ਫ਼ਰੀਦਕੋਟ (ਰਾਜਨ) - ਇਨਸਾਨਾਂ ਵਲੋਂ ਚਿੱਟੇ ਵਾਲ ਕਾਲੇ ਕਰਨ ਲਈ ਡਾਈ ਦਾ ਇਸਤੇਮਾਲ ਕਰਨਾ ਬੇਸ਼ੱਕ ਸਾਧਾਰਨ ਜਿਹੀ ਗੱਲ ਜਾਪਦੀ ਹੈ ਪਰ ਇਕ ਚਿੱਟੇ ਜਾਨਵਰ ਨੂੰ ਡਾਈ ਲਾ ਕੇ ਕਾਲਾ ਕਰ ਕੇ ਮਹਿੰਗੇ ਭਾਅ ਵੇਚਣਾ ਬੜੇ ਹੀ ਅਚੰਭੇ ਵਾਲੀ ਗੱਲ ਹੈ। ਇਕ ਅਜਿਹਾ ਹੀ ਧੋਖਾ ਫਰੀਦਕੋਟ 'ਚ ਰਹਿਣ ਵਾਲੇ ਘੋੜੇ ਪਾਲਣ ਦੇ ਸ਼ੌਕੀਨ ਨਾਲ ਹੋਇਆ ਹੈ, ਜਿਸ 'ਤੇ ਥਾਣਾ ਸਿਟੀ ਵਿਖੇ ਇਕ ਔਰਤ ਸਮੇਤ 8 ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਮਾਮਲਾ ਘੋੜੇ ਪਾਲਣ ਦਾ ਸ਼ੌਕ ਰੱਖਦੇ ਕਰਨਬੀਰਇੰਦਰ ਸਿੰਘ ਸੇਖੋਂ ਪੁੱਤਰ ਬੀਰਮ ਸਿੰਘ ਸੇਖੋਂ ਵਾਸੀ ਹਰਿੰਦਰਾ ਨਗਰ, ਫ਼ਰੀਦਕੋਟ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ। ਠੱਗੀ ਮਾਰਨ ਵਾਲੇ ਦੋਸ਼ੀਆਂ ਦੀ ਪਛਾਣ ਮੇਵਾ ਸਿੰਘ, ਹਰਪਾਲ ਸਿੰਘ ਅਤੇ ਉਸ ਦੀ ਪਤਨੀ ਵਾਸੀ ਬਰਨਾਲਾ, ਮਨਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਗੁਰਸੇਵਕ ਸਿੰਘ, ਮੰਗਲ ਖਾਨ ਅਤੇ ਕੁਲਜੀਤ ਸਿੰਘ ਵਜੋਂ ਹੋਈ ਹੈ।
ਪੀੜਤ ਸੇਖੋਂ ਨੇ ਦੱਸਿਆ ਕਿ ਉਹ ਘੋੜੇ ਪਾਲਣ ਦਾ ਸ਼ੌਕ ਰੱਖਦਾ ਹੈ। ਇਸ ਲਈ ਉਸ ਨੇ ਇਕ ਕਾਲਾ ਘੋੜਾ ਖਰੀਦਣ ਲਈ ਜਦੋਂ ਉਕਤ ਸਾਰਿਆਂ ਨਾਲ ਸੰਪਰਕ ਕੀਤਾ ਤਾਂ ਇਨ੍ਹਾਂ ਉਸ ਦੀ ਕੀਮਤ 24 ਲੱਖ ਰੁਪਏ ਲਾਈ ਸੀ ਪਰ ਆਖਿਰ ਘੋੜੇ ਦਾ ਸੌਦਾ 17 ਲੱਖ 50 ਹਜ਼ਾਰ ਰੁਪਏ 'ਚ ਹੋ ਗਿਆ। ਸ਼ਿਕਾਇਤ ਕਰਤਾ ਨੇ ਦੋਸ਼ ਲਾਇਆ ਕਿ ਉਹ ਇਹ ਰਕਮ ਦੇ ਕੇ ਘੋੜਾ ਆਪਣੇ ਘਰ ਲੈ ਆਇਆ ਪਰ ਥੋੜ੍ਹੇ ਸਮੇਂ ਬਾਅਦ ਹੀ ਉਸ 'ਤੇ ਚਿੱਟੇ ਡੱਬ ਪੈਣੇ ਸ਼ੁਰੂ ਹੋ ਗਏ ਅਤੇ ਘੋੜਾ ਸਫ਼ੈਦ ਹੋ ਗਿਆ। ਉਸ ਨੇ ਦੋਸ਼ ਲਾਇਆ ਕਿ ਉਕਤ ਸਾਰਿਆਂ ਨੇ ਮਿਲ ਕੇ ਸਸਤੇ ਘੋੜੇ ਨੂੰ ਡਾਈ ਲਾ ਕੇ ਕਾਲਾ ਕਰ ਕੇ ਉਸ ਨੂੰ ਮਹਿੰਗੇ ਭਾਅ ਵੇਚ ਕੇ ਉਸ ਨਾਲ ਠੱਗੀ ਕੀਤੀ ਹੈ। ਇਸ ਮਾਮਲੇ ਦੀ ਤਫਤੀਸ਼ ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
ਪੰਜਾਬ 'ਚ 'ਗਲਾਈਫੋਸੇਟ ਨਦੀਨਨਾਸ਼ਕ' ਦੀ ਵਿਕਰੀ 'ਤੇ ਪਾਬੰਦੀ
NEXT STORY