ਚੰਡੀਗੜ੍ਹ (ਰਮਨਜੀਤ)- ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ 'ਆਪ' ਦੇ ਬਿਜਲੀ ਮੋਰਚੇ ਦੇ ਕੋ-ਆਰਡੀਨੇਟਰ ਨੇ ਮਹਿੰਗੀ ਬਿਜਲੀ ਲਈ ਸਿੱਧਾ ਸੁਖਬੀਰ ਬਾਦਲ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਅਕਾਲੀ ਦਲ ਵਲੋਂ ਬਿਜਲੀ ਦੇ ਮੁੱਦੇ 'ਤੇ ਧਰਨਿਆਂ ਦਾ ਐਲਾਨ ਨਿਰੋਲ ਸਿਆਸੀ ਸਟੰਟ ਹੈ। 'ਆਪ' ਲੀਡਰਸ਼ਿਪ ਇਨ੍ਹਾਂ ਦੀ ਇਸ ਡਰਾਮੇਬਾਜ਼ੀ ਦੇ ਮੌਕੇ 'ਤੇ ਪੋਲ ਖੋਲ੍ਹੇਗੀ। 'ਆਪ' ਮੁੱਖ ਦਫਤਰ ਵਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 'ਪੰਜਾਬ ਅਤੇ ਪੰਜਾਬ ਦੇ ਲੋਕਾਂ ਲਈ ਇਹ ਸ਼ੁਭ ਸ਼ਗਨ ਹੈ ਕਿ ਅਕਾਲੀ ਦਲ (ਬਾਦਲ) ਨੇ ਮਹਿੰਗੀ ਬਿਜਲੀ ਦੇ ਮੁੱਦੇ 'ਤੇ ਆਪਣੀ ਪਿਛਲੀ ਸਰਕਾਰ ਦੌਰਾਨ ਖੁਦ ਹੀ ਲਾਈ ਅੱਗ 'ਚ ਹੱਥ ਪਾ ਲਿਆ। ਸੁਖਬੀਰ ਬਾਦਲ ਅਤੇ ਉਸ ਦੀ ਸਮੁੱਚੀ ਪਾਰਟੀ ਨੂੰ ਲੋਕਾਂ ਸਾਹਮਣੇ ਦੱਸਣਾ ਪਵੇਗਾ ਕਿ ਉਨ੍ਹਾਂ ਸਸਤੀ ਬਿਜਲੀ ਪੈਦਾ ਕਰ ਰਹੇ ਸਰਕਾਰੀ ਥਰਮਲ ਪਲਾਂਟਾਂ ਨੂੰ ਬੰਦ ਕਰਕੇ ਪ੍ਰਾਈਵੇਟ ਥਰਮਲ ਕੰਪਨੀਆਂ ਨਾਲ ਬੇਹੱਦ ਮਹਿੰਗੇ ਅਤੇ ਮਾਰੂ ਸ਼ਰਤਾਂ ਵਾਲੇ ਬਿਜਲੀ ਖਰੀਦ ਸਮਝੌਤੇ (ਪੀਪੀਏਜ਼) ਕਿਉਂ ਕੀਤੇ ਸਨ? ਇਹ ਵੀ ਦੱਸਣਾ ਪਵੇਗਾ ਕਿ ਇਕ ਵੀ ਯੂਨਿਟ ਨਾ ਖਰੀਦੇ ਜਾਣ ਦੇ ਬਾਵਜੂਦ 'ਫਿਕਸ ਚਾਰਜਿਜ' ਦੇ ਨਾਂ 'ਤੇ ਇਨ੍ਹਾਂ ਤਿੰਨ ਪ੍ਰਾਈਵੇਟ ਥਰਮਲ ਪਲਾਂਟਾਂ (ਤਲਵੰਡੀ ਸਾਬੋ, ਰਾਜਪੁਰਾ ਅਤੇ ਸ੍ਰੀ ਗੋਇੰਦਵਾਲ ਸਾਹਿਬ) ਨੂੰ ਸਰਕਾਰੀ ਖਜ਼ਾਨੇ 'ਚੋਂ ਸਾਲਾਨਾ 2800 ਕਰੋੜ ਰੁਪਏ ਕਿਸ ਲਈ, ਕਿਸ ਨੇ ਅਤੇ ਕਿਉਂ ਬੰਨ੍ਹੇ ਗਏ?
ਇਸ ਦੇ ਨਾਲ ਹੀ ਮੀਤ ਹੇਅਰ ਨੇ ਕਿਹਾ ਕਿ ਲੋਕਾਂ ਦੀ ਕਚਹਿਰੀ 'ਚ ਸੁਖਬੀਰ ਬਾਦਲ ਨੂੰ ਇਹ ਵੀ ਮੰਨਣਾ ਪਵੇਗਾ ਕਿ ਇਨ੍ਹਾਂ ਮਹਿੰਗੇ ਅਤੇ ਪੰਜਾਬ ਵਿਰੋਧੀ ਲੋਕ ਵਿਰੋਧੀ ਸਮਝੌਤਿਆਂ 'ਚ ਉਨ੍ਹਾਂ (ਬਾਦਲਾਂ) ਨੇ ਆਪਣੀ ਕਿੰਨੀ ਹਿੱਸੇਦਾਰੀ ਰੱਖੀ ਹੈ ਅਤੇ ਅੱਜ ਕੱਲ ਕੈਪਟਨ ਸਰਕਾਰ ਨੂੰ ਕਿੰਨੀ ਹਿੱਸੇਦਾਰੀ 'ਕਮੀਸ਼ਨ' ਦੇ ਰੂਪ 'ਚ ਜਾ ਰਹੀ ਹੈ, ਕਿਉਂਕਿ ਕਾਂਗਰਸ ਆਪਣੇ ਉਸ ਚੋਣ ਵਾਅਦੇ ਤੋਂ ਹੀ ਦੜ ਵੱਟ ਗਈ ਹੈ, ਜਿਸ ਤਹਿਤ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਕਾਂਗਰਸ ਦੀ ਸਰਕਾਰ ਬਣਦਿਆਂ ਹੀ ਬਾਦਲਾਂ ਵੱਲੋਂ ਕੀਤੇ ਗਏ ਮਹਿੰਗੇ ਬਿਜਲੀ ਸਮਝੌਤੇ ਰੱਦ ਕਰਕੇ ਲੋਕਾਂ ਨੂੰ ਸਸਤੀ ਬਿਜਲੀ ਮੁਹੱਈਆ ਕੀਤੀ ਜਾਵੇਗੀ। ਮੀਤ ਹੇਅਰ ਨੇ ਦੱਸਿਆ ਕਿ 9 ਜੁਲਾਈ ਨੂੰ ਇਸ ਮੁੱਦੇ 'ਤੇ ਚੰਡੀਗੜ੍ਹ 'ਚ ਲੀਡਰਸ਼ਿਪ ਦੀ ਬੈਠਕ ਉਪਰੰਤ ਉਹ (ਮੀਤ), ਹਰਪਾਲ ਸਿੰਘ ਚੀਮਾ, ਪ੍ਰਿੰਸੀਪਲ ਬੁੱਧਰਾਮ, ਖਜ਼ਾਨਚੀ ਸੁਖਵਿੰਦਰ ਸੁੱਖੀ 10 ਅਤੇ 11 ਜੁਲਾਈ ਨੂੰ ਦੁਆਬੇ ਅਤੇ ਮਾਝੇ 'ਚ ਬਿਜਲੀ ਮੋਰਚਾ ਭਖਾਉਣਗੇ।
ਪਾਕਿਸਤਾਨੀ ਮਾਲ ਗੱਡੀ 'ਚੋਂ ਕਸਟਮ ਵਿਭਾਗ ਨੇ ਜ਼ਬਤ ਕੀਤੀ 1 ਕਿਲੋ ਹੈਰੋਇਨ
NEXT STORY