ਅੰਮ੍ਰਿਤਸਰ (ਸੰਧੂ) : ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐੱਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬਾ ਰਈਆ ਨੇੜਲੇ ਪਿੰਡ ਹਸਨਪੁਰ ਦੇ 46 ਸਾਲਾ ਰਣਜੀਤ ਸਿੰਘ ਪੁੱਤਰ ਬੱਗਾ ਸਿੰਘ ਦਾ ਮ੍ਰਿਤਕ ਸਰੀਰ ਮੌਤ ਤੋਂ ਕਰੀਬ 56 ਦਿਨਾਂ ਬਾਅਦ ਅੱਜ ਸਵੇਰੇ ਤੜਕਸਾਰ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪਹੁੰਚਿਆ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਦੱਸਿਆ ਕਿ ਰਣਜੀਤ ਸਿੰਘ ਆਪਣੇ ਪਰਿਵਾਰ ਦੇ ਆਰਥਿਕ ਹਾਲਾਤ ਸੁਧਾਰਨ ਦੀ ਕੋਸ਼ਿਸ਼ ਲਈ ਕਰੀਬ 20 ਸਾਲ ਪਹਿਲਾਂ ਮਿਹਨਤ ਮਜ਼ਦੂਰੀ ਕਰਨ ਲਈ ਦੁਬਈ ਆਇਆ ਸੀ। ਉਨ੍ਹਾਂ ਦੱਸਿਆ ਕਿ ਅੱਜ ਤੋਂ ਕਰੀਬ ਇਕ ਸਾਲ ਪਹਿਲਾਂ ਦੁਬਈ ਅੰਦਰ ਅਚਾਨਕ ਰਣਜੀਤ ਦੀ ਸਿਹਤ ਵਿਗੜ ਗਈ ਸੀ, ਜਿਸ ਪਿੱਛੋਂ ਉਹ ਪੱਕੇ ਤੌਰ ’ਤੇ ਵਾਪਸ ਪੰਜਾਬ ਚਲਾ ਗਿਆ ਸੀ। ਪਰਿਵਾਰ ਦੇ ਦੱਸਣ ਮੁਤਾਬਿਕ ਉਸ ਨੇ ਪੰਜਾਬ ਅੰਦਰ ਲੰਮਾ ਸਮਾਂ ਹਸਪਤਾਲ ਰਹਿ ਕੇ ਆਪਣਾ ਇਲਾਜ ਕਰਵਾਇਆ ਸੀ ਅਤੇ ਇਲਾਜ ’ਤੇ ਹੋਏ ਖਰਚ ਕਾਰਨ ਇਕ ਵਾਰ ਮੁੜ ਰਣਜੀਤ ਦੇ ਪਰਿਵਾਰ ਦੇ ਆਰਥਿਕ ਹਾਲਾਤ ਵਿਗੜ ਗਏ ਸਨ। ਜਿਸ ਨੂੰ ਵੇਖਦਿਆਂ ਹੋਇਆਂ ਰਣਜੀਤ ਨੇ ਇਕ ਵਾਰ ਮੁੜ ਦੁਬਈ ਜਾਣ ਦਾ ਫ਼ੈਸਲਾ ਲਿਆ ਅਤੇ ਉਹ ਵਿਜ਼ਟਰ ਵੀਜ਼ੇ ’ਤੇ ਕੁਝ ਮਹੀਨੇ ਪਹਿਲਾਂ ਹੀ ਦੁਬਈ ਆ ਗਿਆ ਸੀ।
ਇਹ ਵੀ ਪੜ੍ਹੋ : ਦਿਨ ਚੜ੍ਹਦਿਆਂ ਮੁੱਲਾਂਪੁਰ ਦਾਖਾ ’ਚ ਵੱਡੀ ਵਾਰਦਾਤ, ਭਰਾ ਨੇ ਗੋਲ਼ੀਆਂ ਨਾਲ ਭੁੰਨੇ ਦੋ ਭਰਾ
ਉਨ੍ਹਾਂ ਦੱਸਿਆ ਕਿ ਉਸ ਨੇ ਦੁਬਈ ਅੰਦਰ ਆ ਕੇ ਕਾਫੀ ਭੱਜ ਦੌੜ ਕੀਤੀ ਪਰ ਕੋਰੋਨਾ ਮਹਾਮਾਰੀ ਕਾਰਨ ਪੈਦਾ ਹੋਏ ਹਾਲਾਤ ’ਚ ਉਸ ਨੂੰ ਕੋਈ ਪੱਕਾ ਕੰਮ ਨਹੀਂ ਮਿਲ ਸਕਿਆ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਹੀ ਉਸ ਦੀ ਮਾਤਾ ਦੀ ਵੀ ਮੌਤ ਹੋ ਗਈ, ਜਿਸ ਕਾਰਨ ਪਹਿਲਾਂ ਤੋਂ ਹੀ ਕੰਮ ਨਾ ਮਿਲਣ ਕਾਰਨ ਪ੍ਰੇਸ਼ਾਨ ਰਣਜੀਤ ਹੋਰ ਬੇਚੈਨ ਰਹਿਣ ਲੱਗਾ ਅਤੇ ਕੁਝ ਦਿਨਾਂ ਬਾਅਦ ਹੀ ਪ੍ਰੇਸ਼ਾਨੀ ਦੇ ਚਲਦਿਆਂ ਅਚਾਨਕ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਰਣਜੀਤ ਦੇ ਪਰਿਵਾਰ ਨੇ ਉਸ ਦੀ ਮੌਤ ਤੋਂ ਬਾਅਦ ਉਸਦਾ ਮ੍ਰਿਤਕ ਸਰੀਰ ਵਾਪਸ ਲੈ ਕੇ ਆਉਣ ਲਈ ਲੰਮਾ ਸਮਾਂ ਜੱਦੋ ਜਹਿਦ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ। ਜਿਸ ਉਪਰੰਤ ਪੀੜਤ ਪਰਿਵਾਰ ਨੇ ਕੁਝ ਦਿਨ ਪਹਿਲਾਂ ਉਨ੍ਹਾਂ ਨਾਲ ਸੰਪਰਕ ਕਰ ਕੇ ਆਪਣੀ ਬੇਵਸੀ ਦਾ ਹਵਾਲਾ ਦਿੰਦਿਆਂ ਮ੍ਰਿਤਕ ਦੇਹ ਭਾਰਤ ਪਹੁੰਚਾਉਣ ’ਚ ਸਹਿਯੋਗ ਕਰਨ ਲਈ ਕਿਹਾ ਸੀ। ਜਿਸ ਉਪਰੰਤ ਉਨ੍ਹਾਂ ਨੇ ਭਾਰਤੀ ਦੂਤਾਵਾਸ ਦੇ ਵਿਸ਼ੇਸ਼ ਸਹਿਯੋਗ ਸਦਕਾ ਆਪਣੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਦੀ ਦੇਖ-ਰੇਖ ’ਚ ਜਲਦ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਰਣਜੀਤ ਸਿੰਘ ਦੇ ਮ੍ਰਿਤਕ ਸਰੀਰ ਨੂੰ ਅੱਜ ਸਵੇਰੇ ਤੜਕਸਾਰ ਭਾਰਤ ਭੇਜ ਕੇ ਉਸ ਦੇ ਵਾਰਸਾਂ ਨੂੰ ਸੌੰਪ ਦਿੱਤਾ ਹੈ।
ਇਹ ਵੀ ਪੜ੍ਹੋ : ਮੁਕਤਸਰ ’ਚ ਗੁੰਡਾਗਰਦੀ ਦਾ ਨੰਗਾ ਨਾਚ, ਟਰੈਕਟਰ ਨਾਲ ਬੰਨ੍ਹ ਕੇ ਨੌਜਵਾਨ ਦੀ ਕੁੱਟਮਾਰ, ਬਣਾਈ ਵੀਡੀਓ
ਜ਼ਿਕਰਯੋਗ ਹੈ ਕਿ ਡਾ. ਓਬਰਾਏ ਦੇ ਯਤਨਾਂ ਸਦਕਾ ਹੁਣ ਤੱਕ 245 ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ। ਹਵਾਈ ਅੱਡੇ ਤੋਂ ਮ੍ਰਿਤਕ ਸਰੀਰ ਲੈਣ ਪਹੁੰਚੇ ਰਣਜੀਤ ਸਿੰਘ ਦੇ ਭਰਾ ਬਲਕਾਰ ਸਿੰਘ,ਸਰਵਣ ਸਿੰਘ,ਅਮਨਦੀਪ ਸਿੰਘ ਤੋਂ ਇਲਾਵਾ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਉਸਦੀ ਮ੍ਰਿਤਕ ਦੇਹ ਲੈ ਕੇ ਆਉਣ ਲਈ ਵੱਡਾ ਸਹਿਯੋਗ ਕਰਨ 'ਤੇ ਡਾ.ਐੱਸ.ਪੀ.ਸਿੰਘ ਓਬਰਾਏ ਦਾ ਤਹਿ ਦਿਲੋਂ ਸ਼ੁਕਰਾਨਾ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਤਾਂ ਆਸ ਲਾਹ ਦਿੱਤੀ ਸੀ ਕਿ ਰਣਜੀਤ ਸਿੰਘ ਦਾ ਮ੍ਰਿਤਕ ਸਰੀਰ ਹੁਣ ਭਾਰਤ ਆ ਸਕੇਗਾ ਪਰ ਸਾਡੇ ਲਈ ਰੱਬ ਬਣ ਬਹੁੜੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ.ਐੱਸ.ਪੀ.ਸਿੰਘ ਓਬਰਾਏ ਦੀ ਬਦੌਲਤ ਹੀ ਅੱਜ ਉਨ੍ਹਾਂ ਨੂੰ ਕਰੀਬ 2 ਮਹੀਨਿਆਂ ਬਾਅਦ ਰਣਜੀਤ ਸਿੰਘ ਦੇ ਅੰਤਿਮ ਦਰਸ਼ਨ ਨਸੀਬ ਹੋ ਸਕੇ ਹਨ।
ਇਹ ਵੀ ਪੜ੍ਹੋ : ਗਿੱਦੜਬਾਹਾ ’ਚ ਕਿਸਾਨਾਂ ਵੱਲੋ ਵਿਧਾਇਕ ਰਾਜਾ ਵੜਿੰਗ ਦਾ ਵਿਰੋਧ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਨੰਗਲ ਵਿਖੇ ਜੰਗਲ ’ਚ ਖੇਤੀ ’ਚ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਬਰਾਮਦ
NEXT STORY