ਫਿਰੋਜ਼ਪੁਰ (ਕੁਮਾਰ) : ਜ਼ਿਲ੍ਹਾ ਫਿਰੋਜ਼ਪੁਰ 'ਚ ਐਸ.ਐਸ.ਪੀ ਕੰਵਰਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਾ ਤਸਕਰਾਂ ਖਿਲਾਫ਼ ਚਲਾਈ ਮੁਹਿੰਮ ਤਹਿਤ ਸੀ.ਆਈ.ਏ ਸਟਾਫ ਫਿਰੋਜ਼ਪੁਰ ਦੀ ਪੁਲਸ ਨੇ ਸਬ-ਇੰਸਪੈਕਟਰ ਜਜਪਾਲ ਸਿੰਘ ਦੀ ਅਗਵਾਈ ਵਿੱਚ ਇੱਕ ਨਸ਼ਾ ਤਸਕਰ ਨੂੰ 357 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਪੀ ਡਿਟੈਕਟਿਵ ਗੁਰਮੀਤ ਸਿੰਘ ਚੀਮਾ ਨੇ ਦੱਸਿਆ ਕਿ ਜਦੋਂ ਸੀ.ਆਈ.ਏ ਸਟਾਫ਼ ਫਿਰੋਜ਼ਪੁਰ ਦੀ ਪੁਲਸ ਪਾਰਟੀ ਸਬ-ਇੰਸਪੈਕਟਰ ਜਜਪਾਲ ਸਿੰਘ ਦੀ ਅਗਵਾਈ ਹੇਠ ਪਿੰਡ ਲੂਥੜ ਦੇ ਏਰੀਆ ਵਿੱਚ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ ਤਾਂ ਪੁਲਸ ਨੂੰ ਸੂਚਨਾ ਮਿਲੀ ਕਿ ਰੋਹਿਤ ਪੁੱਤਰ ਜਿੰਦਰ ਵਸੀ ਲੂਥੜ ਵੱਡੇ ਪੱਧਰ ’ਤੇ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ ਅਤੇ ਇਸ ਸਮੇਂ ਉਸ ਕੋਲ ਹੈਰੋਇਨ ਹੈ।
ਇਹ ਵੀ ਪੜ੍ਹੋ : ਟਰੈਵਲ ਏਜੰਟ ਦਾ ਕਾਰਾ : ਨੌਜਵਾਨ ਨੂੰ ਅਮਰੀਕਾ ਭੇਜਣ ਦੀ ਬਜਾਏ ਖੁਦ ਉਸ ਦੇ ਪੈਸਿਆਂ 'ਤੇ ਚਲਾ ਗਿਆ ਆਸਟ੍ਰੇਲੀਆ
ਪੁਲਸ ਪਾਰਟੀ ਨੇ ਦੱਸੀ ਜਗ੍ਹਾ ’ਤੇ ਛਾਪਾਮਾਰੀ ਕਰਦੇ ਨਾਮਜ਼ਦ ਵਿਅਕਤੀ ਨੂੰ ਕਾਬੂ ਕਰ ਲਿਆ, ਜਿਸ ਦੀ ਤਲਾਸ਼ੀ ਲੈਣ ’ਤੇ 357 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਨਸ਼ਾ ਤਸਕਰ ਖਿਲਾਫ਼ ਥਾਣਾ ਸਦਰ ਫਿਰੋਜ਼ਪੁਰ ਵਿਖੇ ਐੱਨ.ਡੀ.ਪੀ.ਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਇੱਕ ਕਰੋੜ ਸਾਢੇ 78 ਲੱਖ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ।
20 ਗ੍ਰਾਮ ਹੈਰੋਇਨ ਸਮੇਤ ਇੱਕ ਕਾਬੂ
ਦੂਜੇ ਪਾਸੇ ਚੌਕੀ ਠੱਠਾ ਕਿਸ਼ਨ ਸਿੰਘ ਦੇ ਇੰਚਾਰਜ ਏ.ਐੱਸ.ਆਈ ਸਤਪਾਲ ਦੀ ਅਗਵਾਈ ਹੇਠ ਪੁਲਸ ਨੇ ਇੱਕ ਨੌਜਵਾਨ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐਸ.ਆਈ ਸਤਪਾਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਪੁਲਸ ਪਾਰਟੀ ਗੁਰਦਿੱਤੀ ਵਾਲਾ ਹੈੱਡ ਦੇ ਏਰੀਆ ’ਚ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ ਤਾਂ ਪੁਲਿਸ ਪਾਰਟੀ ਨੇ ਇੱਕ ਸ਼ੱਕੀ ਨੌਜਵਾਨ ਨੂੰ ਆਉਂਦਾ ਦੇਖਿਆ, ਜੋ ਪੁਲਸ ਨੂੰ ਦੇਖ ਕੇ ਘਬਰਾ ਗਿਆ ਅਤੇ ਪਿੱਛੇ ਨੂੰ ਭੱਜਣ ਲੱਗਾ, ਜਿਸ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਨਾਂ ਜਿੰਦਰ ਪੁੱਤਰ ਚੰਨਾ ਦੱਸਿਆ, ਜਿਸ ਦੀ ਤਲਾਸ਼ੀ ਲੈਣ ’ਤੇ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਕਾਬੂ ਕੀਤੇ ਮੁਲਜ਼ਮਾਂ ਖਿਲਾਫ਼ ਐੱਨ.ਡੀ.ਪੀ.ਐੱਸ ਐਕਟ ਤਹਿਤ ਮਾਮਲੇ ਦਰਜ ਕੀਤੇ ਗਏ ਹਨ।
ਟਰੈਵਲ ਏਜੰਟ ਦਾ ਕਾਰਾ : ਨੌਜਵਾਨ ਨੂੰ ਅਮਰੀਕਾ ਭੇਜਣ ਦੀ ਬਜਾਏ ਖੁਦ ਉਸ ਦੇ ਪੈਸਿਆਂ 'ਤੇ ਚਲਾ ਗਿਆ ਆਸਟ੍ਰੇਲੀਆ
NEXT STORY