ਬਠਿੰਡਾ, (ਬਲਵਿੰਦਰ)- ਸਥਾਨਕ ਇਕ ਸਕੂਲ ਦੀ ਨਾਬਾਲਗ ਵਿਦਿਆਰਥਣ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ 'ਚ ਪੁਲਸ ਨੇ ਪ੍ਰਿੰਸੀਪਲ ਅਤੇ 2 ਮਹਿਲਾ ਅਧਿਆਪਕਾਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ ਪਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋ ਸਕੀ।
ਕੀ ਸੀ ਮਾਮਲਾ
25 ਅਕਤੂਬਰ 2017 ਨੂੰ ਇਕ ਵਿਦਿਆਰਥਣ ਰਮਨਦੀਪ ਕੌਰ ਗੰਭੀਰ ਰੂਪ 'ਚ ਜ਼ਖਮੀ ਹਾਲਤ 'ਚ ਸਕੂਲ ਨੇੜਲੇ ਸਰਕਾਰੀ ਕੁਆਰਟਰਾਂ ਕੋਲ ਮਿਲੀ ਸੀ, ਜਿਸ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ ਗਿਆ। ਹਾਲਤ ਗੰਭੀਰ ਹੋਣ ਕਾਰਨ ਮਾਪੇ ਉਸ ਨੂੰ ਪੀ. ਜੀ. ਆਈ. ਹਸਪਤਾਲ ਚੰਡੀਗੜ੍ਹ ਵਿਖੇ ਲੈ ਗਏ, ਜਿਥੇ 7 ਨਵੰਬਰ ਨੂੰ ਉਸ ਦੀ ਮੌਤ ਹੋ ਗਈ। ਉਸ ਤੋਂ ਬਾਅਦ ਮਾਪਿਆਂ ਨੂੰ 11 ਨਵੰਬਰ ਨੂੰ ਆਪਣੀ ਲਾਡਲੀ ਦੇ ਬੈਗ 'ਚੋਂ ਇਕ ਸੁਸਾਈਡ ਨੋਟ ਮਿਲਿਆ, ਜਿਸ 'ਚ ਉਸ ਨੇ ਪ੍ਰਿੰਸੀਪਲ ਅਤੇ 2 ਮਹਿਲਾ ਅਧਿਆਪਕਾਂ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਕਰਾਰ ਦਿੱਤਾ ਸੀ। ਰਮਨਦੀਪ ਕੌਰ ਦੇ ਪਿਤਾ ਅਮਰਜੀਤ ਸਿੰਘ ਵਾਸੀ ਬਠਿੰਡਾ ਨੇ ਥਾਣਾ ਸਿਵਲ ਲਾਈਨ ਬਠਿੰਡਾ ਵਿਖੇ ਸ਼ਿਕਾਇਤ ਦਰਜ ਕਰਵਾਈ ਅਤੇ ਸੁਸਾਈਡ ਨੋਟ ਵੀ ਪੁਲਸ ਨੂੰ ਸੌਂਪਿਆ।
ਦੋਸ਼ੀ ਨਿਕਲੇ ਤਾਂ ਮੁਲਜ਼ਮਾਂ ਦਾ ਜੇਲ ਜਾਣਾ ਤੈਅ-ਐੱਸ. ਐੱਸ. ਪੀ.
ਐੱਸ. ਐੱਸ. ਪੀ. ਨਵੀਨ ਸਿੰਗਲਾ ਨੇ ਦੱਸਿਆ ਕਿ ਸੁਸਾਈਡ ਨੋਟ ਅਤੇ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਪ੍ਰਿੰਸੀਪਲ ਅਤੇ ਦੋਵਾਂ ਅਧਿਆਪਕਾਵਾਂ ਵਿਰੁੱਧ ਧਾਰਾ 305, 34 ਆਈ. ਪੀ. ਸੀ. ਤਹਿਤ ਮੁਕੱਦਮ ਦਰਜ ਕੀਤਾ ਗਿਆ ਹੈ। ਇਹ ਮਾਮਲਾ ਕਾਫੀ ਪੇਚੀਦਾ ਹੈ, ਇਸ ਲਈ ਇਸ ਦੀ ਡੂੰਘਾਈ ਨਾਲ ਪੜਤਾਲ ਕਰਨ ਦੀ ਲੋੜ ਹੈ ਕਿਉਂਕਿ ਖੁਦਕੁਸ਼ੀ ਕਰਨ ਵਾਲੀ ਬੱਚੀ ਬਹੁਤ ਛੋਟੀ ਸੀ ਪਰ ਉਸ ਦੀ ਜਾਨ ਚਲੀ ਗਈ। ਇਸ ਦੇ ਪਿੱਛੇ ਵੀ ਕੋਈ ਖਾਸ ਕਾਰਨ ਹੈ। ਜੇਕਰ ਸੱਚਮੁੱਚ ਉਸ ਬੱਚੀ ਨੂੰ ਕਿਸੇ ਨੇ ਥੋੜ੍ਹਾ ਜਿਹਾ ਵੀ ਪ੍ਰੇਸ਼ਾਨ ਕੀਤਾ ਹੋਇਆ ਸਾਬਤ ਹੋਇਆ ਤਾਂ ਸਬੰਧਤ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਮੁਲਜ਼ਮ ਦੋਸ਼ੀ ਪਾਏ ਜਾਂਦੇ ਹਨ ਤਾਂ ਇਨ੍ਹਾਂ ਦਾ ਜੇਲ ਜਾਣਾ ਤੈਅ ਹੈ।
ਚੋਰਾਂ ਨੇ ਤਿੰਨ ਦੁਕਾਨਾਂ 'ਤੇ ਕੀਤਾ ਹੱਥ ਸਾਫ਼
NEXT STORY