ਨਵੀਂ ਦਿੱਲੀ/ਚੰਡੀਗੜ੍ਹ (ਭਾਸ਼ਾ, ਹਰੀਸ਼ਚੰਦਰ) - ਚੋਣ ਕਮਿਸ਼ਨ ਨੇ ਸ਼ੁੱਕਰਵਾਰ ਗੈਰ-ਮਾਨਤਾ ਪ੍ਰਾਪਤ ਰਜਿਸਟਰਡ ਪਾਰਟੀਆਂ ਵਿਰੁੱਧ ਵੱਡੀ ਕਾਰਵਾਈ ਕੀਤੀ। ਕਮਿਸ਼ਨ ਨੇ ਅਜਿਹੀਆਂ 474 ਸਿਆਸੀ ਪਾਰਟੀਆਂ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਹੈ।
ਚੋਣ ਕਮਿਸ਼ਨ ਨੇ ਐਲਾਨ ਕੀਤਾ ਕਿ ਉਸ ਨੇ ਪਿਛਲੇ 6 ਸਾਲਾਂ ’ਚ ਚੋਣਾਂ ਨਾ ਲੜਨ ਸਮੇਤ ਵੱਖ-ਵੱਖ ਪੈਮਾਨਿਆਂ ਦੀ ਉਲੰਘਣਾ ਕਰਨ ਲਈ ਉਕਤ ਰਜਿਸਟਰਡ ਗੈਰ-ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਨੂੰ ਸੂਚੀ ’ਚੋਂ ਹਟਾ ਦਿੱਤਾ ਹੈ। ਇਸ ਸੂਚੀ ਵਿਚ ਪੰਜਾਬ ਦੀਆਂ 21 ਪਾਰਟੀਆਂ ਸ਼ਾਮਲ ਹਨ ਅਤੇ 11 ਹੋਰਨਾਂ ਨੂੰ ਸੂਚੀ ਵਿਚੋਂ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਇਸ ਤੋਂ ਪਹਿਲਾਂ ਅਗਸਤ ’ਚ ਚੋਣ ਕਮਿਸ਼ਨ ਨੇ ਵੱਡੀ ਕਾਰਵਾਈ ਕਰਦਿਆਂ 334 ਸਿਆਸੀ ਪਾਰਟੀਆਂ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਸੀ। ਲੋਕ ਪ੍ਰਤੀਨਿਧਤਾ ਐਕਟ, 1951 ਅਨੁਸਾਰ ਕਿਸੇ ਵੀ ਰਜਿਸਟਰਡ ਪਾਰਟੀ ਲਈ ਚੋਣ ਪ੍ਰਕਿਰਿਆ ’ਚ ਹਿੱਸਾ ਲੈਣਾ ਲਾਜ਼ਮੀ ਹੈ। ਜੇ ਉਹ ਲਗਾਤਾਰ 6 ਸਾਲ ਤੱਕ ਕੋਈ ਚੋਣ ਨਹੀਂ ਲੜਦੀ ਤਾਂ ਉਸ ਦੀ ਰਜਿਸਟ੍ਰੇਸ਼ਨ ਦੀ ਮਿਆਦ ਖਤਮ ਹੋ ਜਾਂਦੀ ਹੈ।
ਚੋਣ ਕਮਿਸ਼ਨ ਨੇ ਉਕਤ ਨਿਯਮ ਅਧੀਨ ਇਹ ਕਾਰਵਾਈ ਕੀਤੀ ਹੈ। ਇਸ ਤਰ੍ਹਾਂ ਅਗਸਤ ਤੋਂ ਹੁਣ ਤੱਕ 808 ਪਾਰਟੀਆਂ ਦੀ ਰਜਿਸਟ੍ਰੇਸ਼ਨ ਰੱਦ ਹੋ ਚੁੱਕੀ ਹੈ। ਇਕ ਰਜਿਸਟਰਡ ਸਿਆ ਸੀ ਪਾਰਟੀ ਨੂੰ ਟੈਕਸ ਛੋਟਾਂ ਸਮੇਤ ਕਈ ਰਿਆਇਤਾਂ ਮਿਲਦੀਆਂ ਹਨ।
ਅਜੇ ਉਨ੍ਹਾਂ ਪਾਰਟੀਆਂ ਵਿਰੁੱਧ ਕਾਰਵਾਈ ਕੀਤੀ ਗਈ ਹੈ ਜੋ ਪਿਛਲੇ 6 ਸਾਲਾਂ ਤੋਂ ਚੋਣਾਂ ਨਾ ਲੜਨ ਦੇ ਬਾਵਜੂਦ ਅਜਿਹੀਆਂ ਰਿਆਇਤਾਂ ਦਾ ਆਨੰਦ ਮਾਣ ਰਹੀਆਂ ਸਨ। ਇਸ ਤੋਂ ਇਲਾਵਾ 359 ਹੋਰ ਸਿਆਸੀ ਪਾਰਟੀਆਂ ਵੀ ਰਾਡਾਰ ’ਤੇ ਹਨ, ਜਿਨ੍ਹਾਂ ਨੇ ਪਿਛਲੇ 6 ਸਾਲਾਂ ਦੌਰਾਨ ਚੋਣਾਂ ਤਾਂ ਲੜੀਆਂ ਹਨ ਪਰ ਪਿਛਲੇ ਤਿੰਨ ਸਾਲਾਂ ਤੋਂ ਆਪਣੇ ਵਿੱਤੀ ਆਡਿਟ ਜਮ੍ਹਾ ਨਹੀਂ ਕਰਵਾਏ ਹਨ।
41 ਲੱਖ ਕਰਜ਼ਾ ਚੁੱਕ ਵਿਦੇਸ਼ ਭੇਜੀ ਨੂੰਹ, ਕੈਨੇਡਾ 'ਚ ਕੁੜੀ ਨੇ ਘਰਵਾਲੇ ਨੂੰ ਕਰਵਾ'ਤਾ ਗ੍ਰਿਫਤਾਰ
NEXT STORY