ਬਾਲਿਆਂਵਾਲੀ (ਸ਼ੇਖਰ)-ਕੁਝ ਦਿਨ ਪਹਿਲਾਂ ਸਥਾਨਕ ਸਬ-ਤਹਿਸੀਲ ਬਾਲਿਆਂਵਾਲੀ ਵਿਖੇ ਕੁਝ ਅਰਜ਼ੀ ਨਵੀਸਾਂ ਵੱਲੋਂ ਆਪਣੇ ਖੋਖੇ 'ਤੇ ਬਿਜਲੀ ਮੀਟਰ ਲਵਾਉਣ ਲਈ ਨਾਇਬ ਤਹਿਸੀਲਦਾਰ ਦੇ ਜਾਅਲੀ ਦਸਤਖਤ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਉਕਤ ਮਾਮਲੇ 'ਚ ਨਾਇਬ ਤਹਿਸੀਲਦਾਰ ਵੱਲੋਂ ਪਾਵਰਕਾਮ ਨੂੰ ਬਿਜਲੀ ਕੁਨੈਕਸ਼ਨ ਕੱਟ ਕੇ ਕਾਰਵਾਈ ਕਰਨ ਲਈ ਲਿਖਿਆ ਗਿਆ ਸੀ, ਜਿਸ 'ਤੇ ਪਾਵਰਕਾਮ ਦੇ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਨਾਇਬ ਤਹਿਸੀਲਦਾਰ ਓਮ ਪ੍ਰਕਾਸ਼ ਜਿੰਦਲ ਦੀ ਹਾਜ਼ਰੀ 'ਚ ਇਹ ਕੁਨੈਕਸ਼ਨ ਕਟਵਾ ਕੇ ਮੀਟਰ ਲੁਹਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸਬ-ਤਹਿਸੀਲ ਵਿਖੇ ਅਰਜ਼ੀਆਂ, ਰਜਿਸਟਰੀਆਂ ਲਿਖਣ ਵਾਲੇ ਪਰਮਜੀਤ ਸਿੰਘ, ਟਿੱਕਾ ਖਾਨ ਤੇ ਜਸਵੀਰ ਸਿੰਘ ਦੀ ਦੁਕਾਨ 'ਤੇ ਬਿਜਲੀ ਮੀਟਰ ਲੱਗਿਆ ਸੀ ਜਦ ਕਿ ਸਰਕਾਰੀ ਜਗ੍ਹਾ 'ਤੇ ਮੀਟਰ ਲਵਾਉਣ ਲਈ ਸਰਕਾਰੀ ਮੰਜ਼ੂਰੀ ਦੀ ਲੋੜ ਹੁੰਦੀ ਹੈ। ਪੜਤਾਲ ਕਰਨ 'ਤੇ ਪਤਾ ਲੱਗਿਆ ਕਿ ਮੀਟਰ ਲਵਾਉਣ ਵਾਲੀ ਫਾਈਲ 'ਚ ਪਰਮਜੀਤ ਸਿੰਘ ਵੱਲੋਂ ਨਾਇਬ ਤਹਿਸੀਲਦਾਰ ਤੋਂ ਮੰਜ਼ੂਰੀ ਲੈਣ ਵਾਲਾ ਕਾਗਜ਼ ਲੱਗਿਆ ਹੋਇਆ ਸੀ, ਜਿਸ 'ਤੇ ਨਾਇਬ ਤਹਿਸੀਲਦਾਰ ਦੀ ਮੋਹਰ ਲਾ ਕੇ ਦਸਤਖਤ ਕੀਤੇ ਹੋਏ ਸਨ ਤੇ ਮੀਟਰ ਲੈਣ ਦੀ ਮੰਜ਼ੂਰੀ ਦਿੱਤੀ ਹੋਈ ਸੀ।
ਉਪਰੰਤ ਇਹ ਤੱਥ ਸਾਹਮਣੇ ਆਏ ਕਿ ਨਾਇਬ ਤਹਿਸੀਲਦਾਰ ਵੱਲੋਂ ਇਹ ਮੰਜ਼ੂਰੀ ਦਿੱਤੀ ਹੀ ਨਹੀਂ ਗਈ ਸਗੋਂ ਦਸਤਖਤ ਜਾਅਲੀ ਕੀਤੇ ਹੋਏ ਸਨ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਦੇ ਰਿਕਾਰਡ ਦੀ ਜਾਂਚ ਕਰਨ 'ਤੇ ਇਥੇ ਹੋਰ ਵੀ ਜਾਅਲੀ ਦਸਤਖਤਾਂ ਦੇ ਵੱਡੇ ਘਪਲੇ ਸਾਹਮਣੇ ਆ ਸਕਦੇ ਹਨ।
ਇਸ ਮਾਮਲੇ ਬਾਰੇ ਟਿੱਕਾ ਖਾਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੇ ਨਾਲ ਇਸ ਦਾ ਕੋਈ ਸੰਬੰਧ ਨਹੀਂ, ਇਹ ਮੀਟਰ ਪਰਮਜੀਤ ਸਿੰਘ ਦੇ ਨਾਂ 'ਤੇ ਲੱਗਿਆ ਸੀ। ਜਦਕਿ ਪਰਮਜੀਤ ਸਿੰਘ ਨੇ ਫੋਨ ਨਹੀਂ ਚੁੱਕਿਆ।
ਕੀ ਕਹਿੰਦੇ ਨੇ ਨਾਇਬ ਤਹਿਸੀਲਦਾਰ?
ਇਸ ਸਬੰਧੀ ਨਾਇਬ ਤਹਿਸੀਲਦਾਰ ਓਮ ਪ੍ਰਕਾਸ਼ ਜਿੰਦਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦਸਤਖਤ ਜਾਅਲੀ ਸਨ ਤੇ ਮੀਟਰ ਕੁਨੈਕਸ਼ਨ ਕਟਵਾ ਦਿੱਤਾ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।
ਵਿਕਾਸ ਦੀ ਦੌੜ 'ਚ ਪਛੜ ਕੇ ਰਹਿ ਗਿਆ ਸ਼ਹਿਰ ਦਾ 29 ਨੰਬਰ ਵਾਰਡ
NEXT STORY