ਚੰਡੀਗੜ੍ਹ, (ਭੁੱਲਰ)- ਮੋਦੀ ਸਰਕਾਰ ਸਿਰਫ ਪੂੰਜੀਪਤੀਆਂ ਲਈ ਕੰਮ ਕਰ ਰਹੀ ਹੈ ਅਤੇ ਮੂਲਵਾਦੀ ਤੇ ਧਾਰਮਿਕ ਕੱਟੜਵਾਦੀ ਸੰਗਠਨਾਂ ਨੂੰ ਇਸ ਰਾਜ 'ਚ ਹੱਲਾਸ਼ੇਰੀ ਦੇਣ ਨਾਲ ਦੇਸ਼ ਦੇ ਧਰਮ-ਨਿਰਪੱਖ ਸਰੂਪ ਨੂੰ ਗੰਭੀਰ ਖਤਰੇ ਪੈਦਾ ਹੋ ਰਹੇ ਹਨ। ਮੋਦੀ ਸਰਕਾਰ ਦਾ ਅਸਲੀ ਚਿਹਰਾ, ਚਰਿਤੱਰ ਤੇ ਚਾਲ ਲੋਕਾਂ 'ਚ ਬੇਨਕਾਬ ਕਰਾਂਗੇ। ਇਹ ਐਲਾਨ ਸੀ. ਪੀ. ਆਈ. ਦੇ ਕੌਮੀ ਸਕੱਤਰ ਸ਼ਮੀਮ ਫੈਜ਼ੀ ਨੇ ਪਾਰਟੀ ਦੀ ਪੰਜਾਬ ਸਟੇਟ ਕੌਂਸਲ ਦੀ 2 ਦਿਨਾ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਲਈ ਲਗਾਤਾਰ ਇਕ ਮਹੀਨਾ ਤਿਆਰੀ ਚੱਲੇਗੀ, ਜਿਸ ਦੌਰਾਨ ਦੇਸ਼ ਭਰ 'ਚ ਪਾਰਟੀ ਦੀਆਂ 40 ਹਜ਼ਾਰ ਬ੍ਰਾਂਚਾਂ ਰਾਹੀਂ ਪਾਰਟੀ ਆਗੂਆਂ ਤੇ ਵਰਕਰਾਂ ਦੇ ਸੈਮੀਨਾਰ ਅਤੇ ਮੀਟਿੰਗਾਂ ਤੋਂ ਇਲਾਵਾ ਜਨ-ਸਭਾਵਾਂ ਆਯੋਜਿਤ ਕੀਤੀਆਂ ਜਾਣਗੀਆਂ। ਪੰਜਾਬ 'ਚ 28 ਨਵੰਬਰ ਨੂੰ ਲੁਧਿਆਣਾ 'ਚ ਵੱਡੀ ਸੂਬਾ ਪੱਧਰੀ ਰੈਲੀ ਕਰਨ ਦਾ ਵੀ ਫੈਸਲਾ ਲਿਆ ਗਿਆ ਹੈ। ਫੈਜ਼ੀ ਨੇ ਕਿਹਾ ਕਿ ਪਾਰਟੀ ਦੀਆਂ ਸਰਗਰਮੀਆਂ 'ਚ ਆਈ ਖੜੋਤ ਨੂੰ ਤੋੜਨ ਲਈ ਮੁੜ ਤਿੱਖੇ ਜਨ-ਅੰਦੋਲਨ ਵਿੱਢੇ ਜਾਣਗੇ।
ਸੀ. ਪੀ. ਆਈ. ਪੰਜਾਬ ਦੇ ਸੂਬਾ ਸਕੱਤਰ ਹਰਦੇਵ ਅਰਸ਼ੀ ਨੇ ਇਸ ਮੌਕੇ ਕਿਹਾ ਕਿ ਸੂਬੇ ਦੀ ਕੈਪਟਨ ਸਰਕਾਰ ਵੀ 6 ਮਹੀਨਿਆਂ ਦੇ ਸਮੇਂ 'ਚ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ 'ਚ ਬੁਰੀ ਤਰ੍ਹਾਂ ਫੇਲ ਹੋਈ ਹੈ ਅਤੇ ਉਸ ਨੇ ਲੋਕਾਂ ਦਾ ਭਰੋਸਾ ਤੋੜਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਨੌਜਵਾਨਾਂ 'ਚ ਵੀ ਕੈਪਟਨ ਸਰਕਾਰ ਵਲੋਂ ਵਾਅਦਿਆਂ ਨੂੰ ਪੂਰਾ ਕਰਨ ਵੱਲ ਧਿਆਨ ਨਾ ਦਿੱਤੇ ਜਾਣ ਕਾਰਨ ਨਿਰਾਸ਼ਾ ਵਧ ਰਹੀ ਹੈ। ਸੂਬੇ ਦੀ ਅਮਨ-ਕਾਨੂੰਨ ਦੀ ਹਾਲਤ 'ਚ ਵੀ ਗਿਰਾਵਟ ਆ ਰਹੀ ਹੈ। ਪ੍ਰੈੱਸ ਕਾਨਫਰੰਸ 'ਚ ਸੀ. ਪੀ. ਆਈ. ਦੇ ਸੀਨੀਅਰ ਆਗੂ ਡਾ. ਜੋਗਿੰਦਰ ਦਿਆਲ ਦੇ ਨਾਲ ਬੰਤ ਬਰਾੜ, ਗੁਰਨਾਮ ਕੰਵਰ ਅਤੇ ਕਸ਼ਮੀਰ ਸਿੰਘ ਗਦਾਈਆਂ ਆਦਿ ਵੀ ਸ਼ਾਮਲ ਸਨ।
ਵਾਟਰ ਸਪਲਾਈ ਵਿਭਾਗ ਦੇ ਕਰਮਚਾਰੀ ਨੂੰ ਟਿੱਪਰ ਨੇ ਕੁਚਲਿਆ
NEXT STORY