ਜਲੰਧਰ (ਸੁਮਿਤ)— ਜਦੋਂ ਤੱਕ ਪੰਜਾਬ 'ਚ ਸਰਕਾਰੀ ਸਕੂਲਾਂ 'ਚ ਫਾਈਨਲ ਪੇਪਰ ਨਹੀਂ ਹੋ ਜਾਂਦੇ ਤਦ ਤੱਕ ਕਿਸੇ ਵੀ ਅਧਿਆਪਕ ਕੋਲੋਂ ਕੋਈ ਵੀ ਨਾਨ-ਟੀਚਿੰਗ ਕੰਮ ਨਾ ਕਰਵਾਇਆ ਜਾਵੇ। ਇਹ ਨਿਰਦੇਸ਼ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਜਲੰਧਰ 'ਚ ਇਕ ਮੀਟਿੰਗ ਦੌਰਾਨ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋ ਮਹੀਨਿਆਂ ਵਿਚ ਅਧਿਆਪਕ ਸਿਰਫ ਪੜ੍ਹਾਈ ਦਾ ਕੰਮ ਹੀ ਕਰਨਗੇ ਅਤੇ ਇਨ੍ਹਾਂ ਹੁਕਮਾਂ ਨੂੰ ਪੂਰੇ ਪੰਜਾਬ 'ਚ ਸਖਤੀ ਨਾਲ ਲਾਗੂ ਕੀਤਾ ਜਾਵੇ।
ਜਾਣਕਾਰੀ ਮੁਤਾਬਕ ਇਕ ਦਿਨ ਪਹਿਲਾਂ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵੀ ਇਕ ਚਿੱਠੀ ਜਾਰੀ ਕਰਕੇ ਅਧਿਆਪਕਾਂ ਨੂੰ ਕਿਸੇ ਕੰਮ 'ਚ ਲਾਉਣ ਲਈ ਕਿਹਾ ਗਿਆ ਸੀ ਪਰ ਉਹ ਚਿੱਠੀ ਵੀ ਸਿੱਖਿਆ ਸਕੱਤਰ ਵੱਲੋਂ ਵਾਪਸ ਕਰਵਾ ਦਿੱਤੀ ਗਈ ਹੈ ਅਤੇ ਸਪੱਸ਼ਟ ਤੌਰ 'ਤੇ ਸਕੂਲ ਮੁਖੀਆਂ ਨੂੰ ਕਿਹਾ ਗਿਆ ਹੈ ਕਿ ਅਧਿਆਪਕ ਸਿਰਫ ਪੜ੍ਹਾਈ ਕਰਵਾਉਣਗੇ।
ਸਿੱਖਿਆ ਸਕੱਤਰ ਜਲੰਧਰ 'ਚ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ, ਹਾਈ ਸਕੂਲਾਂ ਦੇ ਮੁੱਖ ਅਧਿਆਪਕਾਂ ਅਤੇ ਸਕੂਲ ਇੰਚਾਰਜਾਂ ਨਾਲ ਅੰਕੜਾ ਵਿਸ਼ਲੇਸ਼ਣ ਸਬੰਧੀ ਮੀਟਿੰਗ ਕਰਨ ਪਹੁੰਚੇ ਹੋਏ ਸਨ। ਇਸ ਦੇ ਨਾਲ ਹੀ ਉਨ੍ਹਾਂ ਮਿਸ਼ਨ ਸੌ ਫੀਸਦੀ ਬਾਰੇ ਗੱਲ ਕਰਦਿਆਂ ਸਾਰੇ ਸਕੂਲ ਮੁਖੀਆਂ ਨੂੰ ਚੰਗੇ ਨਤੀਜਿਆਂ ਲਈ ਵਧਾਈ ਦੇਣ ਦੇ ਨਾਲ ਹੀ ਕਿਹਾ ਕਿ ਅਜੇ ਵੀ ਮੈਰਿਟ ਸੂਚੀ 'ਚ ਜਲੰਧਰ ਦਾ ਨਾਂ ਹੋਰ ਉੱਪਰ ਆਉਣਾ ਚਾਹੀਦਾ ਹੈ। ਇਸ ਲਈ ਕੁਝ ਹੋਰ ਮਿਹਨਤ ਕਰਨੀ ਪਵੇਗੀ।
ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਨਕਲ ਰੋਕਣ 'ਚ ਅਸੀਂ ਪੂਰੀ ਤਰ੍ਹਾਂ ਕਾਮਯਾਬ ਹੋ ਰਹੇ ਹਾਂ। ਇਸ ਦਾ ਅੰਦਾਜ਼ਾ ਹਾਲ ਹੀ ਵਿਚ ਪੀ-ਟੈੱਟ ਦੀ ਪ੍ਰੀਖਿਆ ਤੋਂ ਲਾਇਆ ਜਾ ਸਕਦਾ ਹੈ। ਇਸ ਦੇ ਬਾਵਜੂਦ ਫਾਈਨਲ ਪ੍ਰੀਖਿਆਵਾਂ ਵਿਚ ਵੀ ਸਾਨੂੰ ਚੌਕਸ ਰਹਿਣਾ ਪਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਸਕੂਲ ਦੀਆਂ ਪ੍ਰਾਪਤੀਆਂ ਹਨ, ਉਨ੍ਹਾਂ ਦਾ ਪ੍ਰਚਾਰ ਸਕੂਲ ਦੇ ਬਾਹਰ ਫਲੈਕਸ ਲਾ ਕੇ ਵੀ ਕੀਤਾ ਜਾਵੇ। ਮੀਟਿੰਗ ਤੋਂ ਪਹਿਲਾਂ ਉਨ੍ਹਾਂ ਸਰਕਾਰੀ ਕੰਨਿਆ ਸੀ. ਸੈਕੰ. ਸਕੂਲ ਸ਼ੰਕਰ, ਸਰਕਾਰੀ ਪ੍ਰਾਇਮਰੀ ਸਕੂਲ ਸ਼ੰਕਰ, ਸਰਕਾਰੀ ਸੀ. ਸੈ. ਸਕੂਲ ਲੋਹੀਆਂ ਖਾਸ, ਸਰਕਾਰੀ ਸੀ. ਸੈ. ਸਕੂਲ ਮਖੂ (ਫਿਰੋਜ਼ਪੁਰ) ਦਾ ਦੌਰਾ ਵੀ ਕੀਤਾ। ਇਸ ਮੌਕੇ ਡਾ. ਜਰਨੈਲ ਸਿੰੰਘ ਡਾਇਰੈਕਟਰ ਸਿਖਲਾਈ, ਜ਼ਿਲਾ ਸਿੱਖਿਆ ਅਧਿਕਾਰੀ ਹਰਿੰਦਰਪਾਲ ਸਿੰਘ, ਅਨਿਲ ਕੁਮਾਰ, ਗੁਰਪ੍ਰੀਤ ਕੌਰ ਡਿਪਟੀ ਡੀ. ਈ. ਓ., ਅਸ਼ੋਕ ਕੁਮਾਰ, ਜਸਵਿੰਦਰ ਸਿੰਘ, ਚੰਦਰ ਸ਼ੇਖਰ, ਨਿਰਮਲ ਕੌਰ ਸਟੇਟ ਕੋ-ਆਰਡੀਨੇਟਰ ਪੜ੍ਹੋ ਪੰਜਾਬ ਗਣਿਤ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਵਾਇਰਸ ਬਣਿਆ ਵੱਡਾ ਖਤਰਾ, ਅੰਮ੍ਰਿਤਸਰ ਹਵਾਈ ਅੱਡੇ 'ਤੇ ਅਲਰਟ
NEXT STORY