ਚੰਡੀਗੜ੍ਹ (ਪਾਲ/ਸ਼ੀਨਾ) : ਪੀ. ਜੀ. ਆਈ. ਨੇ ਇਕ ਵਾਰ ਫਿਰ ਅੰਗਦਾਨ ਦੇ ਖੇਤਰ ’ਚ ਆਪਣੀ ਉੱਤਮਤਾ ਸਾਬਤ ਕੀਤੀ ਹੈ। ਲਗਾਤਾਰ ਦੂਜੇ ਸਾਲ ਸਰਵੋਤਮ ਰੋਟੋ (ਖੇਤਰੀ ਅੰਗ ਤੇ ਟਿਸ਼ੂ ਟ੍ਰਾਂਸਪਲਾਂਟ ਸੰਗਠਨ) ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ, ਜੋ ਤੀਜੀ ਵਾਰ ਮਿਲਿਆ ਹੈ। ਇਸ ਤੋਂ ਪਹਿਲਾਂ 2019 ਤੇ 2024 ’ਚ ਐਵਾਰਡ ਮਿਲ ਚੁੱਕਾ ਹੈ। 15ਵੇਂ ਭਾਰਤੀ ਅੰਗਦਾਨ ਦਿਵਸ ’ਤੇ ਇਹ ਪੁਰਸਕਾਰ ਡਾ. ਭੀਮ ਰਾਓ ਅੰਬੇਡਕਰ ਅੰਤਰਰਾਸ਼ਟਰੀ ਕੇਂਦਰ ਨਵੀਂ ਦਿੱਲੀ ਵਿਖੇ ਹੋਏ ਸਮਾਰੋਹ ’ਚ ਪ੍ਰਦਾਨ ਕੀਤਾ ਗਿਆ।
ਪ੍ਰੋਗਰਾਮ ਰਾਸ਼ਟਰੀ ਅੰਗ ਤੇ ਟਿਸ਼ੂ ਟਰਾਂਸਪਲਾਂਟ ਸੰਗਠਨ (ਨੋਟੋ) ਤਹਿਤ ਕਰਵਾਇਆ ਗਿਆ ਸੀ। ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਮੁੱਖ ਮਹਿਮਾਨ ਵਜੋਂ ਮੌਜੂਦ ਸਨ। ਉਨ੍ਹਾਂ ਨੇ ਦੇਸ਼ ’ਚ ਅੰਗਦਾਨ ਪ੍ਰਤੀ ਵੱਧ ਰਹੀ ਜਾਗਰੂਕਤਾ ਤੇ ਨੈਤਿਕ ਤੌਰ ’ਤੇ ਆਧਾਰਿਤ ਟਰਾਂਸਪਲਾਂਟ ਪ੍ਰਣਾਲੀ ਦੀ ਤਾਰੀਫ਼ ਕੀਤੀ। ਪੀ. ਜੀ. ਆਈ. ਤੋਂ ਡਿਪਟੀ ਡਾਇਰੈਕਟਰ ਪੰਕਜ ਰਾਏ, ਮੈਡੀਕਲ ਸੁਪਰੀਡੈਂਟ ਤੇ ਰੋਟੋ ਨੋਡਲ ਅਫ਼ਸਰ ਪ੍ਰੋਫੈਸਰ ਵਿਪਿਨ ਕੌਸ਼ਲ, ਆਈ.ਈ.ਸੀ. ਅਤੇ ਮੀਡੀਆ ਸਲਾਹਕਾਰ ਸਰਯੂ ਡੀ ਮਦਰਾ ਮੌਜੂਦ ਰਹੇ। ਇਸ ਤੋਂ ਇਲਾਵਾ ਦੇਸ਼ ਭਰ ਦੇ ਰਾਜ ਸਕੱਤਰ, ਮੁੱਖ ਸੰਸਥਾਵਾਂ ਦੇ ਮੁਖੀ, ਸਮਾਜਿਕ ਸੰਗਠਨ, ਐੱਨ. ਜੀ. ਓ. ਅਤੇ ਟਰਾਂਸਪਲਾਂਟ ਕੋ-ਆਰਡੀਨੇਟਰਾਂ ਨੇ ਹਿੱਸਾ ਲਿਆ।
ਕੇਂਦਰੀ ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨਿਵੇਦਿਤਾ ਗੁਪਤਾ, ਡਾ. ਸੁਨੀਤਾ ਗੌੜ (ਡੀ. ਜੀ. ਐੱਚ. ਐੱਸ.) ਤੇ ਸੰਯੁਕਤ ਸਕੱਤਰ ਵਿਵੇਕ ਨਹਿਰਾ ਮੌਜੂਦ ਸਨ।ਵਿਪਿਨ ਕੌਸ਼ਲ ਨੇ ਕਿਹਾ ਕਿ ਇਹ ਉਨ੍ਹਾਂ ਸਾਰੇ ਪਰਿਵਾਰਾਂ ਦੀ ਜਿੱਤ ਹੈ ਜਿਨ੍ਹਾਂ ਨੇ ਆਪਣੇ ਕਰੀਬੀਆਂ ਦੇ ਅੰਗਦਾਨ ਕਰ ਕੇ ਕਈ ਜ਼ਿੰਦਗੀਆਂ ਨੂੰ ਰੌਸ਼ਨੀ ਦਿੱਤੀ। ਡਿਪਟੀ ਡਾਇਰੈਕਟਰ ਪੰਕਜ ਰਾਏ ਨੇ ਕਿਹਾ, ਇਹ ਮਾਣ ਵਾਲਾ ਪਲ ਹੈ। ਚਾਹੁੰਦੇ ਹਾਂ ਕਿ ਮੁਹਿੰਮ ਨੂੰ ਵਿਦਿਆਰਥੀ ਵਲੰਟੀਅਰਾਂ ਰਾਹੀਂ ਹੋਰ ਫੈਲਾਇਆ ਜਾਵੇ। ਪ੍ਰੋਜੈਕਟ ਸਾਰਥੀ ਤਹਿਤ ਜਾਗਰੂਕਤਾ ਮੁਹਿੰਮਾਂ ਚਲਾ ਕੇ ਸਮਾਜ ’ਚ ਅੰਗਦਾਨ ਦੀ ਸੰਸਕ੍ਰਿਤੀ ਨੂੰ ਮਜ਼ਬੂਤ ਕੀਤਾ ਜਾਵੇਗਾ।
ਵੱਡੇ ਖ਼ਤਰੇ ਦੀ ਘੰਟੀ! ਡੁੱਬ ਚੱਲਿਆ ਪੰਜਾਬ ਦਾ ਇਹ ਪਿੰਡ, ਹੜ੍ਹ ਵਰਗੇ ਬਣੇ ਹਾਲਾਤ (ਵੀਡੀਓ)
NEXT STORY