ਮੋਗਾ (ਆਜ਼ਾਦ) : ਪਿੰਡ ਚੱਕ ਕੰਨੀਆਂ ਖੁਰਦ ਨਿਵਾਸੀ ਬਲਦੇਵ ਸਿੰਘ ਦੇ ਲੜਕੇ ਨੂੰ ਇਕ ਟਰੈਵਲ ਏਜੰਟ ਵੱਲੋਂ ਵਰਕ ਪਰਮਿਟ 'ਤੇ ਇੰਗਲੈਂਡ ਭੇਜਣ ਦਾ ਝਾਂਸਾ ਦੇ ਕੇ 15 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਪਤੀ-ਪਤਨੀ ਸਮੇਤ ਤਿੰਨ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਬਲਦੇਵ ਸਿੰਘ ਨੇ ਕਿਹਾ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। ਉਨ੍ਹਾਂ ਦੀ 2017 'ਚ ਟਰੈਵਲ ਏਜੰਟ ਸਾਧੂ ਸਿੰਘ ਨਿਵਾਸੀ ਪਿੰਡ ਜਹਾਂਗੀਰ (ਨਕੋਦਰ) ਨਾਲ ਆਪਣੇ ਲੜਕੇ ਰਣਜੀਤ ਸਿੰਘ ਨੂੰ ਵਿਦੇਸ਼ ਭੇਜਣ ਸਬੰਧੀ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਉਹ ਤੁਹਾਡੇ ਬੇਟੇ ਨੂੰ ਵਰਕ ਪਰਮਿਟ ਦੇ ਆਧਾਰ 'ਤੇ ਇੰਗਲੈਂਡ ਭੇਜ ਦੇਵੇਗਾ, ਜਿਸ 'ਤੇ 17 ਲੱਖ ਰੁਪਏ ਦਾ ਖਰਚਾ ਆਵੇਗਾ ਪਰ ਸਾਡੀ 15 ਲੱਖ ਰੁਪਏ ਵਿਚ ਗੱਲਬਾਤ ਤਹਿ ਹੋ ਗਈ।
ਪੀੜਤ ਨੇ ਦੱਸਿਆ ਕਿ ਅਸੀਂ ਉਨ੍ਹਾਂ ਨੂੰ ਆਪਣੇ ਬੇਟੇ ਦਾ ਪਾਸਪੋਰਟ ਅਤੇ ਹੋਰ ਦਸਤਾਵੇਜ਼ ਤੋਂ ਇਲਾਵਾ ਪਹਿਲਾਂ ਇਕ ਲੱਖ ਰੁਪਏ ਨਕਦ ਅਤੇ ਅੰਬੈਸੀ ਫੀਸ ਦੇ ਦਿੱਤੀ। ਉਪਰੰਤ ਉਨ੍ਹਾਂ ਨੇ ਸਾਡੇ ਕੋਲੋਂ ਹੌਲੀ-ਹੌਲੀ ਬਾਕੀ ਪੈਸੇ ਵੀ ਲੈ ਲਏ ਅਤੇ ਸਾਨੂੰ ਸੂਚਿਤ ਕੀਤਾ ਕਿ ਤੁਹਾਡੇ ਬੇਟੇ ਦਾ ਵੀਜ਼ਾ ਲੱਗ ਗਿਆ ਹੈ, ਉਹ ਸਾਨੂੰ ਦਿੱਲੀ ਅੰਬੈਸੀ ਵੀ ਲੈ ਗਏ ਅਤੇ ਸਾਨੂੰ ਪਾਸਪੋਰਟ 'ਤੇ ਲੱਗਾ ਵੀਜ਼ਾ ਵੀ ਵਿਖਾਇਆ। ਸਾਨੂੰ ਵਟਸਐਪ ਰਾਹੀਂ ਟਿਕਟ ਵੀ ਭੇਜ ਦਿੱਤੀ ਤੇ ਕਿਹਾ ਕਿ ਤੁਹਾਡੇ ਬੇਟੇ ਦੀ ਫਲਾਈਟ 7 ਮਾਰਚ, 2018 ਨੂੰ ਦੀ ਹੈ, ਜਿਸ 'ਤੇ ਅਸੀਂ ਏਅਰਪੋਰਟ 'ਤੇ ਪਹੁੰਚ ਗਏ, ਜਿੱਥੇ ਸਾਨੂੰ ਸਾਧੂ ਸਿੰਘ, ਉਸ ਦੀ ਪਤਨੀ ਸਤਵਿੰਦਰ ਕੌਰ ਅਤੇ ਇਨ੍ਹਾਂ ਨਾਲ ਕੰਮ ਕਰਨ ਵਾਲਾ ਵਿਕਰਮਜੀਤ ਸਿੰਘ ਨਿਵਾਸੀ ਅੰਮ੍ਰਿਤਸਰ ਵੀ ਮਿਲ ਗਏ।
ਇਸ ਦੌਰਾਨ ਉਨ੍ਹਾਂ ਸਾਡੇ ਕੋਲੋਂ ਬਾਕੀ ਦੇ 3 ਲੱਖ 80 ਹਜ਼ਾਰ ਰੁਪਏ ਲੈ ਗਏ। ਇਸ ਤਰ੍ਹਾਂ ਸਾਡੇ ਕੋਲੋਂ ਕੁੱਲ 15 ਲੱਖ ਰੁਪਏ ਉਨ੍ਹਾਂ ਲੈ ਲਏ। ਉਹ ਸਾਨੂੰ ਇਹ ਕਹਿ ਕੇ ਉਥੋਂ ਚਲੇ ਗਏ ਕਿ ਤੁਹਾਨੂੰ ਪਾਸਪੋਰਟ ਅਤੇ ਟਿਕਟ ਲਿਆ ਕੇ ਦੇ ਰਹੇ ਹਾਂ। ਅਸੀਂ ਉਨ੍ਹਾਂ ਦੀ ਏਅਰਪੋਰਟ 'ਤੇ ਉਡੀਕ ਕਰਦੇ ਰਹੇ ਪਰ ਉਹ ਵਾਪਸ ਨਹੀਂ ਆਏ। ਇਸ ਉਪਰੰਤ ਉਨ੍ਹਾਂ ਨਾਲ ਅਸੀਂ ਗੱਲ ਕੀਤੀ ਤਾਂ ਸਾਨੂੰ ਭਰੋਸਾ ਦਿੱਤਾ ਕਿ ਜਲਦ ਹੀ ਤੁਹਾਡੇ ਪੈਸੇ ਵਾਪਸ ਕਰ ਦਿੱਤੇ ਜਾਣਗੇ ਪਰ ਸਾਨੂੰ ਉਨ੍ਹਾਂ ਪੈਸੇ ਵਾਪਸ ਨਹੀਂ ਕੀਤੇ ਅਤੇ ਸਾਡੇ ਨਾਲ 15 ਲੱਖ ਰੁਪਏ ਦੀ ਠੱਗੀ ਮਾਰੀ। ਸ਼ਿਕਾਇਤ ਤੋਂ ਬਾਅਦ ਪੁਲਸ ਨੇ ਸਾਧੂ ਸਿੰਘ ਪੁੱਤਰ ਚਰਨ ਸਿੰਘ ਅਤੇ ਉਸ ਦੀ ਪਤਨੀ ਸਤਵਿੰਦਰ ਕੌਰ ਨਿਵਾਸੀ ਜਹਾਂਗੀਰ ਨਕੋਦਰ (ਜਲੰਧਰ ਦਿਹਾਤੀ) ਅਤੇ ਵਿਕਰਮਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਨਿਵਾਸੀ ਮਜੀਠਾ ਰੋਡ ਅੰਮ੍ਰਿਤਸਰ ਖਿਲਾਫ ਥਾਣਾ ਧਰਮਕੋਟ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਮੁਖੀ ਜੋਗਿੰਦਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੰਜਾਬ ਸਰਕਾਰ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਚੁੱਕਿਆ ਬੀੜਾ : ਧਰਮਸੋਤ
NEXT STORY