ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਪ੍ਰਸ਼ਾਸਨ ਦੇ ਐਕਸਾਈਜ਼ ਐਂਡ ਟੈਕਸੇਸ਼ਨ ਮਹਿਕਮੇ ਨੇ ਸ਼ੁੱਕਰਵਾਰ ਨੂੰ ਵੱਡੀ ਕਾਰਵਾਈ ਕਰਦਿਆਂ 6 ਫਰਮਾਂ ਦੀਆਂ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਅਤੇ ਦਸਤਾਵੇਜ਼ ਜ਼ਬਤ ਕੀਤੇ। ਮਹਿਕਮੇ ਅਨੁਸਾਰ ਇਹ ਫਰਮਾਂ ਫਰਜ਼ੀ ਤਰੀਕੇ ਨਾਲ ਕੰਮ ਕਰ ਰਹੀਆਂ ਸਨ ਅਤੇ ਰੈਗੂਲਰ ਰੂਪ ਨਾਲ ਜੀ. ਐੱਸ. ਟੀ. ਵੀ ਨਹੀਂ ਭਰ ਰਹੀਆਂ ਸਨ। ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਮਨਦੀਪ ਸਿੰਘ ਬਰਾੜ ਦੇ ਹੁਕਮਾਂ ’ਤੇ ਇਹ ਕਾਰਵਾਈ ਕੀਤੀ ਗਈ ਹੈ। ਅਸਿਸਟੈਂਟ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਆਰ. ਕੇ. ਚੌਧਰੀ ਨੇ ਦੱਸਿਆ ਕਿ ਉਨ੍ਹਾਂ ਨੇ ਮਹਿਕਮੇ ਦੇ ਅਧਿਕਾਰੀਆਂ ਦੀਆਂ 6 ਟੀਮਾਂ ਨੂੰ ਇਸ ਕੰਮ 'ਚ ਲਗਾਇਆ ਹੈ। ਇਸ 'ਚ ਮੈਸ: ਐੱਸ. ਆਰ. ਏਜੰਸੀਜ਼ ਗੋਬਿੰਦਪੁਰਾ ਮਨੀਮਾਜਰਾ, ਮੈਸ: ਗਲੋਬਲ ਹੋਮ ਸਾਲਿਊਸ਼ੰਜ਼ ਗੋਬਿੰਦਪੁਰਾ ਮਨੀਮਾਜਰਾ, ਮੈਸ: ਰਜ਼ਤ ਇੰਟਰਪ੍ਰਾਈਜਿਜ਼ ਠਾਕੁਰਦਆਰਾ ਮਨੀਮਾਜਰਾ, ਮੈਸ: ਪਾਲੀਟੈਕ ਗੋਬਿੰਦਪੁਰਾ ਮਨੀਮਾਜਰਾ, ਮੈਸ: ਯੂਰੋ ਸੇਲਸ ਗੋਬਿੰਦਪੁਰਾ ਮਨੀਮਾਜਰਾ ਅਤੇ ਮੈਸ: ਅੰਬਾ ਏਜੰਸੀਜ਼ ਗੋਬਿੰਦਪੁਰਾ ਮਨੀਮਾਜਰਾ ਸ਼ਾਮਲ ਹਨ, ਜਿਸ ’ਤੇ ਮਹਿਕਮੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ।
ਪਾਈਪਸ, ਟਾਇਲਸ 'ਚ ਡੀਲ ਕਰਦੀਆਂ ਹਨ ਇਹ ਫਰਮਾਂ
ਇਹ ਸਾਰੀਆਂ ਫਰਮਾਂ ਪਾਈਪਾਂ ਅਤੇ ਟਾਈਲਾਂ 'ਚ ਕਾਰੋਬਾਰ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਰਾਜੇਸ਼ ਬਹਿਲ ਐੱਸ. ਆਰ. ਏਜੰਸੀਜ਼ 'ਚ ਪਾਰਟਨਰ ਅਤੇ ਮੈਸ: ਗਲੋਬਲ ਹੋਮ ਸਾਲਿਊਸ਼ੰਸ ਦਾ ਪ੍ਰੋਪਰਾਈਟਰ ਹੈ। ਇਸੇ ਤਰ੍ਹਾਂ ਰਜ਼ਤ ਬਹਿਲ ਰਜਤ ਇੰਟਰਪ੍ਰਾਈਜਿਜ਼, ਮੈਸ: ਪਾਲੀਟੈੱਕ ਅਤੇ ਯੂਰੋ ਸੇਲਸ ਦਾ ਪ੍ਰੋਪਰਾਈਟਰ ਹੈ ਅਤੇ ਮੋਨਿਕਾ ਗਰਗ ਅੰਬਾ ਏਜੈਂਸੀਜ ਦੀ ਪ੍ਰੋਪਰਾਈਟਰ ਹੈ। ਮਹਿਕਮੇ ਅਨੁਸਾਰ ਇਹ ਸਾਰੇ ਰਿਸ਼ਤੇਦਾਰ ਹਨ ਅਤੇ ਸਰਕੂਲਰ ਟਰੇਡਿੰਗ ਰਾਹੀਂ ਗ਼ੈਰ ਕਾਨੂੰਨੀ ਰੂਪ ਤੋਂ ਗੁਡਜ਼ ਐਂਡ ਸਰਵਿਸ ਕ੍ਰੈਡਿਟ ਲੈਣ 'ਚ ਇਕ-ਦੂਜੇ ਦੇ ਨਾਲ ਜੁੜੇ ਹਨ। ਸਾਰੀਆਂ 6 ਫਰਮਾਂ ਨੇ ਜੀ. ਐੱਸ. ਟੀ. ਪੀਰੀਅਡ ਦੇ ਅੰਦਰ 61 ਕਰੋੜ ਰੁਪਏ ਦੀ ਸੇਲ ਕੀਤੀ ਪਰ ਸਰਕਾਰ ਨੂੰ ਇਕ ਖੋਟਾ ਪੈਸਾ ਵੀ ਟੈਕਸ ਨਹੀਂ ਦਿੱਤਾ ਅਤੇ ਇਨਪੁਟ ਟੈਕਸ ਕ੍ਰੈਡਿਟ 'ਚ ਐਡਜਸਟ ਕੀਤਾ ਗਿਆ। ਇਸ ਤੋਂ ਇਲਾਵਾ ਸਾਰੀਆਂ ਫਰਮਾਂ ਜੀ. ਐੱਸ. ਟੀ. ਆਰ.-ਥ੍ਰੀਬੀ ਮੰਥਲੀ ਟੈਕਸ ਰਿਟਰਨ ਵੀ ਫਰਵਰੀ 2020 ਤੋਂ ਫਾਈਲ ਨਹੀਂ ਕਰ ਰਹੀਆਂ ਹਨ।
ਪੰਜ ਫਰਮਾਂ ਦਾ ਪਤਾ ਫਰਜ਼ੀ
ਇਹ ਸਾਰੀ ਛਾਪੇਮਾਰੀ ਐਕਸਾਈਜ਼ ਐਂਡ ਟੈਕਸੇਸ਼ਨ ਅਫ਼ਸਰ ਅਮਰਜੀਤ ਸਿੰਘ, ਮਾਨੇਕ ਅਹਿਲਾਵਤ, ਡਾ. ਮਨਦੀਪ ਕੌਰ, ਅਰੁਣ ਕੁਮਾਰ ਅਤੇ ਪ੍ਰਤੀਪ ਸਿੰਘ ਦੀ ਸੁਪਰਵਿਜ਼ਨ ਵਿਚ ਕੀਤੀ ਗਈ। ਪੰਜ ਫਰਮਾਂ ਦਾ ਬਿਜ਼ਨੈੱਸ ਖੇਤਰ ਬੰਦ ਪਾਇਆ ਗਿਆ ਅਤੇ ਜਾਂਚ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਦਿੱਤੇ ਗਏ ਪਤੇ ’ਤੇ ਕੋਈ ਅਜਿਹੀ ਫਰਮ ਮੌਜੂਦ ਨਹੀਂ ਹੈ। ਸਿਰਫ਼ ਐੱਸ. ਆਰ. ਏਜੰਸੀਜ਼ ਦਾ ਬਿਜ਼ਨੈੱਸ ਖੇਤਰ ਹੀ ਮਿਲਿਆ ਹੈ ਅਤੇ ਬਾਕੀ ਦੀਆਂ ਫਰਮਾਂ ਵੀ ਇਸ ਦੇ ਬਿਜ਼ਨੈੱਸ ਖੇਤਰ ’ਤੇ ਹੀ ਕੰਮ ਕਰ ਰਹੀਆਂ ਸਨ। ਸ਼ੁਰੂਆਤੀ ਜਾਂਚ 'ਚ ਇਹ ਸਾਹਮਣੇ ਆਇਆ ਹੈ ਕਿ ਈ-ਬਿੱਲ ਜਨਰੇਟ ਕਰਨ ਲਈ ਟਰਾਂਸਪੋਰਟੇਸ਼ਨ ਆਫ਼ ਗੁੱਡਜ਼ ਲਈ ਇਹ ਮੋਟਰਸਾਈਕਲ, ਥ੍ਰੀਵੀਲਰ ਅਤੇ ਇੱਥੋਂ ਤੱਕ ਦੀ ਐਂਬੂਲੈਂਸ ਦਾ ਵੀ ਇਸਤੇਮਾਲ ਕਰ ਰਹੇ ਸਨ। ਮਹਿਕਮੇ ਅਨੁਸਾਰ ਉਨ੍ਹਾਂ ਦੀ ਜਾਂਚ ਜਾਰੀ ਹੈ ਅਤੇ ਇਸ 'ਚ ਹੋਰ ਵੀ ਕੰਪਨੀਆਂ ਸ਼ਾਮਲ ਹੋ ਸਕਦੀਆਂ ਹਨ।
ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, 29 ਜੁਲਾਈ ਨੂੰ ਬੰਦ ਰਹਿਣਗੇ ਸੂਬੇ ਭਰ ਦੇ ਪੈਟਰੋਲ ਪੰਪ
NEXT STORY