ਫ਼ਰੀਦਕੋਟ (ਹਾਲੀ) - ਫਰੀਦਕੋਟ ਸ਼ਹਿਰ 'ਚ ਦਿਨ-ਦਿਹਾੜੇ ਨੌਜਵਾਨਾਂ ਦਾ ਭੇਤਭਰੇ ਹਾਲਾਤ 'ਚ ਲਾਪਤਾ ਹੋਣ ਦਾ ਸਿਲਸਿਲਾ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ। ਬੇਸ਼ੱਕ ਪੁਲਸ ਵਲੋਂ ਗੁਆਚੇ ਨੌਜਵਾਨਾਂ ਨੂੰ ਲੱਭਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ ਪਰ ਫਿਰ ਵੀ ਨੌਜਵਾਨਾਂ ਦਾ ਗਾਇਬ ਹੋਣਾ ਜਾਰੀ ਹੈ। ਇਸੇ ਲੜੀ ਤਹਿਤ ਇਕ ਹੋਰ ਨੌਜਵਾਨ ਪਵਨ ਕੁਮਾਰ ਵਾਸੀ ਬਲਵੀਰ ਬਸਤੀ 31 ਮਈ, 2019 ਨੂੰ ਘਰੋਂ ਹੁਣੇ ਆਇਆ ਕਹਿ ਕੇ ਗਿਆ ਸੀ, ਜੋ ਵਾਪਸ ਨਹੀਂ ਆਇਆ। ਪਵਨ ਕੁਮਾਰ ਦੇ ਪਰਿਵਾਰਕ ਮੈਂਬਰਾਂ ਵਲੋਂ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਪਰ ਪੁਲਸ ਵੀ ਨੌਜਵਾਨ ਨੂੰ ਅਜੇ ਤੱਕ ਲੱਭ ਨਹੀਂ ਸਕੀ। ਪਵਨ ਕੁਮਾਰ ਦੀ ਮਾਂ ਕਮਲਾ ਦੇਵੀ ਅਤੇ ਪਿਤਾ ਰਾਜ ਕੁਮਾਰ ਨੇ ਦੱਸਿਆ ਕਿ ਉਸ ਦਾ ਪੁੱਤ 31 ਮਈ ਦੀ ਸ਼ਾਮ ਨੂੰ ਘਰੋਂ ਗਿਆ, ਜੋ ਅੱਜ ਤੱਕ ਵਾਪਸ ਨਹੀਂ ਆਇਆ। ਉਨ੍ਹਾਂ ਪੁੱਤਰ ਨੂੰ ਲੱਭਣ ਲਈ ਰਿਸ਼ਤੇਦਾਰਾਂ, ਮਿੱਤਰਾਂ ਅਤੇ ਸਾਕ-ਸਬੰਧੀਆਂ ਦੇ ਘਰਾਂ 'ਚ ਵੀ ਗਏ ਪਰ ਕੁਝ ਹੱਥ ਨਹੀਂ ਲੱਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਅਤੇ ਨਾ ਹੀ ਕਿਸੇ ਨਾਲ ਕੋਈ ਪੁਰਾਣੀ ਰੰਜਿਸ਼ ਹੈ।
ਉਨ੍ਹਾਂ ਦੱਸਿਆ ਕਿ ਪੁੱਤ ਦੀ ਭਾਲ ਲਈ ਬੱਸ ਸਟੈਂਡ, ਰੇਲਵੇ ਸਟੇਸ਼ਨ ਸਮੇਤ ਜਨਤਕ ਥਾਵਾਂ 'ਤੇ ਇਸ਼ਤਿਹਾਰ ਲਾਏ ਗਏ ਅਤੇ ਪੰਜਾਬ ਦੇ ਕਈ ਜ਼ਿਲਿਆਂ 'ਚ ਖੁਦ ਜਾ ਕੇ ਇਸ਼ਤਿਹਾਰ ਵੰਡੇ ਪਰ 22 ਦਿਨਾਂ ਤੋਂ ਗੁਆਚੇ ਪੁੱਤ ਬਾਰੇ ਕੁਝ ਨਹੀਂ ਪਤਾ ਲੱਗਾ।ਪੁੱਤ ਦੇ ਲਾਪਤਾ ਹੋਣ ਕਰਕੇ ਸਾਰਾ ਪਰਿਵਾਰ ਸਦਮੇ 'ਚ ਹੈ। ਜ਼ਿਕਰਯੋਗ ਹੈ ਕਿ ਫਰੀਦਕੋਟ ਸ਼ਹਿਰ 'ਚੋਂ ਨੌਜਵਾਨਾਂ ਦੇ ਲਾਪਤਾ ਹੋਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਅੱਧੀ ਦਰਜਨ ਦੇ ਕਰੀਬ ਨੌਜਵਾਨ ਭੇਤਭਰੇ ਹਾਲਾਤ 'ਚ ਲਾਪਤਾ ਹੋ ਚੁੱਕੇ ਹਨ। ਖੁਫੀਆ ਏਜੰਸੀਆਂ ਖੁਫੀਆ ਢੰਗ ਨਾਲ ਆਪਣੇ ਪੱਧਰ 'ਤੇ ਜਾਂਚ ਕਰ ਚੁੱਕੀਆਂ ਹਨ ਪਰ ਪੁੱਤਾਂ ਦੀ ਘਰ ਵਾਪਸੀ ਸਬੰਧੀ ਵਿਲਕਦੀਆਂ ਮਾਵਾਂ ਨੂੰ ਹੌਸਲਾ ਦੇਣ ਤੋਂ ਸਿਵਾਏ ਕਿਸ ਨੇ ਕੁਝ ਵੀ ਪੱਲੇ ਨਹੀਂ ਪਾਇਆ। ਇਸ ਕਰ ਕੇ ਆਏ ਦਿਨ ਲਾਪਤਾ ਹੋ ਰਹੇ ਨੌਜਵਾਨਾਂ ਦੇ ਗਾਇਬ ਹੋਣ ਦਾ ਭੇਤ ਜਿਉਂ ਦਾ ਤਿਉਂ ਬਣਿਆ ਹੋਇਆ ਹੈ।
ਕੀ ਕਹਿੰਦੇ ਨੇ ਪੁਲਸ ਕਪਤਾਨ
ਸੀਨੀਅਰ ਪੁਲਸ ਕਪਤਾਨ ਰਾਜ ਬਚਨ ਸਿੰਘ ਸੰਧੂ ਨੇ ਕਿਹਾ ਕਿ ਲਾਪਤਾ ਹੋਏ ਪਵਨ ਕੁਮਾਰ ਅਤੇ ਹੋਰ ਗੁਆਚੇ ਨੌਜਵਾਨਾਂ ਨੂੰ ਵੀ ਲੱਭਣ ਲਈ ਯਤਨ ਜਾਰੀ ਹਨ।
ਡੇਰਾ ਸਿਰਸਾ ਦੀ 7 ਮੈਂਬਰੀ ਕਮੇਟੀ ਵਲੋਂ ਮਹਿੰਦਰਪਾਲ ਬਿੱਟੂ ਦਾ ਸਸਕਾਰ ਕਰਨ ਤੋਂ ਇਨਕਾਰ
NEXT STORY