ਚੰਡੀਗੜ੍ਹ (ਭੁੱਲਰ) - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਪੰਚਾਇਤੀ ਚੋਣਾਂ 'ਚ ਸ਼ਰੇਆਮ ਕੀਤੀ ਧੱਕੇਸ਼ਾਹੀ ਲੋਕਤੰਤਰ ਦਾ ਕਤਲ ਹੈ। ਪਾਰਟੀ ਨੇ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ 'ਚ ਨਾਕਾਮ ਰਹਿਣ ਲਈ ਸੂਬਾ ਚੋਣ ਕਮਿਸ਼ਨ ਦੀ ਨਿੰਦਾ ਕੀਤੀ ਹੈ।ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਅਤੇ ਪਾਰਟੀ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਵਾਲੇ ਦਿਨ ਕਾਂਗਰਸੀਆਂ ਨੇ ਨਾ ਸਿਰਫ ਰੱਜ ਕੇ ਹਿੰਸਾ ਕੀਤੀ, ਸਗੋਂ ਸ਼ਰੇਆਮ ਬੂਥਾਂ 'ਤੇ ਵੀ ਕਬਜ਼ੇ ਕੀਤੇ ਹਨ।
ਅਫਸੋਸ ਦੀ ਗੱਲ ਇਹ ਹੈ ਕਿ ਸਿਵਲ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਰਿਹਾ ਜਦਕਿ ਪੁਲਸ ਨੇ ਵੱਖ-ਵੱਖ ਥਾਵਾਂ 'ਤੇ ਅਕਾਲੀ ਵਰਕਰਾਂ ਖ਼ਿਲਾਫ ਕਾਰਵਾਈ ਕਰਦਿਆਂ ਕਾਂਗਰਸੀਆਂ ਨੂੰ ਹੇਰਾਫੇਰੀਆਂ ਕਰਨ ਦੀ ਪੂਰੀ ਖੁੱਲ੍ਹ ਦਿੱਤੀ। ਉਨ੍ਹਾਂ ਕਿਹਾ ਕਿ ਗੋਲੀਬਾਰੀ ਦੀਆਂ ਘਟਨਾਵਾਂ ਮੋਗਾ ਦੇ ਪਿੰਡ ਦੀਨਾ, ਪਟਿਆਲਾ ਦੇ ਬੋਸਰਕਲਾਂ ਤੋਂ ਇਲਾਵਾ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਵਿਖੇ ਵਾਪਰੀਆਂ ਹਨ। ਇਨ੍ਹਾਂ ਸਾਰੀਆਂ ਥਾਵਾਂ 'ਤੇ ਕਾਂਗਰਸੀਆਂ ਵਲੋਂ ਬੂਥਾਂ 'ਤੇ ਕਬਜ਼ੇ ਕੀਤੇ ਗਏ।ਮੁੱਲਾਂਪੁਰ ਦਾਖਾ ਵਿਖੇ ਵੀ ਵੱਡੇ ਪੱਧਰ 'ਤੇ ਬੂਥਾਂ 'ਤੇ ਕਬਜ਼ੇ ਕਰਨ ਦੀਆਂ ਰਿਪੋਰਟਾਂ ਮਿਲੀਆਂ ਹਨ। ਅਕਾਲੀ ਆਗੂ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਮਮਦੋਟ ਵਿਖੇ ਕਾਂਗਰਸ ਵਰਕਰਾਂ ਵੱਲੋਂ ਵੋਟਾਂ ਦੇ ਬਕਸੇ ਨੂੰ ਅੱਗ ਲਾਉਣ ਮਗਰੋਂ ਮਚੀ ਭਗਦੜ ਵਿਚ ਇਕ ਵਿਅਕਤੀ ਦੀ ਕਾਰ ਥੱਲੇ ਕੁਚਲੇ ਜਾਣ ਨਾਲ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਜ਼ਿਲੇ ਪਟਿਆਲਾ ਵਿਚ ਵੱਡੀ ਪੱਧਰ 'ਤੇ ਹਿੰਸਾ ਅਤੇ ਬੂਥਾਂ ਉੱਤੇ ਕਬਜ਼ਿਆਂ ਦੀਆਂ ਘਟਨਾਵਾਂ ਵੇਖਣ ਨੂੰ ਮਿਲੀਆਂ। ਸਨੌਰ ਵਿਚ ਗੋਲੀਆਂ ਚਲਾਈਆਂ ਗਈਆਂ ਅਤੇ ਵੱਡੀ ਪੱਧਰ 'ਤੇ ਪੱਥਰਬਾਜ਼ੀ ਕੀਤੀ ਗਈ। ਇਸੇ ਤਰ੍ਹਾਂ ਰਾਜਪੁਰਾ ਵਿਚ ਐੱਸ.ਜੀ.ਪੀ.ਸੀ. ਮੈਂਬਰ ਸੁਰਜੀਤ ਸਿੰਘ ਗੜ੍ਹੀ ਨਾਲ ਕਾਂਗਰਸੀ ਗੁੰਡਿਆਂ ਵੱਲੋਂ ਧੱਕਾਮੁੱਕੀ ਕੀਤੀ ਗਈ। ਇਹ ਕਹਿੰਦਿਆਂ ਕਿ ਸੂਬੇ ਦੀ ਪੁਲਸ ਕਾਂਗਰਸ ਪਾਰਟੀ ਦੇ ਹੱਥਾਂ ਦੀ ਕਠਪੁਤਲੀ ਬਣ ਚੁੱਕੀ ਹੈ, ਡਾ. ਚੀਮਾ ਨੇ ਕਿਹਾ ਕਿ ਅੰਮ੍ਰਿਤਸਰ ਜ਼ਿਲੇ ਦੇ ਨੌਸ਼ਹਿਰਾ ਵਿਚ ਪੁਲਸ ਕਰਮਚਾਰੀਆਂ ਨੇ ਕਾਂਗਰਸੀਆਂ ਦੀ ਮਦਦ ਕਰਨ ਲਈ ਅਕਾਲੀ ਵਰਕਰਾਂ 'ਤੇ ਲਾਠੀਚਾਰਜ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ।
'ਪੰਚਾਇਤੀ ਚੋਣਾਂ' 'ਚ ਖਹਿਰਾ ਦੇ ਆਪਣਿਆਂ ਨੂੰ ਝਟਕਾ (ਵੀਡੀਓ)
NEXT STORY