ਜਲਾਲਾਬਾਦ, (ਗੁਲਸ਼ਨ, ਜਤਿੰਦਰ, ਬੰਟੀ, ਨਿਖੰਜ,ਬਜਾਜ, ਟੀਨੂੰ, ਦੀਪਕ)- ਕੇਂਦਰੀ ਖੁਰਾਕ ਏਜੰਸੀ (ਐੱਫ. ਸੀ. ਆਈ.) ਪ੍ਰਬੰਧਨ ਵੱਲੋਂ ਵਿਭਾਗ 'ਚ ਰੇਲਵੇ ਦੀ ਸਪੈਸ਼ਲ ਲੋਡਿੰਗ ਦਾ ਕੰਮ ਠੇਕੇਦਾਰੀ ਸਿਸਟਮ ਅਧੀਨ ਦਿੱਤੇ ਜਾਣ ਦੇ ਰੋਸ ਵਜੋਂ ਅੱਜ ਭਾਰਤੀ ਖੁਰਾਕ ਨਿਗਮ ਦੇ ਸਥਾਨਕ ਡਿਪੂ 'ਚ ਕੰਮ ਕਰਦੇ ਕਿਰਤੀਆਂ ਵੱਲੋਂ ਮੁੱਖ ਡਿਪੂ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ।
ਰੋਸ ਵਿਖਾਵੇ ਦੌਰਾਨ ਇਕੱਤਰ ਹੋਏ ਕਾਮਿਆਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਰੇਲਵੇ ਦੀ ਸਪੈਸ਼ਲ ਲੋਡਿੰਗ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਐੱਫ. ਸੀ. ਆਈ. ਦੇ ਮੁੱਖ ਡਿਪੂ ਤੋਂ ਲੈ ਕੇ ਮੁੱਖ ਰੇਲਵੇ ਸਟੇਸ਼ਨ ਤੱਕ ਸੁਰੱਖਿਆ ਦਾ ਪੁਖਤਾ ਪ੍ਰਬੰਧ ਕੀਤਾ ਗਿਆ ਸੀ।
ਕਿਰਤੀਆਂ ਦੇ ਰੋਸ ਵਿਖਾਵੇ ਦੀ ਅਗਵਾਈ ਕਰ ਰਹੇ ਐੱਫ. ਸੀ. ਆਈ. ਲੇਬਰਜ਼ ਯੂਨੀਅਨ ਦੇ ਪ੍ਰਧਾਨ ਪ੍ਰੀਤਮ ਸਿੰਘ, ਬਲਵੰਤ ਸਿੰਘ ਫਲੀਆਂ ਵਾਲਾ, ਮਹਿੰਦਰ ਸਿੰਘ, ਤੇਜਾ ਸਿੰਘ, ਸਨਾਤਨ ਢੱਲ, ਕਸ਼ਮੀਰ ਚੰਦ, ਸਰਪੰਚ ਰੇਸ਼ਮ ਸਿੰਘ ਤੇ ਹੋਰ ਆਗੂਆਂ ਨੇ ਕਿਹਾ ਕਿ ਐੱਫ. ਸੀ. ਆਈ. ਦੇ ਪੱਕੇ ਮੁਲਾਜ਼ਮਾਂ ਨੂੰ ਬੇਰੁਜ਼ਗਾਰ ਕਰਨ ਦਾ ਫੈਸਲਾ ਲੈ ਕੇ ਮੈਨੇਜਮੈਂਟ ਵੱਲੋਂ ਧੱਕੇਸ਼ਾਹੀ ਨਾਲ ਠੇਕੇਦਾਰੀ ਸਿਸਟਮ ਲਾਗੂ ਕਰ ਦਿੱਤਾ ਗਿਆ ਹੈ।
ਐੱਫ. ਸੀ. ਆਈ. ਦੀ ਲੇਬਰ ਜੋ ਕਿ ਕਰੀਬ 3 ਦਹਾਕਿਆਂ ਤੋਂ ਰੇਲ ਹੈੱਡ 'ਤੇ ਕੰਮ ਕਰਦੀ ਆ ਰਹੀ ਸੀ ਅੱਜ ਜਦੋਂ ਸਪੈਸ਼ਲ ਲੋਡਿੰਗ ਕਰਵਾਉਣ ਲਈ ਜਾਣ ਲੱਗੀ ਤਾਂ ਪੁਲਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰਾਹ 'ਚ ਰੋਕ ਦਿੱਤਾ। ਕਿਰਤੀਆਂ ਨੇ ਕਿਹਾ ਕਿ ਮੁੱਖ ਰੇਲਵੇ ਸਟੇਸ਼ਨ ਤੇ ਠੇਕੇਦਾਰ ਬਾਹਰੋਂ ਮੁਲਾਜ਼ਮ ਲਿਆ ਕੇ ਸਪੈਸ਼ਲ ਲੋਡਿੰਗ ਦਾ ਕੰਮ ਕਰ ਰਹੇ ਹਨ ਤੇ ਸਰਕਾਰ ਦੇ ਠੇਕੇਦਾਰੀ ਸਿਸਟਮ ਨਾਲ ਕਰੀਬ 300 ਪੱਕੇ ਮੁਲਾਜ਼ਮਾਂ ਦੇ ਸਾਹਮਣੇ ਰੋਜ਼ੀ ਦਾ ਸੰਕਟ ਖੜ੍ਹਾ ਹੋ ਗਿਆ ਹੈ, ਜਿਸ ਕਾਰਨ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਐੱਫ. ਸੀ. ਆਈ. 'ਚ ਪੁਰਾਣੀ ਲੇਬਰ ਨੂੰ ਬਹਾਲ ਕੀਤਾ ਜਾਵੇ।
ਲੇਬਰਜ਼ ਯੂਨੀਅਨ ਆਗੂਆਂ ਨੇ ਕਿਹਾ ਕਿ ਕਿਰਤੀਆਂ ਦਾ 90 ਫੀਸਦੀ ਰੁਜ਼ਗਾਰ ਸਪੈਸ਼ਲ ਲੋਡਿੰਗ 'ਤੇ ਨਿਰਭਰ ਕਰਦਾ ਹੈ, ਜਦੋਂਕਿ 10 ਫੀਸਦੀ ਕੰਮ ਡਿਪੂ 'ਚ ਮਿਲਦਾ ਹੈ। ਕਿਰਤੀਆਂ ਨੂੰ ਸਰਕਾਰ ਪਾਸੋਂ ਡੇਲੀਵੇਜ਼ 'ਤੇ 550 ਰੁਪਏ ਪ੍ਰਤੀ ਦਿਨ ਦਾ ਭੱਤਾ ਮਿਲਦਾ ਹੈ, ਜਦੋਂਕਿ ਲੋਡਿੰਗ ਦੇ ਕੰਮ ਦੌਰਾਨ 7.50 ਰੁਪਏ ਪ੍ਰਤੀ ਬੈਗ ਦੇ ਹਿਸਾਬ ਨਾਲ ਦਿਹਾੜੀ ਕਿਰਤੀਆਂ ਨੂੰ ਮਿਲਦੀ ਸੀ। ਸਰਕਾਰ ਦੇ ਗਲਤ ਫੈਸਲੇ ਕਾਰਨ ਉਹ ਬੇਰੁਜ਼ਗਾਰ ਹੋ ਗਏ ਹਨ। ਕਿਰਤੀਆਂ ਨੇ ਕਿਹਾ ਕਿ ਠੇਕੇਦਾਰੀ ਸਿਸਟਮ ਦੇ ਵਿਰੋਧ 'ਚ ਉਨ੍ਹਾਂ ਨੂੰ ਕਲਕੱਤਾ ਤੇ ਦਿੱਲੀ ਹੈੱਡਕੁਆਟਰ ਤੋਂ ਜੋ ਵੀ ਨਿਰਦੇਸ਼ ਮਿਲਣਗੇ ਉਸਦੇ ਅਨੁਸਾਰ ਉਹ ਸਰਕਾਰ ਵਿਰੁੱਧ ਸੰਘਰਸ਼ ਦੀ ਰਣਨੀਤੀ ਉਲੀਕਣਗੇ।
ਜਮਹੂਰੀ ਕਿਸਾਨ ਸਭਾ ਵੱਲੋਂ ਅਰਥੀ ਫੂਕ ਮੁਜ਼ਾਹਰਾ
NEXT STORY