ਜਲੰਧਰ (ਕਮਲੇਸ਼)— ਸ਼ਰਨਜੀਤ ਵਾਸੀ ਬਿੱਲੀ ਚਹਾਰਮੀ ਜੋ ਕਿ ਮੂਲ ਤੌਰ 'ਤੇ ਇੰਗਲੈਂਡ ਦੀ ਰਹਿਣ ਵਾਲੀ ਸੀ, ਨੇ ਵੀਰਵਾਰ ਇਕ ਪ੍ਰੈੱਸ ਕਾਨਫਰੰਸ 'ਚ ਆਪਣੇ ਨਾਲ ਹੋਈ ਘਟਨਾ ਬਾਰੇ ਦੱਸਿਆ। ਇਸ ਦੌਰਾਨ ਉਸ ਦਾ ਸਾਥ ਦੇਣ ਲਈ ਆਮ ਆਦਮੀ ਪਾਰਟੀ ਦੇ ਆਗੂ ਐੱਚ. ਐੱਸ. ਵਾਲੀਆ ਅਤੇ ਹੋਰ ਵਰਕਰ ਮੌਜੂਦ ਰਹੇ। ਸ਼ਰਨਜੀਤ ਨੇ ਦੱਸਿਆ ਕਿ 2011 'ਚ ਉਸ ਦਾ ਵਿਆਹ ਬਿੱਲੀ ਚਹਾਰਮੀ ਦੇ ਸ਼ਮਿੰਦਰ ਸਿੰਘ ਨਾਲ ਹੋਇਆ ਸੀ, ਜਿਸ ਤੋਂ 1 ਮਹੀਨਾ ਬਾਅਦ ਉਹ ਇਕੱਲੀ ਇੰਗਲੈਂਡ ਚਲੀ ਗਈ ਅਤੇ ਉਸ ਤੋਂ ਬਾਅਦ ਕਾਗਜ਼ੀ ਕਾਰਵਾਈ ਕਰਕੇ ਆਪਣੇ ਪਤੀ ਸ਼ਮਿੰਦਰ ਨੂੰ ਵੀ ਇੰਗਲੈਂਡ ਬੁਲਾ ਲਿਆ ਅਤੇ ਉਸ ਨੂੰ ਵੀ ਇੰਗਲੈਂਡ ਦੀ ਪੀ. ਆਰ. ਮਿਲ ਗਈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਹ ਹਰ ਸਾਲ ਆਪਣੇ ਪੇਕਿਆਂ ਦੇ ਪਿੰਡ ਪੰਜਾਬ ਆਉਂਦੇ ਸਨ, ਜਿਸ ਦੌਰਾਨ ਉਸ ਦੇ ਸਹੁਰਿਆਂ ਨੇ ਉਸ ਨੂੰ ਦਾਜ ਲਈ ਸਤਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਸ ਤੋਂ ਬਾਅਦ ਇੰਗਲੈਂਡ ਵਾਪਸ ਆਉਣ 'ਤੇ ਉਸ ਦੇ ਪਤੀ ਦਾ ਵਤੀਰਾ ਵੀ ਉਸ ਨਾਲ ਬਦਲ ਗਿਆ ਅਤੇ ਉਸ ਦੇ ਪਤੀ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਬਾਰੇ ਉਨ੍ਹਾਂ ਪੁਲਸ 'ਚ ਸ਼ਿਕਾਇਤ ਵੀ ਕੀਤੀ ਸੀ ਅਤੇ ਉਥੋਂ ਦੀ ਪੁਲਸ ਨੇ ਸ਼ਮਿੰਦਰ ਨੂੰ ਚਿਤਾਵਨੀ ਵੀ ਦਿੱਤੀ ਸੀ।
ਸ਼ਰਨਜੀਤ ਨੇ ਦੱਸਿਆ ਕਿ ਇਸ ਦੇ ਬਾਅਦ ਉਸ ਦੇ ਪਤੀ ਨੇ 2016 'ਚ ਇਹ ਫੈਸਲਾ ਲਿਆ ਕਿ ਉਹ ਪੰਜਾਬ ਆਪਣੇ ਪਿੰਡ 'ਚ ਜਾ ਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨਗੇ ਪਰ ਇਸ ਤੋਂ ਬਾਅਦ ਵੀ ਸਹੁਰਿਆਂ ਦਾ ਦਾਜ ਲਈ ਲੋਭ ਖਤਮ ਨਹੀਂ ਹੋਇਆ। 30 ਮਈ 2016 ਨੂੰ ਉਸ ਦੇ ਪਤੀ ਸ਼ਮਿੰਦਰ ਸਿੰਘ, ਸਹੁਰੇ ਜੋਗਿੰਦਰ ਸਿੰਘ, ਸੱਸ ਰਾਜਵਿੰਦਰ ਕੌਰ, ਭਣਵੱਈਆ ਮੰਦੀਪ, ਨਣਾਨ ਨਵਜੋਤ ਕੌਰ ਨੇ ਮਿੱਟੀ ਦਾ ਤੇਲ ਪਾ ਕੇ ਉਸ ਨੂੰ ਸਾੜਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਤਰ੍ਹਾਂ ਉਨ੍ਹਾਂ ਖੁਦ ਨੂੰ ਅਤੇ ਆਪਣੇ ਬੇਟੇ ਨੂੰ ਕਮਰੇ ਵਿਚ ਬੰਦ ਕਰਕੇ ਆਪਣੀ ਜਾਨ ਬਚਾਈ ਅਤੇ ਸਾਰੀ ਘਟਨਾ ਬਾਰੇ ਆਪਣੇ ਤਾਏ ਨੂੰ ਦੱਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਸ਼ਾਹਕੋਟ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਪੁਲਸ ਨੂੰ ਉਨ੍ਹਾਂ ਨੇ 31 ਮਈ ਨੂੰ ਐੱਫ. ਆਈ. ਆਰ. ਦਰਜ ਕਰਾਈ ਸੀ ਪਰ 8 ਮਹੀਨਿਆਂ ਤੋਂ ਉਹ ਅਤੇ ਉਨ੍ਹਾਂ ਦਾ ਬੇਟਾ ਇਨਸਾਫ ਦੀ ਉਡੀਕ ਕਰ ਰਹੇ ਹਨ।
ਪੁਲਸ ਨਹੀਂ ਕਰ ਰਹੀ ਚਲਾਨ ਪੇਸ਼
ਸ਼ਰਨਜੀਤ ਨੇ ਦੱਸਿਆ ਕਿ ਐੱਫ. ਆਰ. ਆਈ. ਹੋਏ 8 ਮਹੀਨੇ ਹੋ ਗਏ ਹਨ ਪਰ ਉਨ੍ਹਾਂ ਦੇ ਸਹੁਰਿਆਂ ਦੀ ਸਿਆਸੀ ਪਹੁੰਚ ਕਾਰਨ ਉਨ੍ਹਾਂ ਖਿਲਾਫ ਹੁਣ ਤੱਕ ਪੁਲਸ ਨੇ ਚਲਾਨ ਪੇਸ਼ ਨਹੀਂ ਕੀਤਾ ਤੇ ਸਾਰੇ ਦੋਸ਼ੀ ਖੁੱਲ੍ਹੇਆਮ ਘੁੰਮ ਰਹੇ ਹਨ।
ਸ਼ਮਿੰਦਰ ਰਹਿ ਰਿਹੈ ਇੰਗਲੈਂਡ 'ਚ
ਉਨ੍ਹਾਂ ਨੇ ਕਿਹਾ ਕਿ ਘਟਨਾ ਤੋਂ ਬਾਅਦ ਉਨ੍ਹਾਂ ਦਾ ਪਤੀ ਸ਼ਮਿੰਦਰ ਇੰਗਲੈਂਡ ਚਲਾ ਗਿਆ ਸੀ ਅਤੇ ਹੁਣ ਉਹ ਉਥੇ ਹੀ ਰਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਾਨੂੰਨ ਤੋਂ ਮਿਲਣ ਵਾਲੇ ਇਨਸਾਫ ਦੀ ਉਡੀਕ ਹੈ ਅਤੇ ਇਸ ਦੇ ਲਈ ਉਹ ਕਈ ਪੁਲਸ ਅਧਿਕਾਰੀਆਂ ਦੇ ਦਫਤਰਾਂ ਦੇ ਚੱਕਰ ਕੱਢ ਚੁੱਕੀ ਹੈ।
ਇਨਸਾਫ ਨਾ ਮਿਲਿਆ ਤਾਂ ਆਮ ਆਦਮੀ ਪਾਰਟੀ ਦੇਵੇਗੀ ਧਰਨਾ
ਇਸ ਮੌਕੇ ਐੱਚ. ਐੱਸ. ਵਾਲੀਆ ਨੇ ਕਿਹਾ ਕਿ ਜੇਕਰ ਪੁਲਸ ਜਲਦੀ ਚਲਾਨ ਪੇਸ਼ ਕਰਕੇ ਦੋਸ਼ੀਆਂ 'ਤੇ ਕਾਰਵਾਈ ਨਹੀਂ ਕਰਦੀ ਤਾਂ ਉਹ ਪੀੜਤ ਸ਼ਰਨਜੀਤ ਕੌਰ ਅਤੇ ਪਾਰਟੀ ਦੇ ਵਰਕਰਾਂ ਸਣੇ ਐੱਸ. ਐੱਸ. ਪੀ. ਦਫਤਰ ਅੱਗੇ ਤਦ ਤੱਕ ਧਰਨਾ ਦੇਣਗੇ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ।
ਸਾਬਕਾ ਮੰਤਰੀ ਰਾਣਾ ਗੁਰਜੀਤ ਦੀਆਂ ਕੰਪਨੀਆਂ 'ਤੇ ਆਮਦਨ ਟੈਕਸ ਵਿਭਾਗ ਦਾ ਛਾਪਾ (ਵੀਡੀਓ)
NEXT STORY