ਚੰਡੀਗੜ੍ਹ : ਪੰਜਾਬ ਨੇ ਨਵੇਂ ਕੀਰਤੀਮਾਨ ਸਥਾਪਤ ਕਰਦਿਆਂ ਜੂਨ 2025 ਲਈ ਸ਼ੁੱਧ ਜੀਐੱਸਟੀ ਪ੍ਰਾਪਤੀ ਵਿਚ ਰਿਕਾਰਡ ਤੋੜ 44.44 ਪ੍ਰਤੀਸ਼ਤ ਵਾਧਾ ਅਤੇ ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ਲਈ 27.01 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਹੈ, ਜੋ ਕਿ ਸੂਬੇ ਦੇ ਇਤਿਹਾਸ ਵਿਚ ਕਿਸੇ ਵਿੱਤੀ ਤਿਮਾਹੀ ਦੌਰਾਨ ਅਤੇ ਜੂਨ ਮਹੀਨੇ ਲਈ ਹੁਣ ਤੱਕ ਦਾ ਦਰਜ ਕੀਤਾ ਗਿਆ ਸਭ ਤੋਂ ਵੱਧ ਜੀ.ਐਸ.ਟੀ ਮਾਲੀਆ ਵਾਧਾ ਹੈ। ਪੰਜਾਬ ਦੇ ਵਿੱਤ ਮੰਤਰੀ ਨੇ ਇਹ ਪ੍ਰਗਟਾਵਾ ਰਾਜ ਦੇ ਚੋਟੀ ਦੇ ਪੰਜ ਟੈਕਸਦਾਤਾਵਾਂ ਨੂੰ ਰਾਜ ਦੇ ਆਰਥਿਕ ਵਿਕਾਸ ਅਤੇ ਮਾਲੀਆ ਉਤਪਾਦਨ ਵਿਚ ਉਨ੍ਹਾਂ ਦੇ ਮਿਸਾਲੀ ਯੋਗਦਾਨ ਲਈ ਸਨਮਾਨਿਤ ਕਰਨ ਤੋਂ ਬਾਅਦ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਸਨਮਾਨਿਤ ਕੀਤੇ ਗਏ ਕਰਦਾਤਾਵਾਂ ਵਿਚ ਅੰਬੂਜਾ ਸੀਮੈਂਟ ਤੋਂ ਆਸ਼ੂ ਅਗਨੀਹੋਤਰੀ, ਐੱਚ.ਪੀ.ਸੀ.ਐੱਲ-ਮਿੱਤਲ ਐਨਰਜੀ ਲਿਮਟਿਡ (ਐੱਚ.ਐੱਮ.ਈ.ਐੱਲ) ਤੋਂ ਸੰਜੇ ਮਲਹੋਤਰਾ, ਸੈਮਸੰਗ ਇੰਡੀਆ ਪ੍ਰਾਈਵੇਟ ਲਿਮਟਿਡ ਤੋਂ ਚਮਨ ਲਾਲ ਸ਼ਰਮਾ, ਟਾਟਾ ਸਟੀਲ ਤੋਂ ਅੰਕੁਸ਼ ਸ਼ਰਮਾ ਅਤੇ ਦਾਦਾ ਮੋਟਰਜ਼ ਤੋਂ ਨਿਤਿਨ ਦਾਦਾ ਸ਼ਾਮਲ ਹਨ।
ਇਹ ਵੀ ਪੜ੍ਹੋ : ਵੱਡਾ ਕਦਮ ਚੁੱਕਣ ਜਾ ਰਹੀ ਸੂਬਾ ਸਰਕਾਰ, ਬਦਲੇਗਾ ਭਰਤੀ ਨਿਯਮ
ਵਿੱਤ ਮੰਤਰੀ ਜਿਨ੍ਹਾਂ ਦੇ ਨਾਲ ਇਸ ਮੌਕੇ ਸਕੱਤਰ ਟੈਕਸੇਸ਼ਨ ਅਜੀਤ ਬਾਲਾਜੀ ਜੋਸ਼ੀ ਅਤੇ ਆਬਕਾਰੀ ਤੇ ਕਰ ਕਮਿਸ਼ਨਰ ਜਤਿੰਦਰ ਜੋਰਵਾਲ ਵੀ ਹਾਜਿਰ ਸਨ, ਨੇ ਦੱਸਿਆ ਕਿ ਪੰਜਾਬ ਨੇ ਜੀਐੱਸਟੀ ਵਿਕਾਸ ਵਿਚ ਕੌਮੀ ਔਸਤ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਸਰਹੱਦੀ ਤਣਾਅ ਸਮੇਤ ਰਾਸ਼ਟਰੀ ਅਤੇ ਭੂ-ਰਾਜਨੀਤਿਕ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਟੈਕਸ ਜੁਟਾਉਣ ਵਿਚ ਆਪਣੇ ਆਪ ਨੂੰ ਸਿਖਰਲੇ ਪ੍ਰਦਰਸ਼ਨ ਕਰਨ ਵਾਲੇ ਰਾਜਾਂ ਵਿਚ ਮਜ਼ਬੂਤੀ ਨਾਲ ਸਥਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਜੂਨ 2025 ਲਈ ਸ਼ੁੱਧ ਜੀਐੱਸਟੀ ਪ੍ਰਾਪਤੀ 2379.90 ਕਰੋੜ ਰੁਪਏ ਰਹੀ, ਜੋ ਕਿ ਜੂਨ 2024 ਵਿਚ ਪ੍ਰਾਪਤ ਹੋਏ 1647.69 ਕਰੋੜ ਰੁਪਏ ਦੇ ਮੁਕਾਬਲੇ 732.21 ਕਰੋੜ ਰੁਪਏ ਦੇ ਸ਼ਾਨਦਾਰ ਮਾਲੀਆ ਵਾਧੇ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਅਪ੍ਰੈਲ ਵਿਚ 15.35 ਪ੍ਰਤੀਸ਼ਤ ਅਤੇ ਮਈ ਵਿਚ 24.59 ਪ੍ਰਤੀਸ਼ਤ ਦੇ ਪ੍ਰਤੀ ਮਹੀਨਾ ਸ਼ੁੱਧ ਵਿਕਾਸ ਰੁਝਾਨਾਂ ਸਦਕਾ ਮਈ 2025 ਵਿਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਦੇ ਬਾਵਜੂਦ ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ਦੌਰਾਨ ਸ਼ੁੱਧ ਜੀਐੱਸਟੀ ਪ੍ਰਾਪਤੀਆਂ 6,830.40 ਕਰੋੜ ਰੁਪਏ ਤੱਕ ਪਹੁੰਚ ਗਈਆਂ। ਉਨ੍ਹਾਂ ਕਿਹਾ ਵਿੱਤੀ ਸਾਲ 2024-25 ਦੀ ਪਹਿਲੀ ਤਿਮਾਹੀ ਦੌਰਾਨ ਪ੍ਰਾਪਤੀ 5,377.75 ਕਰੋੜ ਰੁਪਏ ਦੇ ਮਾਲੀਏ ਸਦਕਾ ਦਰਜ ਕੀਤੀ ਗਈ 6.41 ਪ੍ਰਤੀਸ਼ਤ ਵਿਕਾਸ ਦਰ ਦੇ ਮੁਕਾਬਲੇ ਇਸ ਵਿੱਤੀ ਵਰ੍ਹੇ ਦੇ ਪਹਿਲੀ ਤਿਮਾਹੀ ਦੌਰਾਨ ਚਾਰ ਗੁਣਾ ਤੋਂ ਵੱਧ ਵਿਕਾਸ ਦਰ ਹਾਸਿਲ ਹੋਇਆ ਹੈ।
ਇਹ ਵੀ ਪੜ੍ਹੋ : Punjab : ਰਜਿਸਟਰੀਆਂ ਕਰਵਾਉਣ ਵਾਲਿਆਂ ਲਈ Good News, ਲਿਆ ਗਿਆ ਵੱਡਾ ਫ਼ੈਸਲਾ
ਵਿੱਤ ਮੰਤਰੀ ਨੇ ਪਿਛਲੀਆਂ ਅਕਾਲੀ-ਭਾਜਪਾ ਅਤੇ ਕਾਂਗਰਸ ਦੀ ਅਗਵਾਈ ਵਾਲੀਆਂ ਸਰਕਾਰਾਂ 'ਤੇ ਵੀ ਤਿੱਖਾ ਹਮਲਾ ਕਰਦਿਆਂ ਟੈਕਸ ਚੋਰੀ ਨੂੰ ਰੋਕਣ ਅਤੇ ਸੂਬੇ ਦੀ ਵਿੱਤੀ ਸਿਹਤ ਨੂੰ ਬਿਹਤਰ ਬਣਾਉਣ ਵਿਚ ਉਨ੍ਹਾਂ ਦੀ ਅਸਫਲਤਾ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮਹੀਨਾ-ਦਰ-ਮਹੀਨਾ ਅਤੇ ਸਾਲ-ਦਰ-ਸਾਲ ਨਿਰੰਤਰ ਵਿਕਾਸ ਨੂੰ ਯਕੀਨੀ ਬਣਾਇਆ ਹੈ। ਉਨ੍ਹਾਂ ਨੇ ਵਿੱਤੀ ਸਾਲ 2022-23 ਵਿਚ 16.25 ਪ੍ਰਤੀਸ਼ਤ, ਵਿੱਤੀ ਸਾਲ 2023-24 ਵਿਚ 15.51 ਪ੍ਰਤੀਸ਼ਤ ਅਤੇ ਵਿੱਤੀ ਸਾਲ 2024-25 ਵਿੱਚ 12.84 ਪ੍ਰਤੀਸ਼ਤ ਦੀ ਜੀਐੱਸਟੀ ਸੰਗ੍ਰਹਿ ਵਿਕਾਸ ਦਰ ਦਾ ਜ਼ਿਕਰ ਕੀਤਾ, ਜਿਸ ਨਾਲ ਤਿੰਨ ਸਾਲਾਂ ਵਿਚ ਕੁੱਲ 62,733 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ। ਇਸ ਦੇ ਉਲਟ, ਵਿੱਤੀ ਸਾਲ 2018-19 ਤੋਂ ਵਿੱਤੀ ਸਾਲ 2021-22 ਤੱਕ ਕਾਂਗਰਸ ਦੇ ਸ਼ਾਸਨ ਦੌਰਾਨ ਸੂਬੇ ਨੇ ਸਿਰਫ਼ 55,146 ਕਰੋੜ ਰੁਪਏ ਇਕੱਠੇ ਕੀਤੇ। ਇਸੇ ਤਰ੍ਹਾਂ, ਅਕਾਲੀ-ਭਾਜਪਾ ਸਰਕਾਰ ਦੌਰਾਨ ਸੂਬੇ ਵਿਚ ਵਿੱਤੀ ਸਾਲ 2014-15 ਅਤੇ ਵਿੱਤੀ ਸਾਲ 2015-16 ਦੌਰਾਨ ਵੈਟ ਅਤੇ ਸੀ.ਐਸ.ਟੀ ਪ੍ਰਾਪਤੀ ਵਿਚ ਕ੍ਰਮਵਾਰ ਸਿਰਫ 4.57 ਪ੍ਰਤੀਸ਼ਤ ਅਤੇ 2.67 ਪ੍ਰਤੀਸ਼ਤ ਵਾਧਾ ਹੋਇਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਪ ਸਰਕਾਰ ਨੇ ਤਿੰਨ ਸਾਲਾਂ ਵਿਚ ਹੀ ਕਾਂਗਰਸ ਸਰਕਾਰ ਦੁਆਰਾ ਆਪਣੇ ਪੂਰੇ ਪੰਜ ਸਾਲਾਂ ਵਿਚ ਪ੍ਰਾਪਤ ਕੀਤੇ ਗਏ ਜੀ.ਐੱਸ.ਟੀ. ਮਾਲੀਏ ਨਾਲੋਂ ਵੱਧ ਮਾਲੀਆ ਪ੍ਰਾਪਤ ਕਰ ਲਿਆ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ, ਤਨਖਾਹਾਂ ਵਿਚ ਕੀਤਾ ਭਾਰੀ ਵਾਧਾ
ਉਨ੍ਹਾਂ ਅੱਗੇ ਕਿਹਾ ਕਿ ਪਿਛਲੀ ਕਾਂਗਰਸ ਦੀ ਅਗਵਾਈ ਵਾਲੀ ਸੂਬਾ ਸਰਕਾਰ ਰਾਜ ਦੇ ਮਾਲੀਏ ਲਈ ਭਵਿੱਖ ਦੀ ਕੋਈ ਯੋਜਨਾ ਬਣਾਉਣ ਦੀ ਜਗ੍ਹਾ 30,070 ਕਰੋੜ ਰੁਪਏ ਦੇ ਪ੍ਰਾਪਤ ਹੋਏ ਜੀ.ਐੱਸ.ਟੀ ਮੁਆਵਜ਼ੇ 'ਤੇ ਹੀ ਨਿਰਭਰ ਰਹੀ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਟੈਕਸ ਚੋਰੀ ਨੂੰ ਘਟਾਉਣ ਅਤੇ ਰਾਜ ਦੀ ਵਿੱਤੀ ਸਥਿਰਤਾ ਨੂੰ ਸੁਰੱਖਿਅਤ ਰੱਖਣ ਲਈ ਫੀਲਡ ਇਨਫੋਰਸਮੈਂਟ, ਟਾਰਗੇਟਡ ਡੇਟਾ-ਅਧਾਰਿਤ ਨਿਰੀਖਣ ਅਤੇ ਕਰ ਪਾਲਣਾ ਵਿਚ ਸੁਧਾਰ ਲਿਆਉਣ ਲਈ ਕੰਮ ਕੀਤਾ। ਉਨ੍ਹਾਂ ਦੱਸਿਆ ਕਿ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟ (ਐਸ.ਆਈ.ਪੀ.ਯੂ) ਨੇ ਇਕ ਅਕਾਊਂਟੈਂਟ ਵੱਲੋਂ ਚਲਾਏ ਜਾ ਰਹੇ ਜੀ.ਐੱਸ.ਟੀ ਧੋਖਾਧੜੀ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ ਜਿਸ ਵੱਲੋਂ ਜਾਅਲੀ ਬਿਲਿੰਗ ਅਤੇ ਆਈ.ਟੀ.ਸੀ ਧੋਖਾਧੜੀ ਲਈ 20 ਜਾਅਲੀ ਫਰਮਾਂ ਬਣਾਈਆਂ ਅਤੇ ਚਲਾਈਆਂ ਜਾ ਰਹੀਆਂ ਸਨ। ਮੁੱਢਲੀ ਜਾਂਚ ਵਿਚ 866.67 ਕਰੋੜ ਰੁਪਏ ਦੇ ਧੋਖਾਧੜੀ ਵਾਲੇ ਲੈਣ-ਦੇਣ ਦਾ ਪਤਾ ਲੱਗਿਆ ਹੈ, ਜਿਸ ਨਾਲ 157.22 ਕਰੋੜ ਰੁਪਏ ਦੀ ਟੈਕਸ ਚੋਰੀ ਹੋਣ ਦਾ ਅਨੁਮਾਨ ਹੈ। ਇਸ ਤੋਂ ਇਲਾਵਾ, ਵਿਭਾਗ ਨੇ ਇਕ ਵੱਡੇ ਜੀਐਸਟੀ ਚੋਰੀ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ ਜਿਸ ਵਿਚ ਮੈਸਰਜ਼ ਮਾਂ ਦੁਰਗਾ ਰੋਡਲਾਈਨਜ਼, ਜੋ ਕਿ ਇਕ ਟਰਾਂਸਪੋਰਟਰ ਵਜੋਂ ਰਜਿਸਟਰਡ ਹੈ, 168 ਕਰੋੜ ਰੁਪਏ ਦੇ ਜਾਅਲੀ ਈ-ਵੇਅ ਬਿੱਲ ਬਣਾਉਣ ਅਤੇ ਬੇਹਿਸਾਬ ਸਾਮਾਨ ਦੀ ਢੋਆ-ਢੁਆਈ ਵਿਚ ਸ਼ਾਮਲ ਪਾਇਆ ਗਿਆ, ਜਿਸ ਵਿਚ 30.66 ਕਰੋੜ ਰੁਪਏ ਦੀ ਕਰ ਦੇਣਦਾਰੀ ਸ਼ਾਮਲ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਲਈ ਅਹਿਮ ਖ਼ਬਰ, ਛੁੱਟੀਆਂ ਮੁੱਕਣ ਤੋਂ ਪਹਿਲਾਂ ਨਵੇਂ ਹੁਕਮ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਜਪਾ ਆਗੂ ਅਰਵਿੰਦ ਖੰਨਾ ਨੇ 'ਆਪ' 'ਤੇ ਵਿੰਨ੍ਹਿਆ ਨਿਸ਼ਾਨਾ
NEXT STORY