ਚੰਡੀਗੜ੍ਹ : ਪੰਜਾਬ ਵਿਚ ਖੇਤੀਬਾੜੀ ਮੋਟਰਾਂ 'ਤੇ ਬਿਜਲੀ ਦੇ ਬਿੱਲ ਲਗਾਏ ਜਾਣ ਦੀਆਂ ਅਫਵਾਹਾਂ 'ਤੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਫਾਈ ਦਿੱਤੀ ਹੈ। ਬਾਜਵਾ ਨੇ ਆਖਿਆ ਕਿ ਪੰਜਾਬ ਸਰਕਾਰ ਕਿਸੇ ਵੀ ਕੀਮਤ 'ਤੇ ਕਿਸਾਨਾਂ ਦੀਆਂ ਮੋਟਰਾਂ 'ਤੇ ਬਿੱਲ ਨਹੀਂ ਲਗਾਵੇਗੀ। ਕੇਂਦਰ 'ਤੇ ਦੋਸ਼ ਲਗਾਉਂਦੇ ਹੋਏ ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਕਿਸਾਨਾਂ 'ਤੇ ਬਿੱਲ ਲਗਾਉਣ ਲਈ ਸਾਡੇ 'ਤੇ ਦਬਾਅ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਸ਼ਰਤ ਰੱਖੀ ਹੈ ਕਿ ਪਹਿਲਾਂ ਕਿਸਾਨਾਂ 'ਤੇ ਬਿੱਲ ਲਗਾਇਆ ਜਾਵੇ ਫਿਰ ਸੂਬੇ ਨੂੰ ਕਰਜ਼ਾ ਦਿੱਤਾ ਜਾਵੇਗਾ। ਬਾਜਵਾ ਨੇ ਸਾਫ ਕੀਤਾ ਕਿ ਭਾਵੇਂ ਕਰਜ਼ਾ ਰੁਕ ਜਾਵੇ ਜਾਂ ਵਿਕਾਸ ਨਾ ਹੋਵੇ ਪਰ ਕੈਪਟਨ ਸਰਕਾਰ ਕਿਸਾਨਾਂ 'ਤੇ ਬਿੱਲ ਨਹੀਂ ਲਗਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਬਿਜਲੀ ਦਾ ਨਿੱਜੀਕਰਣ ਕਰਨ ਦੀ ਤਿਆਰੀ ਕਰ ਰਹੀ ਹੈ ਜਦਕਿ ਉਹ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਅਪੀਲ ਕਰਦੇ ਹਨ ਕਿ ਮਹਿਜ਼ ਕੁਰਸੀ ਕਰਕੇ ਚੁੱਪ ਵੱਟ ਕੇ ਨਾ ਬੈਠੇ ਰਹਿਣ।
ਇਹ ਵੀ ਪੜ੍ਹੋ : ਅੰਮ੍ਰਿਤਸਰ ਵਿਚ ਕੋਰੋਨਾ ਦਾ 'ਤਾਂਡਵ', 7 ਨਵੇਂ ਮਾਮਲੇ ਆਏ ਸਾਹਮਣੇ
ਬਾਜਵਾ ਨੇ ਕਿਹਾ ਕਿ ਅਕਾਲੀ ਦਲ ਜਾਣ ਬੁੱਝ ਕੇ ਇਸ ਮਾਮਲੇ 'ਤੇ ਸਿਆਸਤ ਕਰ ਰਿਹਾ ਹੈ। ਜਦਕਿ ਚਾਹੀਦਾ ਤਾਂ ਇਹ ਹੈ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸਾਂਸਦ ਸੁਖਬੀਰ ਸਿੰਘ ਬਾਦਲ ਨੂੰ ਇਸ ਮਾਮਲੇ 'ਤੇ ਕੇਂਦਰ ਖਿਲਾਫ ਆਵਾਜ਼ ਚੁੱਕਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ੁੱਕਰਵਾਰ ਨੂੰ ਸਾਫ ਕਰ ਚੁੱਕੇ ਹਨ ਕਿ ਪੰਜਾਬ 'ਚ ਖੇਤੀ ਮੋਟਰਾਂ ਲਈ ਮੁਫਤ ਬਿਜਲੀ ਸਪਲਾਈ ਕਿਸੇ ਕੀਮਤ 'ਤੇ ਬੰਦ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਕਿਸਾਨਾਂ ਨਾਲ ਅਜਿਹਾ ਕਰਨ ਬਾਰੇ ਕਦੇ ਸੋਚ ਵੀ ਨਹੀਂ ਸਕਦੀ। ਬਾਜਵਾ ਨੇ ਆਖਿਆ ਕਿ ਜਦੋਂ ਤਕ ਪੰਜਾਬ ਵਿਚ ਕੈਪਟਨ ਸਰਕਾਰ ਹੈ ਉਦੋਂ ਤਕ ਕਿਸਾਨੀ ਮੋਟਰਾਂ 'ਤੇ ਮੁਫਤ ਬਿਜਲੀ ਸਪਲਾਈ ਜਾਰੀ ਰਹੇਗੀ।
ਇਹ ਵੀ ਪੜ੍ਹੋ : ਕੈਪਟਨ ਸਰਕਾਰ ਸਖਤ ਫਰਮਾਨ, ਕੋਰੋਨਾ ਦੇ ਨਿਯਮ ਤੋੜੇ ਤਾਂ ਹੋਵੇਗਾ ਭਾਰੀ ਜੁਰਮਾਨਾ
ਲੋਕਾਂ ਨੂੰ ਖੁਰਾਕ ਸਪਲਾਈ ਕਰਨ ਵਾਲੇ ਮਹਿਕਮੇ ਦੀ ਖੁਰਾਕ ਹੋਈ ਚੋਰੀ
NEXT STORY