ਅੰਮ੍ਰਿਤਸਰ (ਦਲਜੀਤ) - ਸਿੱਖਿਆ ਵਿਭਾਗ ਦੀਆਂ ਮਨਮਰਜ਼ੀਆਂ ਤੋਂ ਪੰਜਾਬ ਭਰ ਦੇ ਮਾਨਤਾ ਪ੍ਰਾਪਤ ਤੇ ਐਸੋਸੀਏਸਟ ਸਕੂਲ ਦੁਖੀ ਹਨ। ਰਾਜ ਭਰ ਦੇ 4000 ਸਕੂਲਾਂ ਵੱਲੋਂ ਵਿਭਾਗ ਦੀਆਂ ਆਪਹੁਦਰੀਆਂ ਖਿਲਾਫ ਸਕੂਲਾਂ ਨੂੰ ਤਾਲੇ ਲਗਾ ਕੇ ਚਾਬੀਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪਣ ਦਾ ਫੈਸਲਾ ਲਿਆ ਹੈ।
ਮਾਨਤਾ ਪ੍ਰਾਪਤ ਅਤੇ ਐਸੋਸੀਏਸਟ ਸਕੂਲਜ਼ ਐਸੋਸੀਏਸ਼ਨ (ਰਾਸਾ) ਦੇ ਸੂਬਾਈ ਜਨਰਲ ਸਕੱਤਰ ਪੰ. ਕੁਲਵੰਤ ਰਾਏ ਸ਼ਰਮਾ ਨੇ ਦੱਸਿਆ ਕਿ ਵਿਭਾਗ ਵੱਲੋਂ ਸਮੇਂ ਸਮੇਂ 'ਤੇ ਪ੍ਰਾਈਵੇਟ ਸਕੂਲਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਵਿਭਾਗ ਨੇ ਅੱਜ ਤਕ ਸਕੂਲਾਂ ਨੂੰ ਕੋਈ ਗ੍ਰਾਂਟ ਤਾਂ ਦਿੱਤੀ ਨਹੀਂ ਹੈ ਬਲਕਿ ਉੱਪਰੋਂ ਬੇਲੋੜੇ ਹੁਕਮ ਜਾਰੀ ਕੀਤੇ ਜਾ ਰਹੇ ਹਨ। ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਨ ਵਾਲੇ ਬੱਚਿਆਂ ਦੇ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ ਜਦਕਿ ਰਾਜ ਦੇ 52 ਪ੍ਰਤੀਸ਼ਤ ਵਿਦਿਆਰਥੀ ਪ੍ਰਾਈਵੇਟ ਸਕੂਲਾਂ 'ਚ ਪੜ੍ਹ ਰਹੇ ਹਨ ਅਤੇ 48 ਪ੍ਰਤੀਸ਼ਤ ਸਰਕਾਰੀ ਸਕੂਲਾਂ 'ਚ ਸਿੱਖਿਆ ਹਾਸਲ ਕਰ ਰਹੇ ਹਨ। ਵਿਭਾਗ ਨੇ ਅੱਜਕਲ ਸਕੂਲਾਂ ਨੂੰ ਹੁਕਮ ਦਿੰਦਿਆਂ ਫੀਸਾਂ, ਸਟਾਫ, ਵਿਦਿਆਰਥੀਆਂ ਦੀ ਗਿਣਤੀ ਆਦਿ ਦਾ ਡਾਟਾ ਲੈਣ ਲਈ ਪੱਤਰ ਜਾਰੀ ਕੀਤੇ ਹਨ ਅਤੇ ਜੋ ਸਕੂਲ ਪੱਤਰ ਅਨੁਸਾਰ ਜਵਾਬ ਨਹੀਂ ਦੇ ਰਹੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ।
ਸ਼ਰਮਾ ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਦੇ ਅਨੁਸਾਰ ਜਿਹੜੀ ਸੰਸਥਾ ਸਰਕਾਰ ਪਾਸੋਂ ਮਾਲੀ ਸਹਾਇਤਾ ਪ੍ਰਾਪਤ ਨਹੀਂ ਕਰਦੀ ਉਸ ਵਿਚ ਸਰਕਾਰ ਸਿੱਧੇ ਤੌਰ 'ਤੇ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦੀ। ਪੰਜਾਬ ਦਾ ਸਿੱਖਿਆ ਵਿਭਾਗ ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੂੰ ਵੀ ਅਣਡਿੱਠ ਕਰਦੇ ਹੋਏ ਆਪਹੁਦਰੀ ਕਰ ਰਿਹਾ ਹੈ। ਸਿੱਖਿਆ ਮੰਤਰੀ ਅਰੁਣਾ ਚੌਧਰੀ ਤੋਂ ਰਾਸਾ ਦੇ ਸਕੂਲਾਂ ਨੂੰ ਕਾਫੀ ਉਮੀਦਾਂ ਸਨ ਕਿ ਉਹ ਸਕੂਲਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨਗੇ ਪਰ ਉਨ੍ਹਾਂ ਵੱਲੋਂ ਵੀ ਅਕਾਲੀ ਸਰਕਾਰ ਦੇ ਮੰਤਰੀ ਵਾਂਗ ਸਕੂਲਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਪੰਜਾਬ ਦੇ ਸਕੂਲ ਮੁਖੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸ਼ਰਮਾ ਨੇ ਕਿਹਾ ਕਿ ਪੰਜਾਬ ਦੇ 4000 ਸਕੂਲਾਂ 'ਚ ਸੂਬੇ ਦਾ 30 ਲੱਖ ਵਿਦਿਆਰਥੀ ਸਿੱਖਿਆ ਹਾਸਲ ਕਰ ਰਿਹਾ ਹੈ ਜਦਕਿ ਡੇਢ ਲੱਖ ਸਟਾਫ ਸੇਵਾਵਾਂ ਦੇ ਰਿਹਾ ਹੈ। ਉਕਤ ਸਕੂਲ ਵਿਦਿਆਰਥੀਆਂ ਨੂੰ ਘੱਟ ਫੀਸ ਲੈਂਦੇ ਹੋਏ ਵਧੀਆ ਪੜ੍ਹਾਈ ਦਾ ਮਾਹੌਲ ਦੇ ਰਹੇ ਹਨ ਫਿਰ ਵੀ ਉਕਤ ਸਕੂਲਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਰਾਸਾ ਨੇ ਫੈਸਲਾ ਲਿਆ ਹੈ ਕਿ ਵਿਭਾਗ ਦੀਆਂ ਮਨਮਰਜ਼ੀਆਂ ਦੇ ਖਿਲਾਫ 4000 ਸਕੂਲ ਮੁਖੀ ਸਕੂਲਾਂ ਨੂੰ ਤਾਲੇ ਲਗਾ ਕੇ ਮੁੱਖ ਮੰਤਰੀ ਨੂੰ ਚਾਬੀਆਂ ਸੌਂਪਣਗੇ।
ਸ਼ਹਿਰ 'ਚ ਭੂੰਡ ਆਸ਼ਕਾਂ ਤੇ ਮੋਟਰਸਾਈਕਲ ਮੁੰਡੀਰ ਨੇ ਮਚਾਈ ਅੱਤ
NEXT STORY