ਚੰਡੀਗੜ੍ਹ (ਬਿਊਰੋ) : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ’ਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਈ. ਐੱਸ. ਆਈ. ਡਿਸਪੈਂਸਰੀ ਢੰਡਾਰੀ ਕਲਾਂ, ਲੁਧਿਆਣਾ ’ਚ ਤਾਇਨਾਤ ਕਲਰਕ ਰਵਿੰਦਰ ਸਿੰਘ ਨੂੰ 15,000 ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਰਾਜਵੰਤ ਸਿੰਘ ਵਾਸੀ ਪਿੰਡ ਚਣਕੋਈਆਂ ਜ਼ਿਲ੍ਹਾ ਲੁਧਿਆਣਾ, ਜੋ ਕਿ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਦੋਰਾਹਾ ਵਿਖੇ ਚਪੜਾਸੀ ਵਜੋਂ ਨੌਕਰੀ ਕਰਦਾ ਹੈ, ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਕਾਬੂ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਆਪਣੇ ਬਿਆਨਾਂ ’ਚ ਦਰਜ ਕਰਵਾਇਆ ਹੈ ਕਿ ਉਸਨੇ ਡੀ. ਐੱਮ. ਸੀ. ਹਸਪਤਾਲ ਲੁਧਿਆਣਾ ਵਿਖੇ ਆਪਣਾ ਇਲਾਜ ਕਰਵਾਇਆ ਸੀ ਅਤੇ ਈ. ਐੱਸ. ਆਈ. ਸਕੀਮ ਅਧੀਨ ਮੁਫ਼ਤ ਇਲਾਜ ਦਾ ਲਾਭਪਾਤਰੀ ਹੋਣ ਕਰਕੇ ਉਸਦੇ 4,78,136 ਰੁਪਏ ਦੇ ਬਿੱਲ ਈ. ਐੱਸ. ਆਈ. ਡਿਸਪੈਂਸਰੀ ’ਚ ਭੁਗਤਾਨ ਲਈ ਬਕਾਇਆ ਪਏ ਹਨ। ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਇਆ ਕਿ ਸਬੰਧਤ ਡੀਲਿੰਗ ਕਲਰਕ ਰਵਿੰਦਰ ਸਿੰਘ ਨੇ ਉਸਦੇ ਬਿੱਲ ਦਾ ਭੁਗਤਾਨ ਕਰਨ ਬਦਲੇ ਰਿਸ਼ਵਤ ਵਜੋਂ 30,000 ਰੁਪਏ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਰਿਸ਼ਵਤ ਨਾ ਦੇਣ ਦੀ ਸੂਰਤ ’ਚ ਕੁੱਲ ਰਕਮ ’ਚੋਂ ਸਿਰਫ਼ 1,25,000 ਰੁਪਏ ਦੇ ਬਿੱਲ ਹੀ ਪਾਸ ਕੀਤੇ ਜਾਣਗੇ।
ਇਹ ਵੀ ਪੜ੍ਹੋ : ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦਾ ਇੰਸਪੈਕਟਰ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ
ਮੁਲਜ਼ਮ ਕਲਰਕ ਨੇ ਸ਼ਿਕਾਇਤਕਰਤਾ ਨੂੰ ਰਿਸ਼ਵਤ ਦੋ ਕਿਸ਼ਤਾਂ ’ਚ ਦੇਣ ਲਈ ਕਿਹਾ, ਜਿਸ ’ਚ 20,000 ਰੁਪਏ ਪੇਸ਼ਗੀ ਅਤੇ ਬਾਕੀ 10,000 ਰੁਪਏ ਬਾਅਦ ’ਚ ਦੇਣ ਲਈ ਕਿਹਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਰਵਿੰਦਰ ਸਿੰਘ ਕਲਰਕ ਨੇ ਸ਼ਿਕਾਇਤਕਰਤਾ ਨੂੰ ਇਹ ਵੀ ਕਿਹਾ ਕਿ ਉਸ ਨੇ ਰਿਸ਼ਵਤ ਦੀ ਰਕਮ ਚੰਡੀਗੜ੍ਹ ਵਿਖੇ ਤਾਇਨਾਤ ਸਬੰਧਤ ਅਧਿਕਾਰੀ ਨਾਲ ਵੀ ਸਾਂਝੀ ਕਰਨੀ ਹੈ। ਸ਼ਿਕਾਇਤਕਰਤਾ ਨੇ ਮੁਲਜ਼ਮ ਨਾਲ ਹੋਈ ਗੱਲਬਾਤ ਦੀ ਰਿਕਾਰਡਿੰਗ ਆਪਣੇ ਫ਼ੋਨ ’ਚ ਕਰ ਲਈ ਅਤੇ ਵਿਜੀਲੈਂਸ ਬਿਊਰੋ ਨੂੰ ਸਬੂਤ ਵਜੋਂ ਸੌਂਪ ਦਿੱਤੀ। ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਨੇ ਜਾਲ ਵਿਛਾ ਕੇ ਉਕਤ ਮੁਲਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ ਸ਼ਿਕਾਇਤਕਰਤਾ ਪਾਸੋਂ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 15,000 ਰੁਪਏ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਥਾਣਾ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਧੀਨ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਭਲਕੇ ਅਦਾਲਤ ’ਚ ਪੇਸ਼ ਕੀਤਾ ਜਾਵੇਗਾ ਅਤੇ ਜਾਂਚ ਦੌਰਾਨ ਹੋਰ ਕਰਮਚਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪਿੰਡਾਂ ਅਤੇ ਲਾਲ ਲਕੀਰ ਦਾਇਰੇ ’ਚ ਆਉਣ ਵਾਲੀ ਪ੍ਰਾਪਰਟੀ ਦੀ ਰਜਿਸਟਰੀ ’ਤੇ ਨਹੀਂ ਮਿਲੇਗੀ ਐੱਨ. ਓ. ਸੀ. ਤੋਂ ਛੋਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਰਾਤ 10 ਤੋਂ ਸਵੇਰੇ 6 ਵਜੇ ਤੱਕ ਡੀ. ਜੇ./ਲਾਊਡ ਸਪੀਕਰ ਚਲਾਉਣ ’ਤੇ ਪੂਰਨ ਪਾਬੰਦੀ
NEXT STORY