ਮੌੜ ਮੰਡੀ (ਪ੍ਰਵੀਨ) : ਕਰਜ਼ੇ ਤੋਂ ਪਰੇਸ਼ਾਨ ਚੱਲ ਰਹੇ ਪਿੰਡ ਜੋਧਪੁਰ ਪਾਖਰ ਦੇ ਇਕ ਨੌਜਵਾਨ ਕਿਸਾਨ ਨੇ ਨਹਿਰ ’ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬੂਟਾ ਸਿੰਘ ਉਮਰ ਲਗਭਗ 32 ਸਾਲ ਪੁੱਤਰ ਮਿੱਠਾ ਸਿੰਘ ਵਾਸੀ ਜੋਧਪੁਰ ਪਾਖਰ ਕੋਲ ਇਕ ਏਕੜ ਦੇ ਕਰੀਬ ਜ਼ਮੀਨ ਸੀ। ਬੀਮਾਰ ਹੋ ਜਾਣ ਕਾਰਨ ਬੂਟਾ ਸਿੰਘ ਦੀ ਲੱਤ ਖਰਾਬ ਹੋ ਗਈ, ਜਿਸ ਦੇ ਇਲਾਜ ’ਤੇ ਉਸ ਦਾ ਭਾਰੀ ਖਰਚ ਹੋ ਗਿਆ। ਇਲਾਜ ਲਈ ਲਏ ਕਰਜ਼ੇ ਕਾਰਨ ਉਸ ਨੇ ਆਪਣੀ ਜ਼ਮੀਨ ਤਿੰਨ ਲੱਖ ਰੁਪਏ ’ਚ ਗਹਿਣੇ ਰੱਖ ਦਿੱਤੀ। ਇਲਾਜ ’ਤੇ ਹੋ ਰਹੇ ਹੋਰ ਖਰਚੇ ਕਾਰਨ ਉਸ ਨੂੰ ਵਿਆਜ ’ਤੇ ਹੋਰ ਕਰਜ਼ਾ ਚੁੱਕਣਾ ਪਿਆ, ਜਿਸ ਕਾਰਨ ਕਰਜ਼ੇ ਦਾ ਬੋਝ ਦਿਨੋਂ-ਦਿਨ ਵਧਣ ਲੱਗਾ। ਕਰਜ਼ੇ ਦਾ ਬੋਝ ਉਤਾਰਨ ਲਈ ਆਖਿਰਕਾਰ ਬੂਟਾ ਸਿੰਘ ਨੇ ਠੇਕੇ ’ਤੇ ਜ਼ਮੀਨ ਲੈ ਕੇ ਨਰਮੇ ਦੀ ਫਸਲ ਬੀਜ ਦਿੱਤੀ ਪਰ ਬੀਤੇ ਦਿਨ ਹੋਈ ਭਾਰੀ ਬਰਸਾਤ ਕਾਰਨ ਜਿੱਥੇ ਨਰਮੇ ਦੀ ਫਸਲ ਬਰਬਾਦ ਹੋ ਗਈ, ਉੱਥੇ ਰਹਿਣ ਲਈ ਬਣੇ ਇਕੋ ਇਕ ਕਮਰੇ ’ਚ ਵੀ ਤਰੇੜਾਂ ਆ ਗਈਆਂ, ਜਿਸ ਕਾਰਨ ਬੂਟਾ ਸਿੰਘ ਲਗਾਤਾਰ ਪਰੇਸ਼ਾਨੀ ਦੇ ਆਲਮ ’ਚੋਂ ਲੰਘ ਰਿਹਾ ਸੀ।
ਇਹ ਵੀ ਪੜ੍ਹੋ : ਅਕਾਲੀ ਦਲ ਬਾਦਲ ਤੇ ਕਾਂਗਰਸ ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਦੀ ਕਰ ਰਹੀਆਂ ਹਨ ਕੋਸ਼ਿਸ਼ : ਢੀਂਡਸਾ
ਇਸੇ ਪਰੇਸ਼ਾਨੀ ਕਾਰਨ ਆਖਿਰਕਾਰ ਕਿਸਾਨ ਬੂਟਾ ਸਿੰਘ ਨੇ ਕੋਟਲਾ ਬ੍ਰਾਂਚ ਨਹਿਰ ’ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮੌੜ ਪੁਲਸ ਨੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ। ਉੱਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਹਰਦੇਵ ਸਿੰਘ ਖਾਲਸਾ ਜੋਧਪੁਰ, ਗੁਰਮੇਲ ਸਿੰਘ ਅਤੇ ਭੋਲਾ ਸਿੰਘ ਮਾੜੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਕਿਸਾਨ ਦੇ ਸਿਰ ਚੜ੍ਹਿਆ ਸਾਰਾ ਕਰਜ਼ਾ ਮੁਆਫ ਕਰ ਕੇ ਘੱਟੋ-ਘੱਟ 10 ਲੱਖ ਰੁਪਏ ਦੀ ਆਰਥਿਕ ਮਦਦ ਕੀਤੀ ਜਾਵੇ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਜੋ ਇਹ ਪਰਿਵਾਰ ਫਿਰ ਤੋਂ ਆਪਣੇ ਪੈਰਾਂ ’ਤੇ ਖੜ੍ਹਾ ਹੋ ਸਕੇ।
ਇਹ ਵੀ ਪੜ੍ਹੋ : ਸਿੱਖਿਆ ਮੰਤਰੀ ਨੂੰ ਆਂਗਣਵਾੜੀ ਵਰਕਰਾਂ ਵੱਲੋਂ ਦਿੱਤੀ ਸ਼ਿਕਾਇਤ ਦਾ ਹੋਇਆ ਅਸਰ, ਦਿੱਤਾ ਸਨਮਾਨ ਦੇਣ ਦਾ ਹੁਕਮ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਨਾਰਕੋਟਿਕ ਕੰਟਰੋਲ ਸੈੱਲ ਪੁਲਸ ਨੇ ਸਾਢੇ 7 ਕਰੋੜ ਰੁਪਏ ਦੀ ਹੈਰੋਇਨ ਸਣੇ 3 ਸਮੱਗਲਰਾਂ ਨੂੰ ਕੀਤਾ ਗ੍ਰਿਫ਼ਤਾਰ
NEXT STORY