ਜਲੰਧਰ (ਧਵਨ) - ਪੰਜਾਬ ਵਿਚ ਹੋਟਲ ਇੰਡਸਟਰੀ 'ਤੇ ਪੰਜਾਬ ਸਰਕਾਰ ਨੇ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦਰਾਂ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਸ ਸੰਬੰਧ ਵਿਚ ਆਪਣੇ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੂੰ ਨਿਰਦੇਸ਼ ਦਿੱਤੇ ਕਿ ਕੈਬਨਿਟ ਦੀ ਅਗਲੀ ਬੈਠਕ ਵਿਚ ਇਸ ਸੰਬੰਧ ਵਿਚ ਪ੍ਰਸਤਾਵ ਪੇਸ਼ ਕੀਤਾ ਜਾਵੇ। ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ ਸਮੁੱਚੀ ਇੰਡਸਟਰੀ 'ਤੇ ਇਕ ਨਵੰਬਰ ਤੋਂ 5 ਰੁਪਏ ਪ੍ਰਤੀ ਯੂਨਿਟ ਅਨੁਸਾਰ ਬਿਜਲੀ ਦਰਾਂ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਸਨ। ਹੋਟਲ ਇੰਡਸਟਰੀ ਨੇ ਵੀ ਮੁੱਖ ਮੰਤਰੀ ਦੇ ਕੋਲ ਬੇਨਤੀ ਕੀਤੀ ਸੀ ਕਿ ਹੋਟਲ ਇੰਡਸਟਰੀ ਵੀ ਉਦਯੋਗ ਦੀ ਸ਼੍ਰੇਣੀ ਵਿਚ ਆਉਂਦੀ ਹੈ,ਇਸ ਲਈ ਇਸ 'ਤੇ ਕਮਰਸ਼ੀਅਲ ਚਾਰਜਿਸ ਲਾਗੂ ਨਹੀਂ ਕੀਤੇ ਜਾਣੇ ਚਾਹੀਦੇ। ਜੀ. ਐੱਸ. ਟੀ. ਲੱਗਣ ਤੋਂ ਬਾਅਦ ਇੰਡਸਟਰੀ 'ਤੇ ਵੀ ਦਬਾਅ ਵਧਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਫਿਲਹਾਲ ਹੋਟਲਾਂ ਨੂੰ ਇੰਡਸਟਰੀ ਦੀ ਸ਼੍ਰੇਣੀ ਵਿਚ ਸ਼ਾਮਲ ਨਹੀਂ ਰੱਖਿਆ ਗਿਆ ਹੈ। ਇਸ ਲਈ ਹੋਟਲਾਂ 'ਤੇ ਕਮਰਸ਼ੀਅਲ ਬਿਜਲੀ ਦਰਾਂ ਲਾਗੂ ਹੋ ਰਹੀਆਂ ਹਨ ਪਰ ਇਕ ਵਾਰ ਕੈਬਨਿਟ ਵਲੋਂ ਇਸ ਮਾਮਲੇ ਵਿਚ ਪ੍ਰਸਤਾਵ ਪਾਸ ਕਰ ਦੇਣ ਤੋਂ ਬਾਅਦ ਹੋਟਲਾਂ ਨੂੰ ਵੀ ਇੰਡਸਟਰੀ ਦਾ ਦਰਜਾ ਮਿਲ ਜਾਵੇਗਾ ਤੇ ਉਨ੍ਹਾਂ 'ਤੇ ਵੀ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦਰਾਂ ਲਾਗੂ ਹੋਣਗੀਆਂ।
ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ 'ਤੇ ਮੰਨਦੇ ਹਨ ਕਿ ਹੋਟਲਾਂ 'ਤੇ ਵਪਾਰਕ ਬਿਜਲੀ ਦਰਾਂ ਲਾਗੂ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਹੋਟਲ ਉਦਯੋਗ ਵੀ ਮੰਦੀ ਦੇ ਦੌਰ ਵਿਚੋਂ ਲੰਘ ਰਿਹਾ ਹੈ। ਸੂਬੇ ਵਿਚ ਸੈਲਾਨੀਆਂ ਦੀ ਗਿਣਤੀ ਵਧਾਉਣ ਲਈ ਜ਼ਰੂਰੀ ਹੈ ਕਿ ਹੋਟਲਾਂ 'ਤੇ ਇੰਡਸਟਰੀਆਂ ਵਾਲੀਆਂ ਬਿਜਲੀ ਦਰਾਂ ਲਾਗੂ ਕੀਤੀਆਂ ਜਾਣ। ਮੁੱਖ ਮੰਤਰੀ ਨੇ ਤੁਰੰਤ ਆਪਣੇ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਹੋਟਲਾਂ 'ਤੇ ਵੀ ਇੰਡਸਟਰੀ ਵਾਲਾ ਟੈਰਿਫ ਲਾਗੂ ਕੀਤਾ ਜਾਵੇ। ਇਸ ਨਾਲ ਸੂਬੇ ਦੇ ਹੋਟਲਾਂ ਨੂੰ ਰਾਹਤ ਮਿਲੇਗੀ ਤੇ ਦੇਸ਼-ਵਿਦੇਸ਼ ਤੋਂ ਸੈਲਾਨੀਆਂ ਦਾ ਆਉਣਾ-ਜਾਣਾ ਸ਼ੁਰੂ ਹੋਵੇਗਾ। ਹੋਟਲ ਇੰਡਸਟਰੀ ਪਿਛਲੇ ਕੁਝ ਸਮੇਂ ਤੋਂ ਦੱਬੀ ਹੋਈ ਮਹਿਸੂਸ ਕਰ ਰਹੀ ਹੈ।
ਨਸ਼ੇ ਦੀ ਭੈੜੀ ਲਤ ਨੇ ਬਣਾਇਆ ਦਰਿੰਦਾ
NEXT STORY