ਲੁਧਿਆਣਾ (ਵੈੱਬ ਡੈਸਕ, ਖੁਰਾਣਾ) : ਲੁਧਿਆਣਾ ਦੇ ਪਾਸ਼ ਇਲਾਕੇ ਹੰਬੜਾ ਰੋਡ 'ਤੇ ਸਥਿਤ ਕਾਲੀ ਮਾਤਾ ਮੰਦਿਰ ਨੇੜੇ ਸੜਕ ਕਿਨਾਰੇ ਲੱਗੇ ਬਿਜਲੀ ਦੇ ਟਰਾਂਸਫਾਰਮਰ ਨਾਲ ਇੱਕ ਤੇਜ਼ ਰਫ਼ਤਾਰ ਕਾਰ ਦੀ ਭਿਆਨਕ ਟੱਕਰ ਹੋ ਗਈ। ਇਸ ਜ਼ਬਰਦਸਤ ਟੱਕਰ ਕਾਰਨ ਬਿਜਲੀ ਦਾ ਖੰਭਾ ਅਤੇ ਟਰਾਂਸਫਾਰਮਰ ਜ਼ਮੀਨ 'ਤੇ ਡਿੱਗ ਕੇ ਬੁਰੀ ਤਰ੍ਹਾਂ ਨੁਕਸਾਨੇ ਗਏ। ਇਲਾਕਾ ਨਿਵਾਸੀਆਂ ਅਨੁਸਾਰ ਸੋਮਵਾਰ ਦੀ ਦੇਰ ਰਾਤ ਨੂੰ ਵਾਪਰੇ ਇਸ ਹਾਦਸੇ ਦੀ ਧਮਾਕੇਦਾਰ ਆਵਾਜ਼ ਨਾਲ ਪੂਰਾ ਇਲਾਕਾ ਕੰਬ ਉੱਠਿਆ, ਜਿਵੇਂ ਕੋਈ ਬੰਬ ਫਟਿਆ ਹੋਵੇ। ਦਹਿਸ਼ਤ ਦੇ ਮਾਰੇ ਲੋਕ ਮਾਮਲੇ ਦੀ ਜਾਣਕਾਰੀ ਲੈਣ ਲਈ ਆਪਣੇ ਘਰਾਂ ਤੋਂ ਬਾਹਰ ਗਲੀਆਂ 'ਚ ਇਕੱਠੇ ਹੋ ਗਏ। ਹਾਦਸੇ ਤੋਂ ਬਾਅਦ ਦਰਜਨਾਂ ਇਲਾਕਿਆਂ ਦੀ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ।
ਇਸ ਕਾਰਨ ਮੰਗਲਵਾਰ ਦੀ ਸਵੇਰ ਨੂੰ ਕੰਮ-ਕਾਰ 'ਤੇ ਜਾਣ ਵਾਲੇ ਲੋਕਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਬਿਜਲੀ ਅਤੇ ਪਾਣੀ ਤੋਂ ਬਿਨਾਂ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕਈ ਘਰਾਂ 'ਚ ਨਹਾਉਣ ਅਤੇ ਖਾਣਾ ਪਕਾਉਣ ਤੱਕ ਲਈ ਵੀ ਪਾਣੀ ਨਹੀਂ ਸੀ, ਜਿਸ ਕਰਕੇ ਲੋਕ ਖ਼ਾਲੀ ਬਾਲਟੀਆਂ ਲੈ ਕੇ ਪਾਣੀ ਭਰਨ ਲਈ ਇੱਧਰ-ਉੱਧਰ ਭਟਕਦੇ ਨਜ਼ਰ ਆਏ। ਅਣਪਛਾਤੇ ਕਾਰ ਚਾਲਕ ਦੀ ਇਸ ਲਾਪਰਵਾਹੀ ਕਾਰਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪਾਵਰਕੌਮ) ਨੂੰ ਲਗਭਗ 50,000 ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ। ਪਾਵਰਕਾਮ ਅਧਿਕਾਰੀਆਂ ਵੱਲੋਂ ਅਣਪਛਾਤੇ ਕਾਰ ਚਾਲਕ ਦਾ ਪਤਾ ਲਗਾਉਣ ਅਤੇ ਨੁਕਸਾਨ ਦੀ ਭਰਪਾਈ ਕਰਨ ਲਈ ਇਲਾਕੇ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਮੰਗਲਵਾਰ ਸਵੇਰ ਤੋਂ ਹੀ ਪਾਵਰਕਾਮ ਵਿਭਾਗ ਦੀਆਂ ਵੱਖ-ਵੱਖ ਟੀਮਾਂ ਇਲਾਕੇ 'ਚ ਬਿਜਲੀ ਸਪਲਾਈ ਬਹਾਲ ਕਰਨ ਦੇ ਕੰਮ 'ਚ ਜੁਟੀਆਂ ਹੋਈਆਂ ਹਨ।
ਸਾਊਦੀ ਅਰਬ ’ਚ ਪਠਾਨਕੋਟ ਦੇ ਅੰਮ੍ਰਿਤਧਾਰੀ ਸਿੱਖ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ, ਹੈਰਾਨ ਕਰੇਗਾ ਮਾਮਲਾ
NEXT STORY