ਮਾਨਸਾ,(ਸੰਦੀਪ ਮਿੱਤਲ)- ਪੰਜਾਬ ਪੁਲਸ ਵਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ, ਜਦੋਂ ਪੁਲਸ ਨੇ ਜਾਅਲੀ ਕਰਫਿਊ ਪਾਸ ਜ਼ਰੀਏ ਮਜ਼ਦੂਰਾਂ ਨੂੰ ਯੂ. ਪੀ. ਛੱਡਣ ਜਾ ਰਹੇ 5 ਬੱਸ ਚਾਲਕ ਅਤੇ 1 ਮਾਲਕ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਦੋਂ ਕਿ 4 ਹੋਰ ਬੱਸ ਮਾਲਕਾਂ ਖਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ। ਇੰਨ੍ਹਾਂ ਪ੍ਰਵਾਸੀਆਂ ’ਚ 150 ਪੁਰਸ਼, 80 ਔਰਤਾਂ ਅਤੇ 115 ਬੱਚੇ ਸ਼ਾਮਲ ਸਨ। ਜਾਣਕਾਰੀ ਦਿੰਦਿਆਂ ਜ਼ਿਲਾ ਪੁਲਸ ਮੁਖੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਉਤਰ ਪ੍ਰਦੇਸ਼ ਦੇ ਮਹੋਬਾ ਵਿਖੇ ਛੱਡਣ ਲਈ ਮੋਟੀ ਰਕਮ ਵਸੂਲ ਕਰਨ ਵਾਲੇ ਇਨ੍ਹਾਂ ਬੱਸ ਚਾਲਕਾਂ/ਮਾਲਕਾਂ ਵੱਲੋਂ ਜਾਅਲੀ ਕਰਫਿਊ ਪਾਸ ਬਣਾ ਕੇ ਛੱਡਣ ਲਈ ਲਿਜਾਇਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵੱਲੋਂ ਇਹ ਜਾਅਲੀ ਪਾਸ ਏ. ਡੀ. ਐੱਮ. ਬਠਿੰਡਾ ਵਲੋਂ ਜਾਰੀ ਕੀਤੇ ਦਰਸਾਏ ਗਏ ਸਨ।
ਡਾ. ਭਾਰਗਵ ਨੇ ਦੱਸਿਆ ਕਿ ਇਸ ਸਬੰਧ ’ਚ ਪਰਮਜੀਤ ਸਿੰਘ ਵਾਸੀ ਖ਼ਿਆਲਾ ਕਲਾਂ ਡਰਾਈਵਰ ਚਹਿਲ ਬੱਸ ਟਰਾਂਸਪੋਰਟ, ਬੰਟੀ ਸੇਠ ਵਾਸੀ ਭੀਖੀ ਨੂਰ ਚਹਿਲ ਬੱਸ ਸਰਵਿਸ, ਜਸਬੀਰ ਸਿੰਘ ਵਾਸੀ ਭੀਖੀ ਡਰਾਈਵਰ ਨੂਰ ਚਹਿਲ ਬੱਸ ਸਰਵਿਸ, ਗੋਮੀ ਸਿੰਘ ਵਾਸੀ ਭੀਖੀ ਡਰਾਈਵਰ ਜੋਗੀ ਪੀਰ ਬੱਸ ਸਰਵਿਸ, ਬਲਬੀਰ ਸਿੰਘ ਵਾਸੀ ਬੁਢਲਾਡਾ ਡਰਾਈਵਰ ਨੂਰ ਚਹਿਲ ਬੱਸ ਸਰਵਿਸ ਅਤੇ ਭਾਈ ਬਹਿਲੋ ਬੱਸ ਸਰਵਿਸ ਮਾਲਕ-ਕਮ-ਚਾਲਕ ਅਮਰੀਕ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ ਬੱਸ ਕੰਪਨੀ ਦੇ ਮਾਲਕਾਂ ਸੁਰਿੰਦਰ ਕੁਮਾਰ, ਹਰਮਿੰਦਰ ਸਿੰਘ, ਬਲਕਰਨ ਸਿੰਘ ਅਤੇ ਮਨਪ੍ਰੀਤ ਸਿੰਘ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ। ਇਨ੍ਹਾਂ ਸਾਰੇ ਵਿਅਕਤੀਆਂ ਖਿਲਾਫ਼ ਸਰਦੂਲਗੜ੍ਹ ਥਾਣੇ ’ਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਇਹ ਸਾਰੇ ਵਿਅਕਤੀ ਮਾਨਸਾ ਜ਼ਿਲੇ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਸ ਚਾਲਕਾਂ ਅਤੇ ਮਾਲਕਾਂ ਵੱਲੋਂ ਬੱਸਾਂ ’ਚ ਕਿਸੇ ਵੀ ਤਰ੍ਹਾਂ ਦੀ ਸਮਾਜਕ ਦੂਰੀ ਦਾ ਕੋਈ ਧਿਆਨ ਵੀ ਨਹੀਂ ਰੱਖਿਆ ਗਿਆ ਸੀ। ਪੁਲਸ ਵਲੋਂ ਇਨ੍ਹਾਂ ਪ੍ਰਵਾਸੀਆਂ ਨੂੰ ਬੱਸਾਂ ਅਤੇ ਸਹੀ ਪਾਸ ਮੁਹੱਈਆ ਕਰਵਾ ਕੇ ਕੋਵਿਡ-19 ਦੀਆਂ ਸਾਵਧਾਨੀਆਂ ਦਾ ਧਿਆਨ ਰੱਖਦਿਆਂ ਉਨ੍ਹਾਂ ਦੀ ਮੰਜ਼ਿਲ ਲਈ ਰਵਾਨਾ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਹਾਲੇ ਜਾਰੀ ਹੈ।
ਪ੍ਰੇਮ ਨਗਰ ਕੰਟੇਨਮੈਂਟ ਜੋਨ ਘੋਸ਼ਿਤ, ਆਉਣ ਜਾਉਣ 'ਤੇ ਲੱਗੀ ਪਾਬੰਦੀ
NEXT STORY