ਜਲੰਧਰ, (ਸ਼ੋਰੀ)- ਭਾਵੇਂ ਪੰਜਾਬ ਸਰਕਾਰ 100 ਦਿਨ ਪੂਰੇ ਹੋਣ 'ਤੇ ਵਿਕਾਸ ਦੇ ਦਾਅਵੇ ਕਰ ਰਹੀ ਹੈ ਪਰ ਸਰਕਾਰ ਨੂੰ ਸਿਵਲ ਹਸਪਤਾਲ ਜਲੰਧਰ ਦੇ ਵਿਕਾਸ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਸਿਵਲ ਹਸਪਤਾਲ ਦੇ ਹਾਲਾਤ ਇੰਨੇ ਮਾੜੇ ਹਨ ਕਿ ਵੈਂਟੀਲੇਟਰ ਨਾ ਹੋਣ ਕਾਰਨ ਨਵ-ਜਨਮੇ ਬੱਚਿਆਂ ਦੀਆਂ ਮੌਤਾਂ ਹੋ ਰਹੀਆਂ ਹਨ। ਹਸਪਤਾਲ ਵਿਚ ਲੋੜ ਮੁਤਾਬਕ ਸਟਾਫ ਵੀ ਨਹੀਂ ਹੈ। ਹੈਰਾਨੀ ਵਾਲੀ ਗੱਲ ਹੈ ਕਿ ਹਸਪਤਾਲ ਵਿਚ ਸਿਰਫ ਇਕ ਹੀ ਬੱਚਿਆਂ ਦਾ ਡਾਕਟਰ ਹੈ, ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਡਿਊਟੀ ਕਰਦਿਆਂ ਦੇਖਿਆ ਜਾ ਸਕਦਾ ਹੈ।
ਅਜਿਹੇ ਹੀ ਮਾਮਲੇ ਵਿਚ ਕਿਸ਼ਨਪੁਰਾ ਵਾਸੀ ਔਰਤ ਦੀ ਬੱਚੀ ਦੀ ਬੀਤੀ ਰਾਤ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕਿਸ਼ਨਪੁਰਾ ਵਾਸੀ ਸੋਨੀਆ ਪਤਨੀ ਸੌਰਵ ਨੂੰ ਗਰਭਵਤੀ ਹਾਲਤ ਵਿਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਦੇਰ ਰਾਤ ਜਦੋਂ ਸੋਨੀਆ ਦਾ ਦਰਦ ਵਧ ਗਿਆ ਤਾਂ ਉਸ ਨੂੰ ਆਪ੍ਰੇਸ਼ਨ ਥੀਏਟਰ ਵਿਚ ਲਿਜਾਇਆ ਗਿਆ। ਡਾਕਟਰਾਂ ਨੇ ਉਸ ਦਾ ਆਪ੍ਰੇਸ਼ਨ ਕੀਤਾ ਤੇ ਸੋਨੀਆ ਨੇ ਇਕ ਬੇਟੀ ਨੂੰ ਜਨਮ ਦਿੱਤਾ ਪਰ ਬੱਚੀ ਦੀ ਹਾਲਤ ਗੰਭੀਰ ਸੀ। ਗਾਇਨੀ ਦੀ ਡਾਕਟਰ ਵਲੋਂ ਕਾਲ ਕਰਨ 'ਤੇ ਡਾ. ਵਜਿੰਦਰ ਸਿੰਘ ਤੁਰੰਤ ਪਹੁੰਚੇ। ਬੱਚੀ ਦੀ ਹਾਲਤ ਜ਼ਿਆਦਾ ਖਰਾਬ ਸੀ ਤੇ ਉਸ ਨੂੰ ਸਾਹ ਲੈਣ ਵਿਚ ਮੁਸ਼ਕਿਲ ਹੋ ਰਹੀ ਸੀ। ਡਾਕਟਰ ਨੇ ਕਾਫੀ ਦੇਰ ਤੱਕ ਬੱਚੀ ਨੂੰ ਪੰਪ ਦੀ ਮਦਦ ਨਾਲ ਆਕਸੀਜਨ ਦਿੱਤੀ ਤੇ ਬਾਅਦ ਵਿਚ ਦੂਸਰੇ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ। ਜਿਵੇਂ ਹੀ ਪਰਿਵਾਰ ਵਾਲੇ ਬੱਚੀ ਨੂੰ ਪ੍ਰਾਈਵੇਟ ਹਸਪਤਾਲ ਲੈ ਕੇ ਪਹੁੰਚੇ ਤਾਂ ਉਥੇ ਕੁਝ ਹੀ ਦੇਰ ਬਾਅਦ ਬੱਚੀ ਦੀ ਮੌਤ ਹੋ ਗਈ। ਸੋਨੀਆ ਦਾ ਵਿਆਹ ਕਰੀਬ 4 ਸਾਲ ਪਹਿਲਾਂ ਹੋਇਆ ਸੀ ਤੇ ਪਹਿਲੇ ਬੱਚੇ ਦੀ ਵੀ ਕੁੱਖ ਵਿਚ ਹੀ ਮੌਤ ਹੋ ਗਈ ਸੀ।
ਵੱਖ-ਵੱਖ ਕੇਸਾਂ 'ਚ ਲੋੜੀਂਦਾ ਭਗੌੜਾ ਕਾਬੂ
NEXT STORY