ਗੁਰਦਾਸਪੁਰ, (ਸਰਬਜੀਤ)- ਹਿੰਦ-ਪਾਕਿ ਸਰਹੱਦ 'ਤੇ ਸਥਿਤ ਪਿੰਡ ਚੌਂਤਰਾ ਦੇ ਕਿਸਾਨਾਂ ਦੀ ਕੰਡਿਆਲੀ ਤਾਰ ਤੋਂ ਪਾਰ ਕਣਕ ਦੀ ਫਸਲ ਜੰਗਲੀ ਜਾਨਵਰਾਂ ਵੱਲੋਂ ਖਰਾਬ ਕਰਨ ਦੇ ਕਾਰਨ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅੱਜ ਜਦੋਂ ਸਾਡੇ ਪ੍ਰਤੀਨਿਧੀ ਵੱਲੋਂ ਹਿੰਦ-ਪਾਕਿ ਸਰਹੱਦ 'ਤੇ ਸਥਿਤ ਪਿੰਡ ਚੌਂਤਰਾ ਦਾ ਸਰਵੇ ਕੀਤਾ ਗਿਆ ਤਾਂ ਪਤਾ ਲੱਗਾ ਕਿ 550 ਲੋਕਾਂ ਦੀ ਆਬਾਦੀ ਵਾਲਾ ਪਿੰਡ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਪਿੰਡ ਦੇ ਨਜ਼ਦੀਕ ਹੀ ਸਰਹੱਦ 'ਤੇ ਗੇਟ ਨੰ. 19 ਉਪਰ ਸਥਿਤ ਤਨੋਟ ਮਾਤਾ ਮੰਦਰ ਹੈ ਜੋ ਕਿ ਬੀ. ਐੱਸ. ਐੱਫ. ਦੀ ਕਮਾਨ ਹੇਠ ਚੱਲ ਰਿਹਾ ਹੈ। ਚੌਂਤਰਾ ਦੇ ਕਿਸਾਨਾਂ ਦੀ ਕੰਡਿਆਲੀ ਤਾਰ ਪਾਰ 100 ਏਕੜ ਤੋਂ ਵੱਧ ਖੇਤੀਯੋਗ ਜ਼ਮੀਨ ਹੈ ਪਰ ਇਨ੍ਹਾਂ ਦੀ ਫਸਲ ਤਕਰੀਬਨ ਜੰਗਲੀ ਜਾਨਵਰਾਂ ਨੇ ਨਸ਼ਟ ਕਰ ਦਿੱਤੀ ਹੈ। ਕਿਸਾਨਾਂ ਨੇ ਦੱਸਿਆ ਕਿ ਪਾਕਿਸਤਾਨ ਦੇ ਕਿਸਾਨਾਂ ਦੀ ਕਣਕ ਬਹੁਤ ਹੀ ਵਧੀਆ ਦਿਖਾਈ ਦੇ ਰਹੀ ਹੈ ਕਿਉਂਕਿ ਉਨ੍ਹਾਂ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਵਿਚ ਖੇਤੀਬਾੜੀ ਕਰਨ ਦੀ ਦਿਨ-ਰਾਤ ਸਮੇਂ ਕੋਈ ਮਨਾਹੀ ਨਹੀਂ ਜਦਕਿ ਸਾਡੇ ਬਾਰਡਰ 'ਤੇ ਕਿਸਾਨਾਂ ਦਾ ਦਿਨ ਸਮਾਂਬੱਧ ਹੈ, ਜਿਸ ਕਰ ਕੇ ਇਹ ਲੋਕ ਚੰਗੀ ਖੇਤੀ ਨਹੀਂ ਕਰ ਸਕੇ।
ਤਾਰ ਤੋਂ ਪਾਰ ਜਾਣ ਲਈ ਗੇਟ ਖੁੱਲ੍ਹਣ ਦਾ ਕੋਈ ਸਮਾਂ ਬੀ. ਐੱਸ. ਐੱਫ. ਦੇ ਕਰਮਚਾਰੀ ਨਹੀਂ ਦਿੰਦੇ : ਕਿਸਾਨ
ਇਸ ਸਬੰਧੀ ਕਿਸਾਨ ਗੁਰਪ੍ਰੀਤ ਸਿੰਘ, ਨਿਸ਼ਾਨ ਸਿੰਘ ਚੌਂਤਰਾ, ਹਰਜਿੰਦਰ ਸਿੰਘ ਮੈਂਬਰ ਸੰਘਰਸ਼ ਬਾਰਡਰ ਕਮੇਟੀ ਜ਼ਿਲਾ ਗੁਰਦਾਸਪੁਰ ਨੇ ਦੱਸਿਆ ਕਿ ਗੁਰਪ੍ਰੀਤ ਦੇ ਪਰਿਵਾਰ ਦੀ 7 ਏਕੜ ਕਣਕ ਦੀ ਫਸਲ ਜੋ ਕਿ ਕੰਡਿਆਲੀ ਤਾਰ ਤੋਂ ਪਾਰ ਹੈ, ਉਹ ਸੂਰ ਤੇ ਜੰਗਲੀ ਜਾਨਵਰਾਂ ਨੇ ਖਾ ਕੇ ਖਤਮ ਕਰ ਦਿੱਤੀ ਹੈ। ਪੀੜਤ ਕਿਸਾਨ ਨੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਦਾ ਮੁੱਖ ਕਾਰਨ ਇਹ ਹੈ ਕਿ ਸਾਨੂੰ ਖੇਤੀ ਕਰਨ ਲਈ ਕੰਡਿਆਲੀ ਤਾਰ ਤੋਂ ਪਾਰ ਜਾਣ ਲਈ ਗੇਟ ਖੁੱਲ੍ਹਣ ਦਾ ਕੋਈ ਸਹੀ ਸਮਾਂ ਬੀ. ਐੱਸ. ਐੱਫ. ਦੇ ਕਰਮਚਾਰੀ ਨਹੀਂ ਦਿੰਦੇ। ਸਾਡਾ ਨਿਰਧਾਰਿਤ ਕੀਤਾ ਹੋਇਆ ਸਮਾਂ ਸਰਦੀਆਂ 'ਚ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਅਤੇ ਗਰਮੀਆਂ 'ਚ ਸਵੇਰੇ 7 ਤੋਂ ਸ਼ਾਮ 5 ਵਜੇ ਤੱਕ ਹੈ ਪਰ ਜੇਕਰ ਵੇਖਿਆ ਜਾਵੇ ਤਾਂ ਸਭ ਕੁਝ ਉਲਟ ਹੋ ਰਿਹਾ ਹੈ। ਕਿਸਾਨ ਖੇਤੀ ਧੰਦਾ ਕਰਨ ਲਈ ਸਵੇਰੇ 7 ਵਜੇ ਗੇਟ 'ਤੇ ਪਹੁੰਚ ਜਾਂਦੇ ਹਨ ਪਰ ਬੀ. ਐੱਸ. ਐੱਫ. ਕਰਮਚਾਰੀ ਆਪਣੀ ਮਨਮਰਜ਼ੀ ਨਾਲ ਗੇਟ ਖੋਲ੍ਹ ਕੇ ਸਾਨੂੰ ਪਾਰ ਜਾਣ ਦਿੰਦੇ ਹਨ। ਕਿਸੇ ਦਿਨ 11 ਵਜੇ, ਕਿਸੇ ਦਿਨ 1 ਵਜੇ ਤੇ ਵਾਪਸੀ 5 ਵਜੇ। ਐਤਵਾਰ ਗੇਟ ਨਹੀਂ ਖੋਲ੍ਹਦੇ।
ਕੀ ਸਮੱਸਿਆਵਾਂ ਹਨ ਸਰਹੱਦੀ ਪਿੰਡਾਂ 'ਚ
ਇਸ ਸਬੰਧੀ ਰਕੇਸ਼ ਸਿੰਘ, ਸਤਨਾਮ ਸਿੰਘ, ਜੋਗਿੰਦਰ ਸਿੰਘ, ਮਹਿੰਦਰ ਸਿੰਘ, ਅਵਤਾਰ ਸਿੰਘ, ਸਵਰਨ ਦਾਸ, ਜਤਿੰਦਰ ਸਿੰਘ, ਸੁਖਦੇਵ ਸਿੰਘ, ਮਹਿੰਦਰ ਪਾਲ ਆਦਿ ਨੇ ਦੱਸਿਆ ਕਿ ਸਾਡੇ ਇਲਾਕੇ 'ਚ ਮੋਬਾਇਲ ਨੈੱਟਵਰਕ ਨਾ ਆਉਣ ਕਾਰਨ ਸਾਨੂੰ ਘਰਾਂ ਦੀਆਂ ਛੱਤਾਂ 'ਤੇ ਚੜ੍ਹ ਕੇ ਫੋਨ ਸੁਣਨਾ ਪੈਂਦਾ ਹੈ। ਇਸੇ ਤਰ੍ਹਾਂ ਪਿੰਡ ਵਿਚ ਨਾ ਕੋਈ ਸਰਕਾਰੀ ਹਸਪਤਾਲ, ਨਾ ਡਿਸਪੈਂਸਰੀ ਅਤੇ ਨਾ ਹੀ ਪਸ਼ੂ ਹਸਪਤਾਲ, ਨਾ ਕੋਈ ਬੱਸ ਸੇਵਾ ਅਤੇ ਨਾ ਹੀ ਪਿੰਡ ਦੇ ਚੁਫੇਰੇ ਪੱਕੀ ਸੜਕ ਹੈ। ਬਰਸਾਤਾਂ ਦੇ ਮੌਸਮ ਵਿਚ ਕਿਸਾਨਾਂ ਨੂੰ ਕਾਫੀ ਪ੍ਰੇਸ਼ਾਨੀ ਹੁੰਦੀ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਾਡੇ ਪਿੰਡ ਦੀ ਵੀ ਸਾਰ ਲਈ ਜਾਵੇ ਤਾਂ ਕਿ ਅਸੀਂ ਵੀ ਸੁੱਖ ਦੀ ਜ਼ਿੰਦਗੀ ਜੀਅ ਸਕੀਏ।
ਛੇਤੀ ਹੀ ਕਿਸਾਨਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ : ਕੰਪਨੀ ਕਮਾਂਡਰ
ਇਸ ਸਬੰਧੀ ਜਦੋਂ ਕੰਪਨੀ ਦੇ ਕਮਾਂਡਰ ਸੀ. ਪੀ. ਐੱਸ. ਸੰਧੂ ਬੀ. ਐੱਸ. ਐੱਫ. ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ। ਮੇਰੇ ਧਿਆਨ ਵਿਚ ਤੁਸੀਂ ਗੱਲ ਲਿਆਂਦੀ ਹੈ, ਜੇਕਰ ਕਿਸਾਨਾਂ ਨੂੰ ਮੁਸ਼ਕਲ ਆਉਂਦੀ ਹੈ ਤਾਂ ਮੈਂ ਤੁਰੰਤ ਮਸਲਾ ਹੱਲ ਕਰਵਾ ਦਿਆਂਗਾ।
ਔਰਤ ਦੇ ਕੱਪੜੇ ਪਾੜਨ ਦੇ ਦੋਸ਼ 'ਚ 4 ਨਾਮਜ਼ਦ
NEXT STORY