ਗੁਰਦਾਸਪੁਰ, (ਹਰਮਨਪ੍ਰੀਤ)— ਦੇਸ਼ ਭਰ ਅੰਦਰ ਔਰਤਾਂ ਨੂੰ ਮਰਦਾਂ ਦੇ ਬਰਾਬਰ ਸੰਵਿਧਾਨਿਕ ਅਧਿਕਾਰ ਦੇਣ ਤੇ ਸਮਾਜਕ ਬਰਾਬਰਤਾ ਦੇਣ ਸਬੰਧੀ ਕੀਤੇ ਜਾ ਰਹੇ ਯਤਨਾਂ ਤਹਿਤ ਜੇਕਰ ਆਜ਼ਾਦੀ ਦੇ ਬਾਅਦ ਹੁਣ ਤੱਕ ਹੋਈਆਂ ਵੱਖ-ਵੱਖ ਚੋਣਾਂ ਦੌਰਾਨ ਔਰਤਾਂ ਵੱਲੋਂ ਆਪਣੀ ਵੋਟ ਦੇ ਕੀਤੇ ਗਏ ਇਸਤੇਮਾਲ ਸਬੰਧੀ ਅੰਕੜਿਆਂ ਦੀ ਘੋਖ ਕੀਤੀ ਜਾਵੇ ਤਾਂ ਹੈਰਾਨੀਜਨਕ ਤੱਥ ਸਾਹਮਣੇ ਆਉਂਦੇ ਹਨ। ਇਸ ਤਹਿਤ ਜਿੱਥੇ ਕਈ ਸੂਬਿਆਂ 'ਚ ਔਰਤਾਂ ਨੇ ਵੋਟਿੰਗ ਦੇ ਮਾਮਲੇ 'ਚ ਮਰਦਾਂ ਨੂੰ ਪਛਾੜ ਦਿੱਤਾ ਹੈ, ਉਥੇ ਅਨੇਕਾਂ ਸੂਬੇ ਅਜਿਹੇ ਹਨ, ਜਿਨ੍ਹਾਂ 'ਚ ਅਜੇ ਵੀ ਔਰਤਾਂ ਮਰਦਾਂ ਦੇ ਮੁਕਾਬਲੇ ਵੋਟਾਂ ਪਾਉਣ ਸਬੰਧੀ ਜ਼ਿਆਦਾ ਦਿਲਚਸਪੀ ਨਹੀਂ ਦਿਖਾਉਂਦੀਆਂ। ਜੇਕਰ ਪੂਰੇ ਦੇਸ਼ ਦੀ ਸਾਂਝੀ ਤਸਵੀਰ 'ਤੇ ਝਾਤ ਮਾਰੀ ਜਾਵੇ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਔਰਤਾਂ ਤੇ ਮਰਦਾਂ ਦੀ ਵੋਟ ਫੀਸਦੀ ਦੇ ਅੰਕੜਿਆਂ 'ਚ ਔਰਤਾਂ ਦਾ ਗ੍ਰਾਫ ਲਗਾਤਾਰ ਉੱਚਾ ਜਾ ਰਿਹਾ ਹੈ।
- ਮਰਦਾਂ ਦੀ ਪੋਲਿੰਗ ਫੀਸਦੀ 'ਚ ਸਿਰਫ 4.9 ਫੀਸਦੀ ਵਾਧਾ
- ਔਰਤਾਂ ਦੀ ਪੋਲਿੰਗ ਫੀਸਦੀ 'ਚ ਹੋਇਆ 19 ਫੀਸਦੀ ਵਾਧਾ
- 1962 'ਚ ਲੋਕ ਸਭਾ ਚੋਣਾਂ ਦੌਰਾਨ ਔਰਤਾਂ ਤੇ ਮਰਦਾਂ ਦੀ ਪੋਲਿੰਗ 'ਚ ਫਰਕ ---15 ਫੀਸਦੀ
- 2014 ਦੀਆਂ ਲੋਕ ਸਭਾ ਚੋਣਾਂ 'ਚ ਔਰਤਾਂ ਤੇ ਮਰਦਾਂ ਦੀ ਪੋਲਿੰਗ 'ਚ ਫਰਕ----1.5 ਫੀਸਦੀ
- 1962 'ਚ 20 ਫੀਸਦੀ ਘੱਟ ਤੇ 2017 'ਚ 1 ਫੀਸਦੀ ਵਧ ਗਈ ਔਰਤਾਂ ਦੀ ਪੋਲਿੰਗ
ਜੇਕਰ ਹੁਣ ਤੋਂ 57 ਸਾਲ ਪਹਿਲਾਂ 1962 'ਚ ਹੋਈਆਂ ਅਸੈਂਬਲੀ ਚੋਣਾਂ ਦੀ ਗੱਲ ਕਰੀਏ ਤਾਂ ਉਸ ਮੌਕੇ ਔਰਤਾਂ ਦੀ ਪੋਲਿੰਗ ਮਰਦਾਂ ਦੇ ਮੁਕਾਬਲੇ 20 ਫੀਸਦੀ ਘਟ ਸੀ, ਕਿਉਂਕਿ ਉਸ ਮੌਕੇ ਮਰਦਾਂ ਦੀ ਪੋਲਿੰਗ 63 ਫੀਸਦੀ ਸੀ, ਜਦੋਂ ਕਿ ਔਰਤਾਂ ਦੀ ਪੋਲਿੰਗ 43 ਫੀਸਦੀ ਦਰਜ ਕੀਤੀ ਗਈ ਸੀ ਪਰ ਦੇਸ਼ ਅੰਦਰ 2017 ਤੇ 2018 ਦੌਰਾਨ ਹੋਈਆਂ ਚੋਣਾਂ 'ਚ ਮਰਦਾਂ ਨੇ 69 ਫੀਸਦੀ ਪੋਲਿੰਗ ਕੀਤੀ, ਜਦੋਂ ਕਿ ਔਰਤਾਂ ਦੀ ਪੋਲਿੰਗ ਮਰਦਾਂ ਨਾਲੋਂ ਵੀ 1 ਫੀਸਦੀ ਵਧ ਕੇ 70 ਫੀਸਦੀ ਤੱਕ ਪਹੁੰਚ ਗਈ। ਇਸ ਮਾਮਲੇ 'ਚ ਹੈਰਾਨੀਜਨਕ ਗੱਲ ਇਹ ਦੇਖਣ ਨੂੰ ਮਿਲੀ ਕਿ 57 ਸਾਲ ਪਹਿਲਾਂ ਦੇ ਮੁਕਾਬਲੇ ਪਿਛਲੇ ਸਾਲ ਹੋਈਆਂ ਚੋਣਾਂ 'ਚ ਔਰਤਾਂ ਦੀ ਪੋਲਿੰਗ ਫੀਸਦੀ ਤਾਂ 27 ਫੀਸਦੀ ਵਧ ਗਈ ਪਰ ਮਰਦਾਂ ਦੀ ਪੋਲਿੰਗ ਫੀਸਦੀ 'ਚ 7 ਫੀਸਦੀ ਦਾ ਵਾਧਾ ਹੀ ਦਰਜ ਕੀਤਾ ਗਿਆ। ਇੱਥੋਂ ਤੱਕ ਕਿ ਔਰਤਾਂ ਨੇ ਇਸ ਮਾਮਲੇ 'ਚ ਮਰਦਾਂ ਨੂੰ ਪਛਾੜ ਦਿੱਤਾ।
5 ਦਹਾਕਿਆਂ ਦੌਰਾਨ ਤੇਜ਼ੀ ਨਾਲ ਵਧਿਆ ਔਰਤਾਂ ਦਾ ਪੋਲਿੰਗ ਗ੍ਰਾਫ ਪਰ ਕਈ ਸੂਬਿਆਂ 'ਚ ਘੱਟ
ਔਰਤਾਂ ਦੀ ਪੋਲਿੰਗ ਦੇ ਮਾਮਲੇ 'ਚ ਦਿੱਲੀ ਵਰਗੇ ਸੂਬੇ ਅਜੇ ਵੀ ਪਿਛਾਂਹ ਹਨ। ਕਰੀਬ 16 ਸੂਬਿਆਂ 'ਚ ਔਰਤਾਂ ਦੀ ਪੋਲਿੰਗ ਫੀਸਦੀ ਮਰਦਾਂ ਦੇ ਮੁਕਾਬਲੇ ਜ਼ਿਆਦਾ ਸੀ, ਜਦੋਂ ਕਿ ਬਿਹਾਰ ਤੇ ਉੜੀਸਾ ਵਰਗੇ ਸੂਬਿਆਂ 'ਚ ਔਰਤਾਂ ਮਰਦਾਂ ਦੇ ਮੁਕਾਬਲੇ ਜ਼ਿਆਦਾ ਉਤਸ਼ਾਹ ਦਿਖਾਉਂਦੀਆਂ ਹਨ। ਆਸਾਮ ਵਰਗੇ ਸੂਬਿਆਂ 'ਚ ਵੀ ਔਰਤਾਂ ਅੰਦਰ ਵੋਟ ਪਾਉਣ ਸਬੰਧੀ ਉਤਸ਼ਾਹ ਵਧ ਰਿਹਾ ਹੈ, ਜਦੋਂ ਕਿ ਪੰਜਾਬ 'ਚ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਔਰਤਾਂ ਦੀ ਪੋਲਿੰਗ 70.93 ਫੀਸਦੀ ਸੀ ਜਦੋਂ ਕਿ ਮਰਦਾਂ ਦੀ ਪੋਲਿੰਗ 70.33 ਫੀਸਦੀ ਹੋਣ ਕਾਰਨ ਇਸ ਸੂਬੇ 'ਚ ਔਰਤਾਂ ਨੇ ਮਰਦਾਂ ਨੂੰ ਪਛਾੜ ਦਿੱਤਾ। 2014 'ਚ ਨਾਗਾਲੈਂਡ ਅੰਦਰ ਮਰਦਾਂ ਦੀ 88.15 ਫੀਸਦੀ ਪੋਲਿੰਗ ਹੋਣ ਕਾਰਨ ਇਹ ਸੂਬਾ ਮਰਦਾਂ ਦੀ ਵੋਟਿੰਗ ਦੇ ਮਾਮਲੇ 'ਚ ਸਭ ਤੋਂ ਉਪਰ ਰਿਹਾ, ਜਦੋਂ ਕਿ ਲਕਸ਼ਦੀਪ 'ਚ ਔਰਤਾਂ ਨੇ 88.42 ਫੀਸਦੀ ਪੋਲਿੰਗ ਕਰ ਕੇ ਇਸ ਸੂਬੇ ਨੂੰ ਔਰਤਾਂ ਦੀ ਪੋਲਿੰਗ ਮਾਮਲੇ 'ਚ ਪਹਿਲੇ ਸਥਾਨ 'ਤੇ ਲਿਆਂਦਾ।
ਔਰਤਾਂ ਦੀ ਵਸੋਂ ਮੁਕਾਬਲੇ ਘੱਟ ਹੈ ਮਹਿਲਾ ਵੋਟਰਾਂ ਦੀ ਗਿਣਤੀ
ਜੇਕਰ 2011 ਦੀ ਜਨਗਣਨਾ ਦੇ ਅਨੁਸਾਰ ਦੇਖਿਆ ਜਾਵੇ ਤਾਂ 2019 'ਚ ਮਰਦਾਂ ਦੀ ਕੁੱਲ ਆਬਾਦੀ ਦੇ ਮੁਕਾਬਲੇ 97.2 ਫੀਸਦੀ ਗਿਣਤੀ ਔਰਤਾਂ ਦੀ ਬਣਦੀ ਹੈ ਪਰ ਦੂਜੇ ਪਾਸੇ ਇਸ ਮੌਕੇ ਦੇਸ਼ ਅੰਦਰ ਮਹਿਲਾ ਵੋਟਰਾਂ ਦੀ ਗਿਣਤੀ ਮਰਦ ਵੋਟਰਾਂ ਦੇ ਮੁਕਾਬਲੇ ਸਿਰਫ 92.7 ਫੀਸਦੀ ਹੈ, ਜੋ ਉਪਰੋਕਤ ਅਨੁਮਾਨਤ ਦਰ ਨਾਲੋਂ 4.5 ਫੀਸਦੀ ਘੱਟ ਮੰਨੀ ਜਾ ਰਹੀ ਹੈ। ਇਸ ਤੱਥ ਮੁਤਾਬਿਕ ਇਹ ਮੰਨਿਆ ਜਾ ਰਿਹਾ ਹੈ ਕਿ ਅਜੇ ਵੀ ਕਈ ਔਰਤਾਂ ਨੇ ਆਪਣੀ ਵੋਟ ਨਹੀਂ ਬਣਾਈ ਅਤੇ ਉਨ੍ਹਾਂ ਦੇ ਨਾਂ ਵੋਟਰ ਸੂਚੀਆਂ 'ਚ ਸ਼ਾਮਿਲ ਨਹੀਂ ਹਨ। 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਦੇਸ਼ ਅੰਦਰ ਕੁੱਲ 23.4 ਮਿਲੀਅਨ ਮਹਿਲਾ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਨਹੀਂ ਕੀਤਾ ਸੀ।
ਸੱਤ ਸਮੁੰਦਰ ਪਾਰ ਚੋਣ ਨਤੀਜਿਆਂ ਦਾ ਇੰਤਜ਼ਾਰ
NEXT STORY