ਦੋਰਾਹਾ(ਗੁਰਮੀਤ ਕੌਰ)-'ਸਰਕਾਰਾਂ ਰੋਜ਼ਗਾਰ ਦਾ ਨਹੀਂ ਦਿੰਦੀਆਂ ਕੋਈ ਮੌਕਾ ਪਰ ਇਥੇ ਨਸ਼ਾ ਵਿਕਦੈ ਚੰਗਾ-ਚੋਖਾ'। ਇਹੋ ਆਵਾਜ਼ ਨਿਕਲ ਰਹੀ ਹੈ, ਅੱਜ ਦੀ ਨੌਜਵਾਨ ਪੀੜ੍ਹੀ ਦੇ ਮਨਾਂ 'ਚੋਂ। ਗੱਲ ਭਾਵੇਂ ਪੂਰੇ ਭਾਰਤ ਦੇਸ਼ ਦੀ ਹੋਵੇ ਜਾਂ ਫਿਰ ਭਾਰਤ ਦੇ ਸੂਬਿਆਂ ਦੀ, ਜਿੱਥੇ ਨਜ਼ਰ ਮਾਰੋ, ਜ਼ਿਆਦਾਤਰ ਨੌਜਵਾਨ ਡਿਗਰੀਆਂ ਚੁੱਕੀ ਵਿਹਲੇ ਹੀ ਘੁੰਮ ਰਹੇ ਹੋਣਗੇ, ਜਿਸਦਾ ਇਕੋ-ਇਕ ਕਾਰਨ ਇਹ ਹੈ ਕਿ ਵੋਟਾਂ ਲੈਣ ਲਈ ਨੌਜਵਾਨਾਂ ਨੂੰ ਤਰ੍ਹਾਂ-ਤਰ੍ਹਾਂ ਦੇ ਸਬਜ਼ਬਾਗ ਦਿਖਾਉਣ ਵਾਲੇ ਲੀਡਰਾਂ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦਾ ਕੋਈ ਮੌਕਾ ਪ੍ਰਦਾਨ ਨਾ ਕਰਕੇ ਬੇਰੋਜ਼ਗਾਰੀ ਵੱਲ ਧੱਕ ਦਿੱਤਾ ਗਿਆ ਹੈ। ਸੋ ਅੱਜ ਦੇ ਸਮੇਂ 'ਚ ਪੜ੍ਹੇ-ਲਿਖੇ ਨੌਜਵਾਨ ਕੋਈ ਨੌਕਰੀ ਨਾ ਮਿਲਣ ਕਾਰਨ ਨਿਰਾਸ਼ਾ ਦੇ ਆਲਮ ਵਿਚੋਂ ਗੁਜ਼ਰ ਰਹੇ ਹਨ। ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਦੇ ਫੋਕੇ ਵਾਅਦਿਆਂ ਤੋਂ ਤੰਗ ਆ ਚੁੱਕੇ ਨੌਜਵਾਨਾਂ ਦਾ ਕਹਿਣਾ ਹੈ ਕਿ ਸਰਕਾਰਾਂ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਦੇ ਰਹੀਆਂ, ਜਿਸ ਕਾਰਨ ਜਿੱਥੇ ਜ਼ਿਆਦਾਤਰ ਨੌਜਵਾਨ ਨਸ਼ਿਆਂ ਦੀ ਗ੍ਰਿਫਤ 'ਚ ਫਸੇ ਹੋਏ ਹਨ, ਉਥੇ ਦੂਜੇ ਪਾਸੇ ਆਪਣੇ ਪੁੱਤਰਾਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਮਾਪਿਆਂ ਵੱਲੋਂ ਲੱਖਾਂ ਰੁਪਏ ਕਰਜ਼ੇ ਚੁੱਕ ਕੇ ਵਿਦੇਸ਼ਾਂ 'ਚ ਭੇਜਿਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਦੇ ਪੁੱਤਰ ਕਮਾਈ ਕਰ ਸਕਣ ਅਤੇ ਉਨ੍ਹਾਂ ਦੀ ਕੀਤੀ ਪੜ੍ਹਾਈ ਕਿਸੇ ਲੇਖੇ ਲੱਗ ਸਕੇ। ਨੌਜਵਾਨਾਂ ਦਾ ਕਹਿਣਾ ਹੈ ਕਿ ਸੂਬੇ 'ਚ ਨੌਕਰੀਆਂ ਘੱਟ, ਬਲਕਿ ਨਸ਼ਾ ਵਾਧੂ ਮਿਲਦੈ। ਇਸੇ ਕਰਕੇ ਬੇਰੋਜ਼ਗਾਰੀ ਤੋਂ ਤੰਗ ਆ ਚੁੱਕੇ ਨੌਜਵਾਨ ਮਾਨਸਿਕ ਪੱਖੋਂ ਕਮਜ਼ੋਰ ਹੁੰਦੇ ਹੋਏ ਨਸ਼ਿਆਂ 'ਚ ਫਸਦੇ ਜਾ ਰਹੇ ਹਨ ਜੋ ਕਿ ਸੂਬੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਜੇਕਰ ਸੂਬੇ ਦੇ ਕਿਸੇ ਵੀ ਸਰਕਾਰੀ ਅਦਾਰੇ ਵੱਲ ਝਾਤੀ ਮਾਰੀ ਜਾਵੇ ਤਾਂ ਜ਼ਿਆਦਾਤਰ ਸਰਕਾਰੀ ਅਦਾਰਿਆਂ 'ਚ ਵਾਧੂ ਪੋਸਟਾਂ ਖਾਲੀ ਪਈਆਂ ਹਨ ਅਤੇ ਇਕ ਹੀ ਮੁਲਾਜ਼ਮ ਦੋ-ਦੋ ਮੁਲਾਜ਼ਮਾਂ ਦਾ ਇਕੱਠਾ ਕੰਮ ਕਰ ਰਹੇ ਹਨ। ਇਹ ਸਭ ਦੇਖ ਕੇ ਸੂਬੇ ਦੇ ਨੌਜਵਾਨ ਇਹੋ ਸੋਚ ਰਹੇ ਹਨ ਕਿ ਵੋਟਾਂ ਲੈਣ ਲਈ ਵਾਅਦੇ ਕਰਨ ਵਾਲੇ ਮੰਤਰੀ ਆਖਿਰ ਸਰਕਾਰੀ ਅਸਾਮੀਆਂ ਭਰਨ ਨੂੰ ਕੋਈ ਤਰਜੀਹ ਕਿਉਂ ਨਹੀਂ ਦੇ ਰਹੇ? ਕਈ ਨੌਜਵਾਨਾਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਵੱਲੋਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਮੌਕੇ ਨਾ ਦੇਣ ਕਾਰਨ ਉਨ੍ਹਾਂ ਦੀ ਉਮਰ ਵੀ ਲੰਘਦੀ ਜਾ ਰਹੀ ਹੈ ਅਤੇ ਸਰਕਾਰੀ ਨੌਕਰੀਆਂ ਦੀ ਤਲਾਸ਼ 'ਚ ਬੈਠੇ ਨੌਜਵਾਨ ਆਪਣੀ ਕਿਸਮਤ ਨੂੰ ਕੋਸ ਰਹੇ ਹਨ। ਇਸ ਸਮੇਂ ਸੂਬੇ 'ਚ ਬੇਰੋਜ਼ਗਾਰੀ ਹੱਦਾਂ-ਬੰਨੇ ਟੱਪ ਚੁੱਕੀ ਹੈ।
ਆਪਣਾ ਅਤੇ ਪਰਿਵਾਰ ਦਾ ਪੇਟ ਭਰਨ ਲਈ ਕਈ ਨੌਜਵਾਨ ਅਪਰਾਧ ਦੀ ਦਲਦਲ 'ਚ ਧਸਦੇ ਜਾ ਰਹੇ ਹਨ ਅਤੇ ਇਹ ਸਭ ਦੇਖ ਕੇ ਪੰਜਾਬ ਦਾ ਸੁਨਹਿਰਾ ਭਵਿੱਖ ਪਲੀਤ ਹੁੰਦਾ ਨਜ਼ਰ ਆ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰਾਂ ਸੂਬਿਆਂ 'ਚ ਹੀ ਨੌਜਵਾਨਾਂ ਨੂੰ ਨੌਕਰੀਆਂ ਦੇ ਮੌਕੇ ਪ੍ਰਦਾਨ ਕਰਨ ਤਾਂ ਨੌਜਵਾਨਾਂ ਨੂੰ ਵਿਦੇਸ਼ਾਂ 'ਚ ਜਾ ਕੇ ਕਮਾਉਣ ਦੀ ਲੋੜ ਨਹੀਂ ਪਵੇਗੀ ਅਤੇ ਨਾ ਹੀ ਨੌਜਵਾਨ ਨਸ਼ਿਆਂ 'ਚ ਆਪਣੀ ਜ਼ਿੰਦਗੀ ਬਰਬਾਦ ਕਰਨਗੇ। ਲੋਕਾਂ ਨੇ ਮੰਗ ਕੀਤੀ ਹੈ ਕਿ ਦੇਸ਼ ਦਾ ਭਵਿੱਖ ਨੌਜਵਾਨ ਪੀੜ੍ਹੀ ਨੂੰ ਬਰਬਾਦ ਹੋਣ ਤੋਂ ਬਚਾਉਣ ਲਈ ਸਰਕਾਰਾਂ ਨੌਕਰੀਆਂ ਦੇ ਮੌਕੇ ਪ੍ਰਦਾਨ ਕਰਨ, ਤਾਂ ਜੋ ਨੌਜਵਾਨਾਂ ਦੀ ਮਿਹਨਤ ਨਾਲ ਕੀਤੀ ਪੜ੍ਹਾਈ ਦਾ ਮੁੱਲ ਪੈ ਸਕੇ।
ਗੌਂਡਰ ਦਾ ਪਾਕਿ ਲਿੰਕ ਭਾਲ ਰਹੀ ਪੰਜਾਬ ਪੁਲਸ
NEXT STORY