ਝਬਾਲ/ਬੀੜ ਸਾਹਿਬ, (ਲਾਲੂ ਘੁੰਮਣ, ਬਖਤਾਵਰ, ਭਾਟੀਆ, ਨਰਿੰਦਰ)- ਕਸਬਾ ਗੱਗੋਬੂਹਾ ਸਥਿਤ ਗੁਰੂ ਨਾਨਕ ਬ੍ਰਿਕਸ ਕਿਲਿੰਗ ਕੰਪਨੀ (ਇੱਟ ਭੱਠੇ) ਦੇ ਮਾਲਕਾਂ ਸਾਹਿਬ ਸਿੰਘ ਤੇ ਸੁਖਦੇਵ ਸਿੰਘ ਨੇ ਥਾਣਾ ਝਬਾਲ ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਉਨ੍ਹਾਂ ਦੇ ਇੱਟਾਂ ਵਾਲੇ ਵਾਹਨਾਂ ਨੂੰ ਸਰਕਾਰੀ ਰਸਤੇ ਉਪਰੋਂ ਲੰਘਣ ਤੋਂ ਰੋਕਣ ਵਾਲੇ ਕਥਿਤ ਕਿਸਾਨਾਂ ਵਿਰੁੱਧ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਉਕਤ ਲੋਕ ਉਨ੍ਹਾਂ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕਰ ਰਹੇ ਹਨ। ਉਧਰ ਕਿਸਾਨਾਂ ਨੇ ਭੱਠਾ ਮਾਲਕਾਂ 'ਤੇ ਉਨ੍ਹਾਂ ਦੀਆਂ ਬਹਿਕਾਂ (ਖੇਤਾਂ 'ਚ ਬਣੇ ਘਰਾਂ) ਨੂੰ ਜਾਂਦੇ ਰਸਤੇ ਨੂੰ ਖਰਾਬ ਕਰਨ ਦੇ ਦੋਸ਼ ਲਾਉਂਦਿਆਂ ਰਸਤੇ ਉਪਰੋਂ ਵਾਹਨਾਂ ਨੂੰ ਰੋਕਣ ਲਈ ਹਰ ਸੰਭਵ ਵਿਰੋਧ ਕਰਨ ਦੀ ਗੱਲ ਕਹੀ।
ਜਾਣਕਾਰੀ ਦਿੰਦਿਆਂ ਭੱਠਾ ਮਾਲਕ ਸੁਖਦੇਵ ਸਿੰਘ ਸੁੱਖ ਸ਼ਾਹ, ਸਾਹਿਬ ਸਿੰਘ ਸੋਹਲ, ਪ੍ਰਗਟ ਸਿੰਘ, ਗਣਪਤ ਰਾਏ, ਹਰਜੀਤ ਸਿੰਘ ਤੇ ਹਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੱਚੀਆਂ ਇੱਟਾਂ ਦੀ ਪਥੇਰ ਲਈ ਕਿਸਾਨ ਗੁਰਦੇਵ ਸਿੰਘ ਪੁੱਤਰ ਮਿਲਖਾ ਸਿੰਘ, ਜਰਮਨਜੀਤ ਸਿੰਘ, ਸਰਵਨਜੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਪੰਜਵੜ ਕੋਲੋਂ 4 ਏਕੜ ਦੇ ਕਰੀਬ ਜ਼ਮੀਨ ਠੇਕੇ 'ਤੇ ਲਈ ਗਈ ਹੈ। ਉਕਤ ਪਥੇਰ 'ਚੋਂ ਕੱਚੀਆਂ ਇੱਟਾਂ ਪੀਟਰ ਰੇਹੜਿਆਂ 'ਤੇ ਲੱਦ ਕੇ ਗੱਗੋਬੂਹਾ ਨਜ਼ਦੀਕ ਲੰਘਦੇ ਸੂਏ ਦੀ ਸਰਕਾਰੀ ਪਟੜੀ ਉਪਰੋਂ ਦੀ ਉਨ੍ਹਾਂ ਦੇ ਕਾਮੇ ਭੱਠੇ 'ਤੇ ਲੈ ਕੇ ਆਉਂਦੇ ਹਨ। ਉਨ੍ਹਾਂ ਦੇ ਕਾਮਿਆਂ ਨੂੰ ਉਕਤ ਕਿਸਾਨਾਂ ਵੱਲੋਂ ਰਸਤੇ 'ਚ ਮੰਜੇ ਡਾਹ ਕੇ ਰੋਕਿਆ ਜਾਂਦਾ ਹੈ ਤੇ ਲੜਾਈ-ਝਗੜਾ ਕੀਤਾ ਜਾਂਦਾ ਹੈ।
ਇਧਰ ਕਿਸਾਨਾਂ ਗੁਰਦੇਵ ਸਿੰਘ ਬਿੱਲੂ, ਸੁਖਦੇਵ ਸਿੰਘ, ਦਲਵਿੰਦਰ ਸਿੰਘ, ਗੁਰਬਿੰਦਰ ਸਿੰਘ ਸਾਹਿਬਦੀਪ ਸਿੰਘ ਤੇ ਸ਼ਮਸ਼ੇਰ ਸਿੰਘ ਆਦਿ ਨੇ ਕਿਹਾ ਕਿ ਭਾਰੇ ਵਾਹਨ ਲੈ ਕੇ ਉਕਤ ਭੱਠਾ ਮਾਲਕ ਰਸਤੇ ਨੂੰ ਖਰਾਬ ਕਰ ਰਹੇ ਹਨ, ਜਿਸ ਦਾ ਉਨ੍ਹਾਂ ਵੱਲੋਂ ਵਿਰੋਧ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਈ ਸਾਲਾਂ ਦੀ ਜੱਦੋ-ਜਹਿਦ ਪਿੱਛੋਂ ਉਹ ਉਕਤ ਪਟੜੀ (ਰਸਤੇ) ਨੂੰ ਪੱਕਾ ਕਰਵਾਉਣ 'ਚ ਕਾਮਯਾਬ ਹੋਏ ਹਨ, ਜਿਸ ਨੂੰ ਖਰਾਬ ਨਹੀਂ ਕਰਨ ਦਿੱਤਾ ਜਾਵੇਗਾ।
ਇਸ ਸਬੰਧੀ ਥਾਣਾ ਝਬਾਲ ਦੇ ਮੁਖੀ ਇੰਸਪੈਕਟਰ ਮਨੋਜ ਕੁਮਾਰ ਸ਼ਰਮਾ ਨੇ ਕਿਹਾ ਕਿ ਦੋਵਾਂ ਧਿਰਾਂ ਨੂੰ ਵੀਰਵਾਰ ਨੂੰ ਥਾਣੇ ਬੁਲਾਇਆ ਗਿਆ ਹੈ ਤੇ ਜੇਕਰ ਕਿਸਾਨ ਆਪਣੀ ਜ਼ਿੱਦ 'ਤੇ ਅੜੇ ਰਹੇ ਜਾਂ ਉਨ੍ਹਾਂ ਵੱਲੋਂ ਸਰਕਾਰੀ ਰਸਤੇ ਦੇ ਲਾਂਘੇ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
3 ਲੁਟੇਰੇ ਵਪਾਰੀ ਤੋਂ 1 ਲੱਖ ਰੁਪਏ ਲੁੱਟ ਕੇ ਫਰਾਰ
NEXT STORY