ਜਲੰਧਰ, (ਜ.ਬ.)- ਨੇਪਾਲੀ ਪ੍ਰੇਮਿਕਾ ਤੋਂ ਤੰਗ ਆ ਕੇ 27 ਸਾਲਾ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਖਾ ਕੇ ਸੁਸਾਈਡ ਕਰ ਲਈ। ਦੋਵਾਂ ਦੀ ਦੋਸਤੀ ਫੇਸਬੁਕ 'ਤੇ ਹੋਈ ਸੀ, ਜਿਸ ਤੋਂ ਬਾਅਦ ਦੋਵਾਂ ਦਾ ਅਫੇਅਰ ਸ਼ੁਰੂ ਹੋ ਗਿਆ। ਖੁਦਕੁਸ਼ੀ ਕਰਨ ਵਾਲਾ ਮਨਦੀਪ ਸੋਢੀ ਪ੍ਰੇਮਿਕਾ ਨਾਲ ਚੰਡੀਗੜ੍ਹ, ਦਿੱਲੀ ਤੇ ਨੇਪਾਲ ਜਾ ਕੇ ਵੀ ਰਿਹਾ। ਮ੍ਰਿਤਕ ਨੌਜਵਾਨ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਕਿਸੇ ਕਾਰਨਾਂ ਕਾਰਨ ਪਰਿਵਾਰ ਵਾਲਿਆਂ ਨੇ ਉਸ ਨੂੰ ਬੇਦਖਲ ਕੀਤਾ ਹੋਇਆ ਸੀ।
ਥਾਣਾ 7 ਦੇ ਇੰਚਾਰਜ ਨਵੀਨ ਪਾਲ ਨੇ ਦੱਸਿਆ ਕਿ ਮਨਦੀਪ ਸੋਢੀ ਪੁੱਤਰ ਸੁਰਿੰਦਰ ਸੋਢੀ ਵਾਸੀ ਬੈਂਕ ਐਨਕਲੇਵ ਖੁਰਲਾ ਕਿੰਗਰਾ ਡਰਾਈਵਰੀ ਦਾ ਕੰਮ ਕਰਦਾ ਸੀ। ਕੁਝ ਸਮਾਂ ਪਹਿਲਾਂ ਉਸ ਦੀ ਦੋਸਤੀ ਮੂਲ ਤੌਰ 'ਤੇ ਬਿਹਾਰ ਦੀ ਰਹਿਣ ਵਾਲੀ ਮੁਸਕਾਨ ਨਾਲ ਹੋਈ। ਹੌਲੀ-ਹੌਲੀ ਦੋਵਾਂ ਵਿਚ ਅਫੇਅਰ ਚੱਲ ਪਿਆ। ਪਹਿਲਾਂ ਤਾਂ ਮਨਦੀਪ ਜਲੰਧਰ ਵਿਚ ਮੁਸਕਾਨ ਨਾਲ ਕਿਰਾਏ ਦੇ ਘਰ ਵਿਚ ਰਹਿਣ ਲੱਗਾ ਪਰ ਬਾਅਦ ਵਿਚ ਦੋਵੇਂ ਚੰਡੀਗੜ੍ਹ ਚਲੇ ਗਏ। ਚੰਡੀਗੜ੍ਹ ਵਿਚ ਮੁਸਕਾਨ ਨਾਲ ਮਨਦੀਪ ਦਾ ਝਗੜਾ ਹੋਇਆ ਤੇ ਦੋਵੇਂ ਦਿੱਲੀ ਜਾ ਕੇ ਰਹਿਣ ਲੱਗੇ। ਦਿੱਲੀ ਤੋਂ ਬਾਅਦ ਦੋਵੇਂ ਨੇਪਾਲ ਚਲੇ ਗਏ। ਨੇਪਾਲ ਵਿਚ ਵੀ ਦੋਵਾਂ ਦਰਮਿਆਨ ਝਗੜਾ ਹੋਣਾ ਸ਼ੁਰੂ ਹੋ ਗਿਆ ਤੇ ਇਸ ਦੌਰਾਨ ਮੁਸਕਾਨ ਨੇ ਮਨਦੀਪ ਨੂੰ ਕੇਸ ਦਰਜ ਕਰਵਾਉਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਮੁਸਕਾਨ ਦੀਆਂ ਧਮਕੀਆਂ ਨਾਲ ਮਨਦੀਪ ਕਾਫੀ ਡਰਿਆ-ਡਰਿਆ ਰਹਿਣ ਲੱਗਾ ਤੇ 13 ਅਪ੍ਰੈਲ ਨੂੰ ਉਹ ਆਪਣੇ ਮਾਤਾ-ਪਿਤਾ ਦੇ ਘਰ ਆ ਕੇ ਰਹਿਣ ਲੱਗਾ।
ਦੱਸਿਆ ਜਾ ਰਿਹਾ ਹੈ ਕਿ ਘਰ ਆਉਣ ਤੋਂ ਬਾਅਦ ਮੁਸਕਾਨ ਨੇ ਦੁਬਾਰਾ ਮਨਦੀਪ ਨੂੰ ਫੋਨ 'ਤੇ ਧਮਕਾਇਆ ਤੇ 14 ਅਪ੍ਰੈਲ ਨੂੰ ਮਨਦੀਪ ਨੇ ਜ਼ਹਿਰੀਲਾ ਪਦਾਰਥ ਖਾ ਲਿਆ। ਮਨਦੀਪ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਪਰ ਉਥੇ ਵੀਰਵਾਰ ਨੂੰ ਸਵੇਰੇ ਉਸ ਦੀ ਮੌਤ ਹੋ ਗਈ। ਇੰਸਪੈਕਟਰ ਨਵੀਨ ਪਾਲ ਨੇ ਦੱਸਿਆ ਕਿ ਮਨਦੀਪ ਦੇ ਪਿਤਾ ਸੁਰਿੰਦਰ ਨੇ ਮੁਸਕਾਨ 'ਤੇ ਸੁਸਾਈਡ ਲਈ ਉਕਸਾਉਣ ਦਾ ਦੋਸ਼ ਲਾਇਆ ਹੈ, ਜਿਸ ਕਾਰਨ ਮੁਸਕਾਨ 'ਤੇ ਆਈ. ਪੀ. ਸੀ. ਦੀ ਧਾਰਾ 306 ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਫਿਲਹਾਲ ਉਸ ਦੀ ਗ੍ਰਿਫਤਾਰੀ ਨਹੀਂ ਹੋ ਸਕੀ। ਪੁਲਸ ਨੇ ਮਨਦੀਪ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ ਹੈ।
ਮੁੱਲਾਂਪੁਰ ਫਲਾਈਓਵਰ 2 ਥਾਵਾਂ ਤੋਂ ਧੱਸਿਆ
NEXT STORY