ਅੰਮ੍ਰਿਤਸਰ, (ਦਲਜੀਤ ਸ਼ਰਮਾ)- ਸਰਕਾਰੀ ਈ. ਐੱਸ. ਆਈ. ਹਸਪਤਾਲ 'ਚ ਹੁਣ ਬਾਹਰੀ ਮਰੀਜ਼ਾਂ ਨੂੰ ਇਲਾਜ ਦੀ ਸੁਵਿਧਾ ਨਹੀਂ ਮਿਲੇਗੀ। ਵਿਭਾਗ ਨੇ ਈ. ਐੱਸ. ਆਈ. ਕਾਰਡਧਾਰਕਾਂ ਦੀਆਂ ਪ੍ਰਭਾਵਿਤ ਹੋ ਰਹੀਆਂ ਸਿਹਤ ਸਹੂਲਤਾਂ ਨੂੰ ਮੱਦੇਨਜ਼ਰ ਰੱਖਦਿਆਂ ਬਾਹਰੀ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ 'ਤੇ ਮੁਕੰਮਲ ਪਾਬੰਦੀ ਲਾ ਦਿੱਤੀ ਹੈ। ਵਿਭਾਗ ਦੇ ਫੈਸਲੇ ਨਾਲ ਬਾਹਰੀ ਮਰੀਜ਼ਾਂ ਨੂੰ ਸੀਨੀਅਰ ਡਾਕਟਰਾਂ ਪਾਸੋਂ ਮਿਲ ਰਹੀਆਂ ਸੁਵਿਧਾਵਾਂ 'ਤੇ ਰੋਕ ਲੱਗ ਜਾਵੇਗੀ। ਉਥੇ ਹੀ ਹਸਪਤਾਲ ਪ੍ਰਸ਼ਾਸਨ ਨੂੰ ਵੀ ਯੂਜ਼ਿਸ ਚਾਰਜਿਜ਼ 'ਤੇ ਹੋਣ ਵਾਲੀ ਕਮਾਈ ਬੰਦ ਹੋ ਜਾਵੇਗੀ।
ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵੱਲੋਂ ਅੰਮ੍ਰਿਤਸਰ ਦੇ ਸਰਕਾਰੀ ਈ. ਐੱਸ. ਆਈ. ਹਸਪਤਾਲ ਵਿਚ ਪਿਛਲੇ ਕੁਝ ਸਮੇਂ ਤੋਂ ਬਿਨਾਂ ਈ. ਐੱਸ. ਆਈ. ਕਾਰਡਧਾਰਕਾਂ ਨੂੰ ਵੀ ਸਿਹਤ ਸਹੂਲਤਾਂ ਦਾ ਲਾਭ ਦਿੱਤਾ ਜਾ ਰਿਹਾ ਸੀ। ਬਾਹਰੀ ਮਰੀਜ਼ਾਂ ਨੂੰ ਹਸਪਤਾਲ ਪ੍ਰਸ਼ਾਸਨ ਦੇ ਇਸ ਫੈਸਲੇ ਨਾਲ ਕਾਫੀ ਲਾਭ ਹੋ ਰਿਹਾ ਸੀ ਤੇ ਹਸਪਤਾਲ ਦਾ ਯੂਜ਼ਿਸ ਚਾਰਜਿਜ਼ ਵੀ ਵੱਧ ਗਿਆ ਸੀ। ਸਰਕਾਰੀ ਈ. ਐੱਸ. ਆਈ. ਵਿਭਾਗ ਦੇ ਡਾਇਰੈਕਟਰ ਨੇ ਹਸਪਤਾਲ ਪ੍ਰਸ਼ਾਸਨ ਨੂੰ ਜ਼ੁਬਾਨੀ ਹੁਕਮ ਦਿੰਦਿਆਂ ਹੁਣ ਬਾਹਰੀ ਮਰੀਜ਼ਾਂ ਦੇ ਇਲਾਜ ਕਰਨ 'ਤੇ ਹਸਪਤਾਲ 'ਚ ਪਾਬੰਦੀ ਲਾ ਦਿੱਤੀ ਹੈ।
ਦੱਸਿਆ ਜਾਂਦਾ ਹੈ ਕਿ ਪੰਜਾਬ ਦੇ ਸਿਰਫ ਅੰਮ੍ਰਿਤਸਰ ਦੇ ਈ. ਐੱਸ. ਆਈ. ਹਸਪਤਾਲ 'ਚ ਹੀ ਇਹ ਯੋਜਨਾ ਚੱਲ ਰਹੀ ਸੀ। ਡਾਇਰੈਕਟਰ ਦੇ ਧਿਆਨ ਵਿਚ ਆਇਆ ਸੀ ਕਿ ਬਾਹਰੀ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਦਾ ਲਾਭ ਦੇਣ ਨਾਲ ਈ. ਐੱਸ. ਆਈ. ਕਾਰਡਧਾਰਕਾਂ ਨੂੰ ਵਿਸ਼ੇਸ਼ ਲਾਭ ਨਹੀਂ ਮਿਲ ਰਿਹਾ। ਡਾਇਰੈਕਟਰ ਨੇ ਹੁਣ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹਸਪਤਾਲ 'ਚ ਕਾਰਡਧਾਰਕਾਂ ਦਾ ਇਲਾਜ ਕਰਨਾ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ।
ਕਾਰਡਧਾਰਕਾਂ ਕਾਰਨ ਹੀ ਹੋਂਦ 'ਚ ਆਏ ਸਨ ਹਸਪਤਾਲ : ਗੈਰ-ਸਰਕਾਰੀ ਵਿਭਾਗਾਂ 'ਚ ਕੰਮ ਕਰਦੇ ਮੁਲਾਜ਼ਮਾਂ ਦਾ ਈ. ਐੱਸ. ਆਈ. ਫੰਡ ਸਰਕਾਰੀ ਖਜ਼ਾਨੇ 'ਚ ਜਮ੍ਹਾ ਹੋਣ ਕਰ ਕੇ ਭਾਰਤ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸਰਕਾਰੀ ਈ. ਐੱਸ. ਆਈ. ਹਸਪਤਾਲ ਖੋਲ੍ਹੇ ਗਏ ਸਨ। ਪਹਿਲਾਂ ਇਨ੍ਹਾਂ ਹਸਪਤਾਲਾਂ 'ਚ ਸਿਰਫ ਈ. ਐੱਸ. ਆਈ. ਕਾਰਡਧਾਰਕਾਂ ਦੇ ਹੀ ਇਲਾਜ ਹੁੰਦੇ ਸਨ ਪਰ ਪਿਛਲੇ ਕੁਝ ਸਮੇਂ ਤੋਂ ਬਾਹਰੀ ਮਰੀਜ਼ਾਂ ਦੇ ਵੀ ਇਥੇ ਇਲਾਜ ਕੀਤੇ ਜਾ ਰਹੇ ਸਨ।
ਬਾਹਰੀ ਮਰੀਜ਼ਾਂ ਨਾਲ ਯੂਜ਼ਿਸ ਚਾਰਜਿਜ਼ 'ਤੇ ਵੀ ਪਿਆ ਸੀ ਅਸਰ : ਸਰਕਾਰੀ ਈ. ਐੱਸ. ਆਈ. ਹਸਪਤਾਲ 'ਚ ਬਾਹਰੀ ਮਰੀਜ਼ਾਂ 'ਤੇ ਈ. ਐੱਸ. ਆਈ. ਕਾਰਡਧਾਰਕਾਂ ਨਾਲ ਰੋਜ਼ਾਨਾ ਦੀ ਓ. ਪੀ. ਡੀ. 400 ਦੇ ਕਰੀਬ ਪਹੁੰਚ ਗਈ ਸੀ। ਇਨ੍ਹਾਂ 'ਚ 100 ਕਾਰਡਧਾਰਕ ਤੇ 300 ਦੇ ਕਰੀਬ ਬਾਹਰੀ ਮਰੀਜ਼ ਸ਼ਾਮਲ ਸਨ। ਓ. ਪੀ. ਡੀ. ਨਾਲ ਯੂਜ਼ਿਸ ਚਾਰਜਿਜ਼ ਹਜ਼ਾਰਾਂ 'ਚ ਪੁੱਜ ਗਈ ਸੀ, ਜਦਕਿ ਕਾਰਡਧਾਰਕਾਂ ਦਾ ਇਲਾਜ ਹਸਪਤਾਲ 'ਚ ਮੁਫਤ ਕੀਤਾ ਜਾ ਰਿਹਾ ਸੀ।
ਸੀਨੀਅਰ ਡਾਕਟਰਾਂ ਤੋਂ ਨਹੀਂ ਕਰਵਾ ਸਕਣਗੇ ਮਰੀਜ਼ ਇਲਾਜ : ਸਰਕਾਰੀ ਈ. ਐੱਸ. ਆਈ. ਹਸਪਤਾਲ ਵਿਚ ਐੱਸ. ਐੱਮ. ਓ. ਪੱਧਰ ਦੇ ਡਾਕਟਰ ਓ. ਪੀ. ਡੀ. ਕਰਦੇ ਹਨ, ਜਦਕਿ ਸਿਹਤ ਵਿਭਾਗ ਦੇ ਬਾਕੀ ਹਸਪਤਾਲਾਂ 'ਚ ਸਬੰਧਤ ਬੀਮਾਰੀ ਦੇ ਡਾਕਟਰ ਹੀ ਓ. ਪੀ. ਡੀ. ਕਰਦੇ ਹਨ। ਸੀਨੀਅਰ ਡਾਕਟਰ ਹੋਣ ਕਰ ਕੇ ਬਾਕੀ ਹਸਪਤਾਲਾਂ ਦੇ ਮੁਕਾਬਲੇ ਈ. ਐੱਸ. ਆਈ. ਹਸਪਤਾਲ 'ਚ ਓ. ਪੀ. ਡੀ. ਦੀ ਸੰਖਿਆ ਇਕਦਮ ਵੱਧ ਗਈ ਸੀ ਪਰ ਹੁਣ ਵਿਭਾਗ ਦੇ ਫੈਸਲੇ ਨਾਲ ਬਾਹਰੀ ਮਰੀਜ਼ਾਂ ਨੂੰ ਇਲਾਜ ਦੀ ਸੁਵਿਧਾ ਨਹੀਂ ਮਿਲੇਗੀ।
ਸਰਕਾਰੀ ਹਸਪਤਾਲਾਂ ਦੇ ਕੰਮਾਂ 'ਤੇ ਪਵੇਗਾ ਅਸਰ : ਈ. ਐੱਸ. ਆਈ. ਹਸਪਤਾਲ 'ਚ ਬਾਹਰੀ ਮਰੀਜ਼ਾਂ ਦੇ ਇਲਾਜ 'ਤੇ ਪਾਬੰਦੀ ਲਾਉਣ ਨਾਲ ਗੁਰੂ ਨਾਨਕ ਦੇਵ ਹਸਪਤਾਲ, ਬੇਬੇ ਨਾਨਕੀ ਮਦਰ ਐਂਡ ਚਾਈਲਡ ਕੇਅਰ ਸੈਂਟਰ, ਸਿਵਲ ਹਸਪਤਾਲ ਆਦਿ ਸਰਕਾਰੀ ਹਸਪਤਾਲ ਦਾ ਕੰਮ ਵਧੇਗਾ। ਪਹਿਲਾਂ ਉਕਤ ਹਸਪਤਾਲਾਂ ਦੇ ਮਰੀਜ਼ ਈ. ਐੱਸ. ਆਈ. ਹਸਪਤਾਲ 'ਚ ਇਲਾਜ ਲਈ ਆ ਰਹੇ ਸਨ।
ਅਕਾਲੀ ਦਲ ਦੀਆਂ ਪੋਲ ਖੋਲ੍ਹ ਰੈਲੀਆਂ ਨੇ ਕੀਤੀ ਕਾਂਗਰਸ ਦੀ ਨੀਂਦ ਹਰਾਮ : ਧੁੱਗਾ
NEXT STORY