ਮਾਛੀਵਾੜਾ ਸਾਹਿਬ (ਟੱਕਰ) : ਕਿਸਾਨਾਂ ਵੱਲੋਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਵਿੱਢੇ ਸੰਘਰਸ਼ ਨੂੰ ਦੁਨੀਆ ਦੇ ਸਾਰੇ ਦੇਸ਼ਾਂ 'ਚੋਂ ਸਮਰਥਨ ਮਿਲ ਰਿਹਾ ਹੈ, ਜਿਸ ਤਹਿਤ ਜਰਮਨ ਦੇ ਭਾਰਤੀਆਂ ਨੇ ਵੀ ਕਿਸਾਨਾਂ ਦੇ ਹੱਕ 'ਚ ਨਿੱਤਰਦਿਆਂ ਵਿਸ਼ਾਲ ਰੋਸ ਮਾਰਚ ਕੱਢਿਆ ਅਤੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਮੋਦੀ ਸਰਕਾਰ ਨੂੰ ਕੋਸਦੇ ਨਜ਼ਰ ਆਏ। ਜਰਮਨ ਵਿਖੇ ਇੰਡੀਅਨ ਓਵਰਸੀਜ਼ ਕਾਂਗਰਸ ਜਰਮਨੀ ਦੇ ਪ੍ਰਧਾਨ ਪ੍ਰਮੋਦ ਕੁਮਾਰ ਮਿੰਟੂ ਨੇ ਦੱਸਿਆ ਕਿ ਇੱਥੋਂ ਦੇ ਸ਼ਹਿਰ ਹਮਬਰਗ ਵਿਖੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਇਕੱਠੇ ਹੋਏ, ਜਿਨ੍ਹਾਂ 2 ਵਜੇ ਤੋਂ ਲੈ ਕੇ 4 ਵਜੇ ਤੱਕ ਮੇਨ ਰੇਲਵੇ ਸਟੇਸ਼ਨ ਹਕਮਨ ਪਲਾਟਸ ਹਾਈਡੀ ਕਾਬਲ ਪਲਾਟਸ ਵਿਖੇ ਰੋਸ ਮਾਰਚ ਕੀਤਾ ਅਤੇ ਕਿਸਾਨ ਅੰਦੋਲਨ ਦਾ ਸਮਰਥਨ ਕਰਦਿਆਂ ਕਿਹਾ ਕਿ ਭਾਰਤ ਦੀ ਕੇਂਦਰ ਸਰਕਾਰ ਪਾਸ ਕੀਤੇ ਗਏ ਕਾਨੂੰਨਾਂ ਨੂੰ ਤੁਰੰਤ ਰੱਦ ਕਰੇ।
ਉਨ੍ਹਾਂ ਕਿਹਾ ਕਿ ਵਿਦੇਸ਼ਾਂ ਦੀ ਧਰਤੀ 'ਤੇ ਵੀ ਭਾਰਤੀਆਂ ਨੂੰ ਰੋਸ ਮਾਰਚ ਕੱਢ ਕੇਂਦਰ ਦੀ ਸੁੱਤੀ ਪਈ ਸਰਕਾਰ ਨੂੰ ਜਾਗਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਡੱਟ ਕੇ ਇਸ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਜਰਮਨ ਦੀ ਇੰਡੀਅਨ ਓਵਰਸੀਜ਼ ਕਾਂਗਰਸ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਪ੍ਰਮੋਦ ਕੁਮਾਰ ਮਿੰਟੂ ਵੱਲੋਂ ਕਿਸਾਨਾਂ ਨੂੰ 1 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਸੀ। ਇਸ ਮੌਕੇ ਪ੍ਰਮੋਦ ਕੁਮਾਰ, ਜੀ.ਐੱਸ ਸੰਧਾਵਾਲੀਆ, ਰੇਸ਼ਮ ਭਰੌਲੀ, ਰਾਜ ਸ਼ਰਮਾ, ਰਾਜੀਵ ਬੈਰੀ, ਐੱਸ ਗਰੇਵਾਲ, ਕਮਲਜੀਤ ਸਿੰਘ, ਮੁਖਤਾਰ ਸਿੰਘ ਰੰਧਾਵਾ, ਨਜਮਾ ਨਾਜ, ਕੁਲਦੀਪ ਕੌਰ, ਸੁਮੇਂਦਰ ਕੌਰ, ਰਾਜਵੰਤ ਸੰਧੂ, ਮੰਗਲ ਸਿੰਘ, ਸੁਰਜੀਤ ਸਿੰਘ, ਊਧਮ ਸੇਖੋਂ ਵੀ ਮੌਜੂਦ ਸਨ।
ਗੁਰੂ ਨਗਰੀ ਦੀਆਂ ਸੰਗਤਾਂ ਵੀ ਕਿਸਾਨਾਂ ਦੇ ਹੱਕ 'ਚ ਡਟੀਆਂ
NEXT STORY