ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਮਹਿਕਮੇ ਨੇ ਪੈਨਸ਼ਨਾਂ ਬਾਰੇ ਵਾਰ-ਵਾਰ ਫਾਰਮ ਭਰਨ ਦੀਆਂ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਨ ਵਾਸਤੇ ਇਸ ਪ੍ਰਕਿਰਿਆ ਨੂੰ ਸੁਖਾਲਾ ਬਣਾ ਦਿੱਤਾ ਅਤੇ ਮਹਿਕਮੇ ਦੇ ਸੇਵਾ ਮੁਕਤ ਮੁਲਾਜ਼ਮਾਂ ਦੇ ਪੈਨਸ਼ਨ ਕੇਸਾਂ ਸਬੰਧੀ ਈ-ਪੰਜਾਬ ਪੋਰਟਲ 'ਤੇ ਇੱਕ ਆਨਲਾਈਨ ਸਾਫਟਵੇਅਰ ਤਿਆਰ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਇੱਥੇ ਸਕੂਲ ਸਿੱਖਿਆ ਮਹਿਕਮੇ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਪੈਨਸ਼ਨਰਾਂ ਸਬੰਧੀ ਸੂਚਨਾ ਵੱਖ-ਵੱਖ ਪ੍ਰਫਾਰਮਿਆਂ 'ਚ ਭਰ ਕੇ ਮੁੱਖ ਦਫ਼ਤਰ ਨੂੰ ਭੇਜੀ ਜਾਂਦੀ ਹੈ, ਜਿਸ ਨਾਲ ਡੀ. ਡੀ. ਓਜ਼ ਦਾ ਬਹੁਤ ਸਮਾਂ ਖਰਾਬ ਹੁੰਦਾ ਹੈ।
ਇਸ ਪਰੇਸ਼ਾਨੀ ਤੋਂ ਬਚਣ ਹੁਣ ਮਹਿਕਮੇ ਵੱਲੋਂ ਇੱਕ ਆਨਲਾਈਨ ਸਾਫਟਵੇਅਰ ਤਿਆਰ ਕੀਤਾ ਗਿਆ ਹੈ, ਜਿਸ ਦੀ ਮਦਦ ਨਾਲ ਇਹ ਜਾਣਕਾਰੀ ਸਬੰਧਿਤ ਸਕੂਲ ਮੁਖੀ ਵੱਲੋਂ ਆਪਣੇ ਪੱਧਰ ’ਤੇ ਹੀ ਇੱਕ ਵਾਰ ਭਰੀ ਜਾ ਸਕਦੀ ਹੈ। ਇਸ ਪੋਰਟਲ ਦੇ ਬਨਣ ਨਾਲ ਸਕੂਲ ਮੁਖੀਆਂ/ਦਫ਼ਤਰਾਂ ਨੂੰ ਵਾਰ-ਵਾਰ ਪੈਨਸ਼ਨ ਸਬੰਧੀ ਸੂਚਨਾ ਦੀਆਂ ਹਾਰਡ ਕਾਪੀਆਂ ਮੁੱਖ ਦਫ਼ਤਰ ਨੂੰ ਨਹੀਂ ਭੇਜਣੀਆਂ ਪੈਣਗੀਆਂ।
ਬੁਲਾਰੇ ਅਨੁਸਾਰ ਡੀ. ਡੀ. ਓਜ਼, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤੀ ਕੀਤੀ ਗਈ ਹੈ ਕਿ ਉਹ ਇਸ ਸਿਸਟਮ ਨੂੰ ਆਪਣੇ-ਆਪਣੇ ਸਕੂਲ ਜਾਂ ਦਫ਼ਤਰ ਦੇ ਈ. ਪੰਜਾਬ ਪੋਰਟਲ ’ਤੇ ਲਾਗ ਇਨ ਆਈ. ਡੀ. 'ਚ ਜਾ ਕੇ ਪੈਨਸ਼ਨ ਕੇਸਾਂ/ਪੈਨਸ਼ਨਰਾਂ ਦਾ ਡਾਟਾ ਈ. ਪੰਜਾਬ ਪੋਰਟਲ ’ਤੇ ਸਮੇਂ ਸਿਰ ਅਪਲੋਡ ਕਰਨ ਨੂੰ ਯਕੀਨੀ ਬਨਾਉਣ। ਸਮੇਂ ਸਿਰ ਡਾਟਾ ਅਪਲੋਡ ਕਰਨ ਦੀ ਜ਼ਿੰਮੇਵਾਰੀ ਸਬੰਧਿਤ ਸਿੱਖਿਆ ਅਫ਼ਸਰ/ਡੀ.ਡੀ.ਓ ਦੀ ਹੋਵੇਗੀ। ਬੁਲਾਰੇ ਅਨੁਸਾਰ ਪੈਨਸ਼ਨ ਕੇਸਾਂ/ਪੈਨਸ਼ਨਰਾਂ ਦੇ ਡਾਟਾ ਦੇ ਸਬੰਧ 'ਚ ਕੋਈ ਵੀ ਅਧਿਕਾਰੀ/ਕਰਮਚਾਰੀ ਸੂਚਨਾ ਲੈ ਕੇ ਮੁੱਖ ਦਫ਼ਤਰ ਵਿਖੇ ਪੇਸ਼ ਨਹੀਂ ਹੇਵੇਗਾ।
ਕੇਂਦਰ ਤੇ ਕਿਸਾਨ ਜਥੇਬੰਦੀਆਂ ਦੀ ਬੇਸਿੱਟਾ ਰਹੀ ਮੀਟਿੰਗ 'ਤੇ ਸੁਖਬੀਰ ਬਾਦਲ ਦਾ ਵੱਡਾ ਬਿਆਨ
NEXT STORY