ਹੁਸ਼ਿਆਰਪੁਰ— ਨਸ਼ੇ ਦੀ ਦਲ-ਦਲ 'ਚ ਹੁਣ ਸਿਰਫ ਮੁੰਡੇ ਹੀ ਨਹੀਂ ਸਗੋਂ ਕੁੜੀਆਂ ਵੀ ਫਸਦੀਆਂ ਜਾ ਰਹੀਆਂ ਹਨ। ਹੁਸ਼ਿਆਰਪੁਰ ਦੇ ਸਿਵਲ ਹਸਪਤਾਲ 'ਚ ਚੱਲ ਰਹੇ ਓ. ਐੱਸ. ਟੀ. ਸੈਂਟਰ 'ਚ ਕਰੀਬ 300 ਨੌਜਵਾਨ ਨਸ਼ਾ ਛੱਡਣ ਲਈ ਆਪਣਾ ਇਲਾਜ ਕਰਵਾ ਰਹੇ ਹਨ ਪਰ ਹੁਣ ਨਸ਼ੇ ਨਾਲ ਪੀੜਤ 11 ਲੜਕੀਆਂ ਵੀ ਇਥੇ ਇਲਾਜ ਕਰਵਾਉਣ ਆਈਆਂ ਹਨ। ਉਹ ਵੀ ਲੜਕਿਆਂ ਵਾਂਗ ਨਸ਼ਾ ਛੱਡਣ ਨੂੰ ਲੈ ਕੇ ਰੋਜ਼ਾਨਾ ਇਥੋਂ ਦਵਾਈ ਲੈ ਰਹੀਆਂ ਹਨ। ਇਨ੍ਹਾਂ 'ਚੋਂ ਕੁਝ ਕੁੜੀਆਂ ਵਿਆਹੁਤਾ ਹੋਣ ਦੇ ਬਾਵਜੂਦ ਨਸ਼ੇ ਦੀ ਦਲ-ਦਲ 'ਚ ਫਸੀਆਂ ਹਨ ਜਦਕਿ ਕੁਝ ਪ੍ਰੇਮੀਆਂ ਦੇ ਕਾਰਨ ਨਸ਼ੇ ਦੀ ਦਲ-ਦਲ 'ਚ ਫਸ ਚੁੱਕੀਆਂ ਹਨ। ਦਵਾਈ ਖਾਣ ਤੋਂ ਬਾਅਦ ਇਥੇ ਸਾਰਾ ਦਿਨ ਹਸਪਤਾਲ 'ਚ ਰੁਕਦੀਆਂ ਹਨ। ਇਨ੍ਹਾਂ ਨੂੰ ਦੇਖ ਕੇ ਲੋਕ ਵੀ ਪਰੇਸ਼ਾਨ ਹੋ ਜਾਂਦੇ ਹਨ। ਦੱਸਣਯੋਗ ਹੈ ਕਿ ਇਹ ਕੁੜੀਆਂ ਪਿਛਲੇ ਕੁਝ ਤਿੰਨ ਮਹੀਨਿਆਂ ਤੋਂ ਹੀ ਇਥੇ ਰਜਿਸਟਰਡ ਹੋਈਆਂ ਹਨ। ਇਨ੍ਹਾਂ ਕੁੜੀਆਂ ਦੇ ਮਾਮਲਿਆਂ 'ਚੋਂ 3 ਮਾਮਲੇ ਅਜਿਹੇ ਹਨ, ਜਿੱਥੇ ਇਨ੍ਹਾਂ ਦਾ ਪੇਕਾ ਪਰਿਵਾਰ, ਸਹੁਰਾ ਪਰਿਵਾਰ ਅਤੇ ਸਾਥੀ ਵੀ ਕੋਈ ਸਾਥ ਨਹੀਂ ਦੇ ਰਹੇ ਹਨ।

ਨਸ਼ੇ ਦਾ ਟੀਕਾ ਲਗਾਉਣ ਤੋਂ ਪਿਆ 'ਟੀਕੇ ਵਾਲੀ' ਨਾਮ
ਇਕ ਲੜਕੀ ਨੇ ਹੱਡਬੀਤੀ ਸੁਣਾਉਂਦੇ ਹੋਏ ਦੱਸਿਆ ਕਿ ਉਸ ਦੇ ਮਾਤਾ-ਪਿਤਾ ਨੇ ਜੋ ਕੁਝ ਉਹ ਪਾਉਣੀ ਚਾਹੁੰਦੀ ਸੀ, ਉਹ ਸਭ ਕੁਝ ਦਿੱਤਾ। ਪੜ੍ਹਾਈ ਦੌਰਾਨ ਉਸ ਦੇ ਪ੍ਰੇਮ ਸੰਬੰਧ ਇਕ ਨੌਜਵਾਨ ਨਾਲ ਬਣੇ। ਘਰ 'ਚ ਪਤਾ ਲੱਗਾ ਤਾਂ ਪਰਿਵਾਰ ਨੇ ਵਿਦੇਸ਼ੀ ਲੜਕੇ ਨਾਲ ਵਿਆਹ ਕਰ ਦਿੱਤਾ। ਉਸ ਨੇ ਦੱਸਿਆ ਕਿ ਪਤੀ ਜਦੋਂ ਵੀ ਸੰਬੰਧ ਬਣਾਉਂਦਾ ਸੀ ਤਾਂ ਉਹ ਪਹਿਲਾਂ ਖੁਦ ਨੂੰ ਕੋਈ ਨਸ਼ੀਲਾ ਟੀਕਾ ਲਗਾਉਂਦਾ ਸੀ। ਇਕ ਦਿਨ ਉਸ ਨੇ ਨਸ਼ੇ ਦਾ ਟੀਕਾ ਲਗਾ ਲਿਆ। ਕਰੀਬ 4 ਵਾਰ ਟੀਕਾ ਲਗਾਉਣ ਤੋਂ ਬਾਅਦ ਉਸ ਨੇ ਰੋਜ਼ਾਨਾ ਨਸ਼ੇ ਦਾ ਟੀਕਾ ਲਗਾਉਣਾ ਸ਼ੁਰੂ ਕਰ ਦਿੱਤਾ। 20 ਦਿਨਾਂ ਬਾਅਦ ਪਤੀ ਵਿਦੇਸ਼ ਚਲਾ ਗਿਆ। ਹੁਣ ਉਸ ਨੂੰ ਵਿਦੇਸ਼ ਗਏ 3 ਸਾਲ ਹੋ ਚੁੱਕੇ ਹਨ, ਉਹ ਵਾਪਸ ਨਹੀਂ ਆਇਆ ਪਰ ਉਸ ਨੂੰ ਰੋਜ਼ਾਨਾ ਟੀਕਾ ਲਗਾਉਣ ਦੀ ਆਦਤ ਪੈ ਗਈ। ਇਸੇ ਕਰਕੇ ਉਸ ਦਾ ਨਾਂ ਟੀਕੇ ਵਾਲੀ ਦੇ ਨਾਮ ਨਾਲ ਮਸ਼ਹੂਰ ਹੋ ਗਿਆ। ਉਸ ਨੇ ਦੱਸਿਆ ਕਿ ਹੁਣ ਉਸ ਦਾ ਕੋਈ ਵੀ ਨਹੀਂ ਹੈ। ਕਿਸੇ ਦੇ ਨਾਲ ਵੀ ਕੋਈ ਸੰਬੰਧ ਨਹੀਂ ਰਿਹਾ। ਉਸ ਨੇ ਦੱਸਿਆ ਕਿ ਨਸ਼ੇ ਦੇ ਨਾਂ 'ਤੇ ਉਹ ਬਦਨਾਮ ਹੋ ਗਈ ਅਤੇ ਇਸ ਨੂੰ ਹਮੇਸ਼ਾ ਲਈ ਛੱਡਣਾ ਚਾਹੁੰਦੀ ਹੈ। ਇਸੇ ਤਰ੍ਹਾਂ ਕਈਆਂ ਦੇ ਪ੍ਰੇਮੀ ਵੀ ਨਸ਼ੇ ਦੇ ਆਦੀ ਸਨ, ਜਿਨ੍ਹਾਂ ਨੇ ਕੁੜੀਆਂ ਨੂੰ ਨਸ਼ੇ ਦੀ ਦਲ-ਦਲ 'ਚ ਫਸਾ ਦਿੱਤਾ।
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਲੋਂ ਜ਼ਿਲਾ ਜਥੇਦਾਰਾਂ ਦੀ ਪਹਿਲੀ ਸੂਚੀ ਜਾਰੀ
NEXT STORY