ਜਲੰਧਰ(ਬਿਊਰੋ) - ਪੰਜਾਬੀ ਫ਼ਿਲਮ ਤੇ ਸੰਗੀਤ ਜਗਤ 'ਚ ਕਈ ਅਜਿਹੇ ਕਲਾਕਾਰ ਵੀ ਮੌਜੂਦ ਹਨ, ਜੋ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰ ਰਹੇ ਹਨ। ਕਈ ਅਜਿਹੇ ਕਲਾਕਾਰ ਹਨ, ਜੋ ਰੋਜ਼ਾਨਾ ਕਿਸੇ ਨਾ ਕਿਸੇ ਜਰੀਏ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। ਦੱਸ ਦਈਏ ਕਿ ਸਰਕਾਰ ਵੱਲੋਂ ਖੇਤੀ ਸੈਕਟਰ ਨਾਲ ਜੁੜੇ ਤਿੰਨ ਬਿੱਲ ਪੇਸ਼ ਕਰਨ ਮਗਰੋਂ ਪੰਜਾਬ ਦੇ ਕਿਸਾਨਾਂ ਨੇ ਆਰ-ਪਾਰ ਦੀ ਲੜਾਈ ਵਿੱਢ ਦਿੱਤੀ ਹੈ। ਪੰਜਾਬ ਭਰ ਵਿਚ ਕਿਸਾਨ ਜਥੇਬੰਦੀਆਂ ਵੱਡੇ ਐਕਸ਼ਨ ਕਰ ਰਹੀਆਂ ਹਨ। ਦਸ ਕਿਸਾਨ ਜਥੇਬੰਦੀਆਂ ਨੇ ਸੂਬੇ ਵਿਚ ਵੱਖ-ਵੱਖ ਥਾਂਵਾਂ ’ਤੇ ਸੜਕਾਂ ਜਾਮ ਕਰ ਦਿੱਤੀਆਂ। ਇਸ ਸਭ ਨੂੰ ਦੇਖ ਦੇ ਹੋਏ ਬੱਬੂ ਮਾਨ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਇਕ ਪੋਸਟ ਸਾਂਝੀ ਕੀਤੀ ਹੈ, ਜੋ ਸਾਰਿਆਂ ਦਾ ਦਿਲ ਜਿੱਤ ਰਹੀ ਹੈ। ਦਰਅਸਲ, ਬੱਬੂ ਮਾਨ ਨੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ਉੱਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿਚ ਉਹਨਾਂ ਨੇ ਮਜ਼ਦੂਰ ਤੇ ਕਿਸਾਨਾਂ ਦੀ ਏਕਤਾ ਨੂੰ ਦੇਖ ਕੇ ਖ਼ੁਸ਼ੀ ਜਾਹਿਰ ਕੀਤੀ ਹੈ। ਬੱਬੂ ਮਾਨ ਪੋਸਟ ਨੂੰ ਸਾਂਝਾ ਕਰਦਿਆਂ ਲਿਖਿਆਂ, 'ਰੂਹ ਖ਼ੁਸ਼ ਹੋ ਗਈ ਮਿੱਤਰੋ ਏਕਾ ਦੇਖ ਮਜ਼ਦੂਰ ਤੇ ਕਿਸਾਨ ਦਾ... ਸੱਤਾ ਆਜੇ ਗਰੀਬਾਂ ਦੇ ਹੱਥਾਂ ਵਿਚ, ਬਸ ਇਕੋਂ ਖ਼ਾਬ ਬੇਇਮਾਨ ਦਾ...।'
ਦੱਸ ਦਈਏ ਕਿ ਪਿਛਲੇ ਕੁਝ ਦਿਨ ਪਹਿਲਾਂ ਬੱਬੂ ਮਾਨ ਨੇ ਮੀਡੀਆ ਅਤੇ ਸਰਕਾਰਾਂ ਨੂੰ ਲਪੇਟੇ 'ਚ ਲੈਂਦਿਆਂ ਲਿਖਿਆ ਸੀ, 'ਦਿੱਲੀ ਅਤੇ ਭਾਰਤ ਦਾ ਪੂਰਾ ਮੀਡੀਆ ਬਾਲੀਵੁੱਡ ਦੀਆਂ ਖ਼ਬਰਾਂ ਜਾਂ ਸਿਆਸੀ ਖ਼ਬਰਾਂ ਦਿਖਾਉਂਦਾ ਹੈ। ਕਿਸਾਨ ਜਾਂ ਮਜ਼ਦੂਰ ਦੀ ਕੋਈ ਗੱਲ ਹੀ ਨਹੀਂ ਕਰਦਾ। 80% ਲੋਕ ਖੇਤੀਬਾੜੀ ਨਾਲ ਜੁੜੇ ਹੋਏ ਹਨ ਅਤੇ ਇਨ੍ਹਾਂ ਲੋਕਾਂ ਦੇ ਹੱਕ ਦੀ ਗੱਲ ਤਾਂ ਹੁੰਦੀ ਹੀ ਨਹੀਂ। ਜਦੋਂਕਿ ਚਾਹੀਦਾ ਇਹ ਹੈ ਕਿ 80% ਖ਼ਬਰਾਂ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਹੋਣੀਆਂ ਚਾਹੀਦੀਆਂ ਹਨ। ਫ਼ਸਲਾਂ ਦੇ ਮੁੱਲ ਮਿਲਣੇ ਚਾਹੀਦੇ ਹਨ, ਜਿਸ ਹਿਸਾਬ ਨਾਲ ਪਿਛਲੇ 40 ਸਾਲਾਂ 'ਚ ਬਾਕੀ ਚੀਜ਼ਾਂ ਦੀਆਂ ਕੀਮਤਾਂ ਵਧੀਆਂ, ਉਸੇ ਹਿਸਾਬ ਨਾਲ ਸਾਡੀਆਂ ਫ਼ਸਲਾਂ ਦੀਆਂ ਕੀਮਤਾਂ ਵੀ ਵਧਣੀਆਂ ਚਾਹੀਦੀਆਂ ਹਨ, ਪੱਕੀਆਂ ਮੰਡੀਆਂ ਬਣਨੀਆਂ ਚਾਹੀਦੀਆਂ ਹਨ। ਸਰਕਾਰ ਆਪ ਫ਼ਸਲ ਖ਼ਰੀਦ ਕੇ ਕਿਸਾਨਾਂ ਨੂੰ ਪੈਸੇ ਦੇਵੇ, ਫ਼ਸਲਾਂ ਦਾ ਬੀਮਾ ਹੋਵੇ ਅਤੇ ਜਿੰਨੀਆਂ ਵੀ ਸਾਡੀਆਂ ਬੀਬੀਆਂ ਆਪਣੇ ਘਰ ਪਰਿਵਾਰ 'ਚ ਖੇਤਾਂ ਨਾਲ ਜੁੜੇ ਕੰਮ ਕਰਦੀਆਂ, ਰੋਟੀ ਪਕਾਉਂਦੀਆਂ, ਭਾਂਡੇ ਮਾਜਦੀਆਂ ਉਨ੍ਹਾਂ ਨੂੰ ਵੀ ਬਣਦੀ ਤਨਖਾਹ ਮੁਕਰਰ ਹੋਣੀ ਚਾਹੀਦੀ ਹੈ ਕਿਉਂਕਿ ਉਹ ਵੀ ਆਪਣੀ ਪੂਰੀ ਜ਼ਿੰਦਗੀ ਇਸ ਕਿੱਤੇ ਲਈ ਸਮਰਪਤ ਕਰਦੀਆਂ ਹਨ। ਕਿਸਾਨ ਮਜ਼ਦੂਰ ਦੇ ਹੱਕ 'ਚ ਪਹਿਲਾਂ ਵੀ ਖੜ੍ਹੇ ਹਾਂ ਤੇ ਅੱਗੇ ਵੀ ਡੱਟ ਕੇ ਖੜਾਂਗੇ, ਹਮੇਸ਼ਾਂ ਹੱਕ ਸੱਚ ਲਈ ਲਿਖਦੇ ਰਹਾਂਗੇ।'
ਦੱਸਣਯੋਗ ਹੈ ਕਿ ਪੰਜਾਬ ਦੇ ਕਿਸਾਨ ਖੇਤੀ ਆਰਡੀਨੈਂਸ ਖ਼ਿਲਾਫ਼ ਸੜਕਾਂ ‘ਤੇ ਡਟੇ ਹੋਏ ਹਨ। ਕਿਸਾਨ ਬਿੱਲ ਵਾਪਸ ਲਏ ਜਾਣੇ ਲਈ ਧਰਨੇ ਪ੍ਰਦਰਸ਼ਨ ਕਰ ਰਹੇ ਹਨ।
‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ ਨਾਲ ਰਣਜੀਤ ਤੇ ਰੇਸ਼ਮ ਨਿੱਤਰੇ ਕਿਸਾਨਾਂ ਦੇ ਹੱਕ ‘ਚ, ਸਰਕਾਰਾਂ ਨੂੰ ਪਾਈਆਂ ਲਾਹਨਤ
NEXT STORY