ਬਠਿੰਡਾ(ਸੁਖਵਿੰਦਰ)-ਨਸ਼ੇ ਦੀ ਓਵਰਡੋਜ਼ ਕਾਰਨ ਬਠਿੰਡਾ ਵਿਚ 2 ਨੌਜਵਾਨਾਂ ਦੀ ਹਾਲਤ ਗੰਭੀਰ ਹੋ ਗਈ ਹੈ। ਦੋਵਾਂ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ, ਜਿਥੇ ਇਕ ਦੀ ਹਾਲਤ ਅਤਿ ਗੰਭੀਰ ਹੋਣ ਕਾਰਨ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ, ਜਦਕਿ ਦੂਜੇ ਦਾ ਇਲਾਜ ਚੱਲ ਰਿਹਾ ਹੈ ਤੇ ਉਹ ਨੌਜਵਾਨ ਵੀ ਅਜੇ ਹੋਸ਼ ਵਿਚ ਨਹੀਂ ਹੈ। ਜਾਣਕਾਰੀ ਅਨੁਸਾਰ ਪਿੰਡ ਲੇਲੇਵਾਲਾ ਵਾਸੀ ਸਤਪਾਲ ਸਿੰਘ (28) ਪੁੱਤਰ ਧਰਮ ਸਿੰਘ ਪਿਛਲੇ ਕੁਝ ਸਮੇਂ ਤੋਂ ਮੈਡੀਕਲ ਨਸ਼ਾ ਕਰ ਰਿਹਾ ਸੀ। ਪਰਿਵਾਰਕ ਮੈਂਬਰਾਂ ਵੱਲੋਂ ਉਸ ਦਾ ਇਲਾਜ ਵੀ ਕਰਵਾਇਆ ਜਾ ਰਿਹਾ ਸੀ। ਬੀਤੀ ਰਾਤ ਉਸ ਨੇ ਇਕ ਵਾਰ ’ਚ 20 ਨਸ਼ੇ ਵਾਲੀਅਾਂ ਗੋਲੀਆਂ ਖਾ ਲਈਆਂ, ਜਿਸ ਨਾਲ ਉਸ ਦੀ ਹਾਲਤ ਗੰਭੀਰ ਹੋ ਗਈ। ਪਰਿਵਾਰਕ ਮੈਂਬਰ ਉਸ ਨੂੰ ਤਲਵੰਡੀ ਸਾਬੋ ਸਿਵਲ ਹਸਪਤਾਲ ਲੈ ਗਏ, ਜਿਥੇ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ। ਬਠਿੰਡਾ ਪਹੁੰਚਣ ’ਤੇ ਡਾਕਟਰਾਂ ਨੇ ਉਸ ਦੀ ਜਾਂਚ ਤੋਂ ਬਾਅਦ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਭੇਜ ਦਿੱਤਾ। ਇਕ ਹੋਰ ਨਸ਼ੇ ’ਚ ਧੁੱਤ ਨੌਜਵਾਨ ਬਾਬਾ ਦੀਪ ਸਿੰਘ ਨਗਰ ਡਿੱਗਿਆ ਪਿਆ ਮਿਲਿਆ, ਜਿਸ ਨੂੰ ਸਹਾਰਾ ਜਨਸੇਵਾ ਦੇ ਵਰਕਰਾਂ ਨੇ ਸਿਵਲ ਹਸਪਤਾਲ ਪਹੁੰਚਾਇਆ। ਸਹਾਰਾ ਦੇ ਬੁਲਾਰੇ ਟੇਕ ਚੰਦ ਨੇ ਦੱਸਿਆ ਕਿ ਉਕਤ ਨੌਜਵਾਨ ਕਰੀਬ ਸਾਢੇ 3 ਵਜੇ ਨਸ਼ੇ ਵਿਚ ਧੁੱਤ ਹੋ ਕੇ ਬਾਬਾ ਦੀਪ ਸਿੰਘ ਨਗਰ ਦੀ ਗਲੀ ਨੰ. 10 ਵਿਚ ਕਿਸੇ ਘਰ ਦਾਖਲ ਹੋ ਗਿਆ ਸੀ ਤੇ ਉਥੇ ਹੀ ਡਿੱਗ ਗਿਆ। ਪਰਿਵਾਰਕ ਮੈਂਬਰਾਂ ਨੂੰ ਇਸਦਾ ਪਤਾ ਲੱਗਣ ’ਤੇ ਉਨ੍ਹਾਂ ਨੇ ਸਹਾਰਾ ਜਨਸੇਵਾ ਨੂੰ ਇਸਦੀ ਸੂਚਨਾ ਦਿੱਤੀ। ਸਹਾਰਾ ਵਰਕਰਾਂ ਨੇ ਮੌਕੇ ’ਤੇ ਪਹੁੰਚ ਕੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ। ਨੌਜਵਾਨ ਪੂਰੀ ਤਰ੍ਹਾਂ ਬੇਸੁੱਧ ਹੋਣ ਕਾਰਨ ਉਸ ਦੀ ਅਜੇ ਤਕ ਪਛਾਣ ਨਹੀਂ ਹੋ ਸਕੀ। ਪੁਲਸ ਉਸ ਦੇ ਪਰਿਵਾਰਕ ਮੈਂਬਰਾਂ ਦੀ ਤਲਾਸ਼ ਕਰ ਰਹੀ ਹੈ
ਜਾਨਲੇਵਾ ਹਮਲਾ ਕਰ ਕੇ ਕੀਤੇ ਹਵਾਈ ਫਾਇਰ
NEXT STORY