ਭਵਾਨੀਗੜ੍ਹ (ਵਿਕਾਸ,ਕਾਂਸਲ) : ਡਿਫੈਂਸ ਸਕਿਓਰਿਟੀ ਕਾਰਪ. (ਡੀ. ਐੱਸ. ਸੀ.) ਪਲਟੂਨ ਦਿੱਲੀ ਵਿਖੇ ਨੌਕਰੀ ਕਰਦੇ ਸਾਬਕਾ ਫੌਜੀ ਅਤੇ ਸਥਾਨਕ ਸ਼ਹਿਰ ਦੀ ਰਵਿਦਾਸ ਕਾਲੋਨੀ ਦੇ ਵਸਨੀਕ ਬਲਜੀਤ ਸਿੰਘ ਦੀ ਬੀਤੇ ਦਿਨੀਂ ਦਿੱਲੀ ਵਿਖੇ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਬਲਜੀਤ ਸਿੰਘ ਦੀ ਮੌਤ ਤੋਂ ਬਾਅਦ ਜਿੱਥੇ ਇਲਾਕੇ 'ਚ ਸ਼ੋਕ ਦੀ ਲਹਿਰ ਹੈ, ਉੱਥੇ ਹੀ ਉਸਦੇ ਪਰਿਵਾਰਕ ਮੈਂਬਰਾਂ ਨੇ ਬਲਜੀਤ ਸਿੰਘ ਦੀ ਮੌਤ ਨੂੰ ਕਤਲ ਦੱਸਦਿਆਂ ਉਸਦੇ ਨਾਲ ਡਿਊਟੀ ਕਰਦੇ ਚਾਰ ਜਵਾਨਾਂ 'ਤੇ ਗੰਭੀਰ ਦੋਸ਼ ਲਗਾਏ ਹਨ ਅਤੇ ਮਾਮਲੇ ’ਚ ਦਿੱਲੀ ਪੁਲਸ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।
ਇਹ ਵੀ ਪੜ੍ਹੋ : ਬੁਰਜ ਜਵਾਹਰ ਸਿੰਘ ਵਾਲਾ ਪਹੁੰਚੀ ‘ਆਪ’, ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਕੀਤੀ ਅਰਦਾਸ, ਸਰਕਾਰ ’ਤੇ ਮੜ੍ਹੇ ਵੱਡੇ ਦੋਸ਼
ਆਡੀਓ 'ਚ ਬਲਜੀਤ ਨੇ ਕੀਤਾ ਸੀ ਮਾਨਸਿਕ ਪ੍ਰੇਸ਼ਾਨ ਕਰਨ ਦਾ ਜ਼ਿਕਰ
ਬੁੱਧਵਾਰ ਨੂੰ ਇੱਥੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇੱਕ ਆਡੀਓ ਜਾਰੀ ਕਰਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਇਨ੍ਹੀਂ ਦਿਨੀਂ ਬਲਜੀਤ ਸਿੰਘ ਦਿੱਲੀ ਦੇ ਇੰਡਿਆ ਗੇਟ ਵਿਖੇ ਡਿਊਟੀ ਕਰ ਰਿਹਾ ਸੀ। ਬਲਜੀਤ ਸਿੰਘ ਦੀ ਪਤਨੀ ਰਣਬੀਰ ਕੌਰ ਨੇ ਰੌਂਦੇ ਕੁਰਲਾਉਂਦੇ ਹੋਏ ਦੱਸਿਆ ਕਿ ਬਲਜੀਤ ਸਿੰਘ ਫੌਜ ’ਚੋਂ ਸੇਵਾਮੁਕਤ ਹੋਣ ਉਪਰੰਤ ਡਿਫੈਂਸ ਸਕਿਓਰਿਟੀ ਕਾਰਪ. ’ਚ ਦਿੱਲੀ ਡਿਊਟੀ ਕਰਦਾ ਸੀ। ਉਸਦਾ ਪਤੀ ਉਸਦੇ ਨਾਲ ਡਿਊਟੀ ਕਰਦੇ ਚਾਰ ਜਵਾਨਾਂ ਤੋਂ ਅਕਸਰ ਪਰੇਸ਼ਾਨ ਰਹਿੰਦਾ ਸੀ ਕਿਉਂਕਿ ਇਸ ਸਬੰਧੀ ਬਲਜੀਤ ਸਿੰਘ ਨੇ ਕਈ ਵਾਰ ਉਸ ਨਾਲ ਜ਼ਿਕਰ ਕੀਤਾ ਸੀ। ਬਲਜੀਤ ਸਿੰਘ ਦੱਸਦਾ ਸੀ ਕਿ ਉਕਤ ਚਾਰ ਸਾਥੀ ਜਵਾਨ ਉਸਨੂੰ ਜਾਤੀ ਸੂਚਕ ਸ਼ਬਦ ਵਰਤਣ ਦੇ ਨਾਲ-ਨਾਲ ਵੱਖ-ਵੱਖ ਹਰਕਤਾਂ ਨਾਲ ਮਾਨਸਿਕ ਤਸੀਹੇ ਦਿੰਦੇ ਸਨ। ਇਸੇ ਦੌਰਾਨ ਬੀਤੀ 31 ਮਈ ਨੂੰ ਦਿੱਲੀ ਤੋਂ ਉਸਦੇ ਪਰਿਵਾਰ ਨੂੰ ਫੋਨ ਕੀਤਾ ਗਿਆ ਕਿ ਬਲਜੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਸੂਚਨਾ ਮਿਲਣ 'ਤੇ ਪਰਿਵਾਰ ਦੇ ਮੈਂਬਰਾਂ ਨੇ ਦਿੱਲੀ ਜਾ ਕੇ ਦੇਖਿਆ ਤਾਂ ਮਾਮਲਾ ਸ਼ੱਕੀ ਲੱਗਿਆ। ਗਲੇ 'ਤੇ ਲਏ ਨਿਸ਼ਾਨ ਦੇਖ ਕੇ ਸ਼ੱਕ ਹੋਈਆ ਕਿ ਬਲਜੀਤ ਸਿੰਘ ਨੂੰ ਗਲਾ ਘੋਟ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ।
ਮ੍ਰਿਤਕ ਦੇ ਜੀਜਾ ਸਾਬਕਾ ਸੂਬੇਦਾਰ ਹਰਮਿੰਦਰ ਸਿੰਘ ਨੇ ਵੀ ਬਲਜੀਤ ਸਿੰਘ ਦੀ ਮੌਤ 'ਤੇ ਸ਼ੱਕ ਜਾਹਿਰ ਕਰਦੇ ਹੋਏ ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਬਲਜੀਤ ਸਿੰਘ ਨੂੰ ਸਿਹਤ ਸਬੰਧੀ ਕੋਈ ਦਿੱਕਤ ਆਈ ਵੀ ਸੀ ਤਾਂ ਉਸਨੂੰ ਆਰਮੀ ਹਸਪਤਾਲ ਵਿੱਚ ਕਿਉਂ ਨਹੀਂ ਭਰਤੀ ਕਰਵਾਇਆ ਗਿਆ ਅਤੇ ਉਸਦੇ ਪਰਿਵਾਰ ਨੂੰ ਇਸਦੀ ਸੂਚਨਾ ਤੁਰੰਤ ਕਿਉਂ ਨਹੀਂ ਦਿੱਤੀ ਗਈ। ਹਰਮਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਬਲਜੀਤ ਸਿੰਘ ਦੇ ਚਾਰ ਸਾਥੀ ਜਵਾਨ ਹੀ ਉਸਦੀ ਮੌਤ ਲਈ ਜ਼ਿੰਮੇਵਾਰ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਵੱਲੋਂ ਸ਼ਿਕਾਇਤ ਦੇ ਕੇ ਦਿੱਲੀ ਪੁਲਸ ਨੂੰ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਮਾਮਲੇ ਵਿੱਚ ਪਰਿਵਾਰ ਨੂੰ ਇਨਸਾਫ਼ ਦਵਾਉਣ ਦੀ ਗੁਹਾਰ ਲਗਾਈ ਹੈ।
ਇਹ ਵੀ ਪੜ੍ਹੋ : ਪੱਟੀ ’ਚ ਹੋਈ ਗੈਂਗਵਾਰ ਦੇ ਮਾਮਲੇ ’ਚ ਇਕ ਮੁਲਜ਼ਮ ਗ੍ਰਿਫ਼ਤਾਰ
ਕੀ ਹੈ ਆਡੀਓ 'ਚ
ਪਰਿਵਾਰਕ ਮੈਂਬਰਾਂ ਨੇ ਆਡੀਓ ਰਿਕਾਰਡਿੰਗ ਪੇਸ਼ ਕਰਦਿਆਂ ਦਾਅਵਾ ਕੀਤਾ ਹੈ ਕਿ ਇਹ ਆਡੀਓ ਬਲਜੀਤ ਸਿੰਘ ਵੱਲੋਂ ਭੇਜੀ ਗਈ ਸੀ ਜਿਸ ਵਿੱਚ ਉਹ ਕਹਿ ਰਿਹਾ ਹੈ, "ਮੈਂ ਬਲਜੀਤ ਸਿੰਘ ਨੰਬਰ 4474759 ਡੀ. ਐੱਸ. ਸੀ. ਪਲਟੂਨ 699, ਮੌਜੂਦਾ ਸਮੇਂ 'ਚ ਕੋਸਟ ਗਾਰਡ ਵਿੱਚ ਡਿਊਟੀ ਕਰ ਰਿਹਾ ਹਾਂ। ਮੇਰਾ ਗਾਰਡ ਕਮਾਂਡਰ ਨਾਇਕ ਰਮੇਸ਼ ਹੈ। ਅਸੀਂ 8 ਜਵਾਨ ਹਾਂ ਇੰਨਾਂ 'ਚੋਂ ਪੀ.ਕੇ. ਨਾਥ, ਰਣਜੀਤ ਸਿੰਘ, ਯਾਦਵ, ਦਰਮਿਆਨ ਸਿੰਘ ਮੇਰੇ ਨਾਲ ਜ਼ਿਆਦਤੀ ਕਰਦੇ ਹਨ ਅਜਿਹੇ ਵਿੱਚ ਜੇਕਰ ਮੇਰੇ ਹੱਥ ਤੋਂ ਕੋਈ ਗੁਨਾਹ ਹੋ ਜਾਂਦਾ ਹੈ ਜਾਂ ਆਪਣੇ ਆਪ ਤੋਂ ਮੈਂ ਕੁੱਝ ਕਰ ਬੈਠਦਾ ਹਾਂ ਤਾਂ ਇਹ ਬੰਦੇ ਜ਼ਿੰਮੇਵਾਰ ਹਨ। ਇਹ ਮਿਤੀ ਮੈਂ 25 ਤਾਰੀਖ ਨੂੰ 9 ਵੱਜ ਕੇ ਇੱਕ ਮਿੰਟ 'ਤੇ ਕਰ ਰਿਹਾ ਹਾਂ। ਬਾਕੀ ਬੰਦਾ ਕੋਈ ਵੀ ਜ਼ਿੰਮੇਵਾਰ ਨਹੀਂ ਹੈ।"
ਇਹ ਵੀ ਪੜ੍ਹੋ : ਸਰਨਾ ਨੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕਾਨੂੰਨੀ ਪ੍ਰਕਿਰਿਆ ਤੇਜ਼ ਕਰਨ ਦੀ ਕੀਤੀ ਮੰਗ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਮੋਹਾਲੀ ਦੇ ਹਸਪਤਾਲ 'ਚ ਬੁਖ਼ਾਰ ਮਗਰੋਂ ਮਰੀਜ਼ ਦੀ ਮੌਤ, ਪਰਿਵਾਰ ਦੇ ਹੱਥ ਫੜ੍ਹਾਇਆ 15 ਲੱਖ ਦਾ ਬਿੱਲ
NEXT STORY