ਗੁਰਾਇਆ (ਮੁਨੀਸ਼)— 30 ਨਵੰਬਰ ਨੂੰ ਪਿੰਡ ਸੈਦੋਵਾਲ ਦੇ ਕਿਸਾਨ ਅਤੇ ਪਿੰਡ ਦੇ ਸਾਬਕਾ ਸਰਪੰਚ ਸੰਤੋਖ ਸਿੰਘ ਨੇ ਕਰਜ਼ੇ ਤੋਂ ਦੁਖੀ ਹੋ ਕੇ ਸਲਫਾਸ ਨਿਗਲ ਕੇ ਆਤਮਹੱਤਿਆ ਕਰ ਲਈ ਸੀ। ਤਿੰਨ ਦਿਨਾਂ ਬਾਅਦ ਵੀ ਉਸ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ। ਗੁਰਾਇਆ ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 306 ਤਹਿਤ ਆੜ੍ਹਤੀਏ ਖਿਲਾਫ ਮਾਮਲਾ ਦਰਜ ਕਰ ਲਿਆ ਸੀ। ਮ੍ਰਿਤਕ ਕਿਸਾਨ ਦੀ ਕਰਜ਼ਾ ਮੁਆਫੀ ਲਈ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸੰਤੋਖ ਸਿੰਘ ਤੱਗੜ ਦੀ ਅਗਵਾਈ ਵਿਚ ਵਫਦ ਐੱਸ. ਡੀ. ਐੱਮ. ਫਿਲੌਰ ਵਰਿੰਦਰ ਪਾਲ ਸਿੰਘ ਨੂੰ ਮਿਲਿਆ ਸੀ, ਜਿਸ ਵਿਚ ਉਨ੍ਹਾਂ ਨੇ ਮ੍ਰਿਤਕ ਸੰਤੋਖ ਸਿੰਘ ਦੇ ਕਰਜ਼ੇ ਨੂੰ ਮੁਆਫ ਕਰਨ ਦੀ ਮੰਗ ਕੀਤੀ ਸੀ ਅਤੇ ਇਸ ਸੰਬੰਧ ਵਿਚ 4 ਦਸੰਬਰ ਨੂੰ ਧਰਨੇ ਦਾ ਐਲਾਨ ਕੀਤਾ ਸੀ।
ਸ਼ਨੀਵਾਰ ਯੂਨੀਅਨ ਨੂੰ ਮਨਾਉਣ ਅਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਐੱਸ. ਪੀ. ਡੀ. ਜਲੰਧਰ, ਡੀ. ਐੱਸ. ਪੀ. ਫਿਲੌਰ, ਐੱਸ. ਡੀ. ਐੱਮ. ਫਿਲੌਰ ਵਰਿੰਦਰਪਾਲ ਸਿੰਘ ਬਾਜਵਾ ਪਿੰਡ ਸੈਦੋਵਾਲ ਵਿਖੇ ਪਹੁੰਚੇ।
ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸੰਤੋਖ ਸਿੰਘ ਤੱਗੜ ਨੇ ਦੱਸਿਆ ਕਿ ਯੂਨੀਅਨ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਕਿਸਾਨ ਦਾ ਬੈਂਕਾਂ ਤੇ ਆੜ੍ਹਤੀਏ ਵੱਲੋਂ ਲਿਆ ਗਿਆ ਕਰਜ਼ਾ ਮੁਆਫ ਕੀਤਾ ਜਾਵੇ, ਪਰਿਵਾਰਕ ਮੈਂਬਰਾਂ ਨੂੰ ਸਰਕਾਰ ਵੱਲੋਂ 10 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ। ਇਨ੍ਹਾਂ ਮੰਗਾਂ ਨੂੰ ਲੈ ਕੇ ਕਿਸਾਨ ਯੂਨੀਅਨ ਫਿਲੌਰ ਵਿਖੇ 4 ਦਸੰਬਰ ਨੂੰ ਐੱਸ. ਡੀ. ਐੱਮ. ਦਫਤਰ ਦੇ ਸਾਹਮਣੇ ਵਿਸ਼ਾਲ ਧਰਨਾ ਪ੍ਰਦਰਸ਼ਨ ਕਰੇਗੀ। ਉਨ੍ਹਾਂ ਕਿਹਾ ਕਿ ਜਦ ਤਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਣਗੀਆਂ ਧਰਨਾ ਖਤਮ ਨਹੀਂ ਕੀਤਾ ਜਾਵੇਗਾ।
ਅਵਤਾਰ ਸਿੰਘ ਅਜਗਰ ਦੇ ਮਾਤਾ-ਪਿਤਾ ਨੇ ਪੁਲਸ 'ਤੇ ਧੱਕੇਸ਼ਾਹੀ ਦਾ ਲਾਇਆ ਦੋਸ਼
NEXT STORY