'ਚ ਦੇਖਣ ਨੂੰ ਮਿਲਿਆ, ਜਿੱਥੇ ਇਕ ਸੱਸ ਨੇ ਆਪਣੀ ਨੂੰਹ ਨੂੰ ਘਰ 'ਚ ਰਹਿਣ ਲਈ ਉਸ ਦਾ ਜਿਗਰ ਦਾ ਟੁਕੜਾ ਵੇਚ ਕੇ ਪੰਜ ਲੱਖ ਰੁਪਏ ਲਿਆਉਣ ਦਾ ਫਰਮਾਨ ਸੁਣਾ ਦਿੱਤਾ। ਇਸ ਹਾਲਤ 'ਚ ਨੂੰਹ ਨੇ ਇਹ ਆਪਬੀਤੀ ਪਹਿਲਾਂ ਆਪਣੀ ਮਾਂ ਨੂੰ ਸੁਣਾਈ। ਉਪਰੰਤ ਖੰਨਾ ਦੇ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਦੇ ਸਾਹਮਣੇ ਰੱਖੀ, ਜਿਨ੍ਹਾਂ ਨੇ ਤੁਰੰਤ ਇਸ ਮਾਮਲੇ ਨੂੰ ਵੂਮੈਨ ਸੈੱਲ ਵਿਚ ਭੇਜ ਕੇ ਜਾਂਚ ਕਰਨ ਉਪਰੰਤ ਦੋਸ਼ੀ ਪਾਏ ਜਾਣ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਨੂੰ ਕਿਹਾ ਹੈ। ਇਸ ਸਬੰਧੀ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੀੜਤਾ ਸੁਮਨ ਦੇਵੀ ਪਤਨੀ ਰਾਮ ਕੁਮਾਰ ਨਿਵਾਸੀ ਵਿਨੋਦ ਨਗਰ ਬਾਜ਼ੀਗਰ ਬਸਤੀ ਖੰਨਾ ਨੇ ਦੱਸਿਆ ਕਿ ਉਸ ਦਾ ਵਿਆਹ ਉਸ ਦੇ ਮਾਂ-ਬਾਪ ਨੇ ਆਪਣੀ ਹੈਸੀਅਤ ਤੋਂ ਵਧ ਕੇ ਕਰਦੇ ਹੋਏ ਸਹੁਰਾ ਪਰਿਵਾਰ ਨੂੰ ਹਰ ਉਹ ਚੀਜ਼ ਦਿੱਤੀ ਸੀ, ਜਿਸ ਦੀ ਉਨ੍ਹਾਂ ਨੇ ਕਲਪਨਾ ਵੀ ਨਹੀਂ ਕੀਤੀ ਸੀ। ਵਿਆਹ ਤੋਂ ਬਾਅਦ ਕੁਝ ਦੇਰ ਠੀਕ-ਠਾਕ ਚੱਲਣ ਉਪਰੰਤ ਇਹ ਖੁਸ਼ੀਆਂ ਦਾ ਸਿਲਸਿਲਾ ਪਟੜੀ ਤੋਂ ਉੱਤਰ ਗਿਆ ਅਤੇ ਫਿਰ ਪਰਤ ਕੇ ਕਦੇ ਵੀ ਉਸ ਦੀ ਜ਼ਿੰਦਗੀ 'ਚ ਖੁਸ਼ੀ ਦਾ ਪਲ ਨਹੀਂ ਆਇਆ। ਸੁਮਨ ਦੇਵੀ ਨੇ ਦੱਸਿਆ ਕਿ ਉਸ ਦਾ ਪਤੀ ਨਸ਼ਾ ਕਰਨ ਦਾ ਆਦੀ ਹੈ। ਉਸ ਤੋਂ ਦੁਖੀ ਹੋ ਕੇ ਉਸ ਦੀ ਸੱਸ ਕਲਾਵਤੀ ਨੇ ਆਪਣੇ ਬੇਟੇ ਨੂੰ ਸੱਤ ਸਾਲ ਪਹਿਲਾਂ ਇਹ ਸੋਚ ਕੇ ਬੇਦਖ਼ਲ ਕਰ ਦਿੱਤਾ ਸੀ ਕਿ ਸ਼ਾਇਦ ਉਹ ਸੁਧਰ ਜਾਵੇ ਪਰ ਅਜਿਹਾ ਕੁਝ ਵੀ ਨਹੀਂ ਹੋਇਆ। ਇਸ ਦੌਰਾਨ ਉਸ ਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਪਰ ਉਸ ਦਾ ਪਤੀ ਜੋ ਵੀ ਕਮਾਉਂਦਾ, ਉਸ ਨੂੰ ਸ਼ਰਾਬ ਵਿਚ ਉਜਾੜ ਦਿੰਦਾ, ਘਰ ਚਲਾਉਣ ਲਈ ਉਹ ਸਮੇਂ- ਸਮੇਂ 'ਤੇ ਆਪਣੀ ਗਰੀਬ ਮਾਂ ਤੋਂ ਆਰਥਿਕ ਸਹਾਇਤਾ ਲੈਂਦੀ ਰਹੀ। ਸੁਮਨ ਨੇ ਦੱਸਿਆ ਕਿ ਸ਼ਰਾਬ ਦੇ ਨਸ਼ੇ ਵਿਚ ਉਸ ਦਾ ਪਤੀ ਰੋਜ਼ਾਨਾ ਹੀ ਕਿਸੇ ਨਾਲ ਲੜਾਈ-ਝਗੜਾ ਕਰਦਾ ਰਹਿੰਦਾ ਹੈ ਅਤੇ ਕੁੱਟ ਖਾਣ ਉਪਰੰਤ ਹਸਪਤਾਲ ਵਿਚ ਦਾਖਲ ਹੋ ਕੇ ਕੁੱਟ-ਮਾਰ ਦਾ ਇਲਜ਼ਾਮ ਸਾਡੇ 'ਤੇ ਲਗਾ ਦਿੰਦਾ ਹੈ। ਸੁਮਨ ਦੇਵੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੀ ਸੱਸ ਅਤੇ ਉਸ ਦਾ ਪਤੀ ਦੋ ਬੱਚੀਆਂ ਨੂੰ ਨਾਲ ਲੈ ਗਿਆ ਅਤੇ ਉਸ ਨੇ ਉਸ ਨੂੰ ਇਹ ਕਹਿ ਕੇ ਘਰ 'ਚੋਂ ਬਾਹਰ ਕੱਢ ਦਿੱਤਾ ਕਿ ਜੇਕਰ ਉਸ ਨੇ ਘਰ 'ਚ ਰਹਿਣਾ ਹੈ ਤਾਂ ਤੀਸਰੇ ਬੱਚੇ ਨੂੰ ਵੇਚ ਕੇ ਪੰਜ ਲੱਖ ਰੁਪਏ ਜੁਟਾਏ। ਉਸ ਨੇ ਦੱਸਿਆ ਕਿ ਇਸ ਦੌਰਾਨ ਕਈ ਮੋਹਤਬਰ ਵਿਅਕਤੀਆਂ ਨੇ ਸਹੁਰਾ ਪਰਿਵਾਰ ਦੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ 'ਤੇ ਕਿਸੇ ਗੱਲ ਦਾ ਕੋਈ ਅਸਰ ਨਹੀਂ ਹੈ। ਇੱਥੇ ਤੱਕ ਕਿ ਉਹ ਲੋਕ ਉਸ 'ਤੇ ਹੀ ਚਰਿੱਤਰਹੀਣ ਹੋਣ ਦਾ ਦੋਸ਼ ਲਾਉਂਦੇ ਹੋਏ ਤੀਸਰੇ ਬੱਚੇ ਨੂੰ ਆਪਣਾ ਬੱਚਾ ਹੀ ਨਹੀਂ ਮੰਨ ਰਹੇ ਹਨ।
ਕੀ ਕਹਿਣਾ ਹੈ ਸਹੁਰਾ ਧਿਰ ਦਾ
ਇਸ ਸਬੰਧੀ ਜਦੋਂ ਸੱਸ ਕਲਾਵਤੀ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਉਪਰੋਕਤ ਸਾਰੇ ਦੋਸ਼ਾਂ ਨੂੰ ਝੂਠੇ ਅਤੇ ਬੇ-ਬੁਨਿਆਦ ਦੱਸਦੇ ਹੋਏ ਕਿਹਾ ਕਿ ਉਸ ਨੇ ਤੇ ਨਾ ਹੀ ਉਸ ਦੇ ਬੇਟੇ ਨੇ ਦਾਜ ਦੀ ਕਦੇ ਮੰਗ ਕੀਤੀ ਹੈ ਅਤੇ ਨਾ ਹੀ ਸੁਮਨ ਨੂੰ ਕਦੇ ਕੁੱਟਿਆ ਹੈ। ਬੱਚਾ ਵੇਚਣ ਦੇ ਬਾਰੇ 'ਚ ਪੁੱਛੇ ਗਏ ਸਵਾਲ 'ਚ ਉਸ ਨੇ ਦੱਸਿਆ ਕਿ ਉਹ ਵੀ ਬੱਚਿਆਂ ਦੀ ਮਾਂ ਹੈ ਤੇ ਉਹ ਕਿਵੇਂ ਆਪਣੀ ਨੂੰਹ ਨੂੰ ਬੱਚਾ ਵੇਚਣ ਦੇ ਲਈ ਕਹਿ ਸਕਦੀ ਹੈ। ਦਰਅਸਲ ਇਹ ਮੇਰੇ ਬੇਟੇ ਦੇ ਨਾਲ ਰਹਿਣਾ ਹੀ ਨਹੀਂ ਚਾਹੁੰਦੀ, ਜਿਸ ਕਾਰਨ ਹੁਣ ਉਹ ਸਾਡੇ 'ਤੇ ਝੂਠੇ ਅਤੇ ਬੇਬੁਨਿਆਦ ਦੋਸ਼ ਲਗਾ ਰਹੀ ਹੈ।
ਕੀ ਕਹਿੰਦੇ ਹਨ ਜਾਂਚ ਅਧਿਕਾਰੀ?
ਇਸ ਸਬੰਧੀ ਵੂਮਨ ਸੈੱਲ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਐੱਸ. ਐੱਸ. ਪੀ. ਦੇ ਨਿਰਦੇਸ਼ਾਂ 'ਤੇ ਉਨ੍ਹਾਂ ਨੂੰ ਸ਼ਿਕਾਇਤ ਮਿਲ ਗਈ ਹੈ। ਦੋਵਾਂ ਪੱਖਾਂ ਨੂੰ ਆਹਮਣੇ-ਸਾਹਮਣੇ ਬਿਠਾ ਕੇ ਗੱਲਬਾਤ ਕੀਤੀ ਜਾਵੇਗੀ। ਇਸ ਦੌਰਾਨ ਜੇਕਰ ਕੋਈ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਬੰਬੀਹਾ ਗਰੁੱਪ ਨੇ ਫੇਸਬੁੱਕ 'ਤੇ ਕੀਤੇ ਕੁਮੈਂਟ
NEXT STORY