ਮਾਛੀਵਾੜਾ ਸਾਹਿਬ (ਟੱਕਰ) - ਕਣਕ ਦੀ ਫਸਲ ਇਸ ਵਾਰ ਕੁਦਰਤੀ ਕ੍ਰੋਪੀ ਕਾਰਨ ਕਿਸਾਨਾਂ ਲਈ ਘਾਟੇ ਵਾਲਾ ਸੌਦਾ ਸਾਬਿਤ ਹੋਈ ਅਤੇ ਜੇਕਰ ਮਾਛੀਵਾੜਾ ਇਲਾਕੇ ਦੇ ਕਿਸਾਨਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਇਸ ਫਸਲ ’ਚੋਂ 55 ਕਰੋੜ ਰੁਪਏ ਦਾ ਘਾਟਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਅਨਾਜ ਮੰਡੀ ਅਤੇ ਇਸ ਦੇ ਉਪ ਖਰੀਦ ਕੇਂਦਰ ਹੇਡੋਂ ਬੇਟ, ਸ਼ੇਰਪੁਰ ਬੇਟ, ਬੁਰਜ ਪਵਾਤ ਅਤੇ ਲੱਖੋਵਾਲ ਕਲਾਂ ਵਿਚ ਪਿਛਲੇ ਸਾਲ ਕਣਕ ਦੀ ਆਮਦ 8 ਲੱਖ 48 ਹਜ਼ਾਰ ਕੁਇੰਟਲ ਹੋਈ ਸੀ ਪਰ ਇਸ ਵਾਰ ਬੇਮੌਸਮੀ ਬਾਰਿਸ਼ਾਂ ਤੇ ਅਗੇਤੀ ਪਈ ਕਹਿਰ ਦੀ ਗਰਮੀ ਕਾਰਨ ਕਣਕ ਦੀ ਫਸਲ ਦਾ ਕਾਫ਼ੀ ਨੁਕਸਾਨ ਹੋਇਆ ਹੈ, ਜਿਸ ਕਾਰਨ ਆਮਦ ਕਰੀਬ 5 ਲੱਖ 70 ਹਜ਼ਾਰ ਕੁਇੰਟਲ ਤੱਕ ਹੀ ਸਿਮਟ ਕੇ ਰਹਿ ਜਾਵੇਗੀ। ਕਣਕ ਦੇ ਘੱਟ ਝਾੜ ਕਾਰਨ ਕਰੀਬ 2.75 ਲੱਖ ਕੁਇੰਟਲ ਮੰਡੀਆਂ ’ਚ ਫਸਲ ਦੀ ਆਮਦ ਘੱਟ ਹੋਈ ਜਿਸ ਕਾਰਨ ਸਿੱਧੇ ਤੌਰ ’ਤੇ ਮਾਛੀਵਾੜਾ ਇਲਾਕੇ ਦੇ ਕਿਸਾਨਾਂ ਨੂੰ 55 ਕਰੋੜ ਰੁਪਏ ਦਾ ਘਾਟਾ ਪਿਆ।
ਕਿਸਾਨਾਂ ਨੂੰ ਤਾਂ ਕਣਕ ਦੀ ਫਸਲ ਨੇ ਵੱਡੀ ਆਰਥਿਕ ਢਾਹ ਲਗਾਈ ਹੀ ਹੈ ਉੱਥੇ ਉਨ੍ਹਾਂ ਨਾਲ ਜੁਡ਼ੇ ਆੜ੍ਹਤੀ, ਮਜ਼ਦੂਰ ਅਤੇ ਫਸਲ ਦੀ ਢੋਆ-ਢੁਆਈ ਕਰਨ ਵਾਲੇ ਟਰੱਕ ਆਪ੍ਰੇਟਰਾਂ ਨੂੰ ਵੀ ਵੱਡਾ ਨੁਕਸਾਨ ਹੋਇਆ ਹੈ। ਮਾਛੀਵਾੜਾ ਅਨਾਜ ਮੰਡੀ ’ਚ 55 ਕਰੋੜ ਰੁਪਏ ਦੀ ਫਸਲ ਘਟਣ ਕਾਰਨ ਸਿੱਧੇ ਤੌਰ ’ਤੇ ਆੜ੍ਹਤੀਆਂ ਦਾ ਵੀ 2.50 ਪ੍ਰਤੀਸ਼ਤ ਕਮਿਸ਼ਨ ਘਟ ਗਿਆ ਜਿਸ ਕਾਰਨ ਇੱਥੋਂ ਦੇ ਕਰੀਬ 70 ਆੜ੍ਹਤੀਆਂ ਨੂੰ 1 ਕਰੋੜ 37 ਲੱਖ ਰੁਪਏ ਦਾ ਘਾਟਾ ਵੀ ਝੱਲਣਾ ਪਵੇਗਾ। ਦੂਸਰੇ ਪਾਸੇ ਮੰਡੀਆਂ ’ਚ ਫਸਲ ਦੀ ਘੱਟ ਆਮਦ ਕਾਰਨ ਮਜ਼ਦੂਰਾਂ ਅਤੇ ਟਰੱਕ ਆਪ੍ਰੇਟਰਾਂ ਨੂੰ ਫਸਲ ਢੋਆ-ਢੁਆਈ ਕਰਨ ਦਾ ਕੰਮ ਵੀ ਘੱਟ ਮਿਲਿਆ ਜਿਸ ਕਾਰਨ ਉਹ ਵੀ ਇਸ ਵਾਰ ਕਣਕ ਦੇ ਸੀਜ਼ਨ ਤੋਂ ਕਾਫ਼ੀ ਨਿਰਾਸ਼ ਦਿਖਾਈ ਦੇ ਰਹੇ ਹਨ।
ਮਾਰਕੀਟ ਕਮੇਟੀ ਨੂੰ ਵੀ 3 ਕਰੋੜ 30 ਲੱਖ ਦਾ ਘਾਟਾ ਪਿਆ
ਮਾਛੀਵਾੜਾ ਅਨਾਜ ਮੰਡੀ ਵਿਚ ਕਣਕ ਦੇ ਘੱਟ ਝਾੜ ਕਾਰਨ ਜਿੱਥੇ ਕਿਸਾਨਾਂ ਨੂੰ ਤਾਂ 55 ਕਰੋੜ ਦਾ ਘਾਟਾ ਪਿਆ ਉੱਥੇ ਮਾਰਕੀਟ ਕਮੇਟੀ ਜਿਸ ਨੂੰ ਕਿ 3 ਕਰੋੜ 30 ਲੱਖ ਰੁਪਏ ਦਾ ਘਾਟਾ ਪਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਮਾਰਕੀਟ ਕਮੇਟੀ ਨੂੰ ਮੰਡੀ ’ਚ ਵਿਕੀ ਫਸਲ ’ਤੇ 3 ਪ੍ਰਤੀਸ਼ਤ ਮਾਰਕੀਟ ਫੀਸ ਅਤੇ 3 ਪ੍ਰਤੀਸ਼ਤ ਰੂਰਲ ਡਿਵੈਲਪਮੈਂਟ ਫੰਡ ਵਸੂਲਦੀ ਹੈ। 55 ਕਰੋੜ ਰੁਪਏ ਦਾ ਘਾਟਾ ਪੈਣ ਕਾਰਨ ਇਸ ’ਤੇ ਬਣਦੀ 6 ਪ੍ਰਤੀਸ਼ਤ ਫੀਸ ਦੀ ਰਾਸ਼ੀ 3 ਕਰੋੜ 30 ਲੱਖ ਰੁਪਏ ਬਣਦੀ ਹੈ ਜਿਸ ਨਾਲ ਮੰਡੀ ਬੋਰਡ ਆਪਣੇ ਮੁਲਾਜ਼ਮਾਂ ਦੀਆਂ ਤਨਖਾਹਾਂ, ਮੰਡੀਆਂ ਤੇ ਸੜਕਾਂ ਦਾ ਨਿਰਮਾਣ ਕਰਦੀ ਹੈ।
ਕਿਸਾਨਾਂ ਲਈ ਕਰਜ਼ੇ ਦੀ ਅਦਾਇਗੀ ਤੇ ਝੋਨੇ ਦੀ ਬਿਜਾਈ ਚਿੰਤਾ ਦਾ ਵਿਸ਼ਾ
ਕਣਕ ਫਸਲ ਦਾ ਝਾੜ ਘਟਣ ਕਾਰਨ ਜਿੱਥੇ ਪੂਰੇ ਪੰਜਾਬ ਵਿਚ ਹੀ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ ਹੈ ਕਿਉਂਕਿ ਇਸ ਵਾਰ ਜਿੱਥੇ ਪਹਿਲਾਂ ਕਣਕ ਦਾ ਝਾੜ 20 ਤੋਂ 22 ਕੁਇੰਟਲ ਨਿਕਲਦਾ ਸੀ ਉਹ ਹੁਣ 12 ਤੋਂ 14 ਕੁਇੰਟਲ ਤੱਕ ਸਿਮਟ ਕੇ ਰਹਿ ਗਿਆ ਹੈ। ਇਸ ਭਾਰੀ ਆਰਥਿਕ ਨੁਕਸਾਨ ਕਾਰਨ ਕਿਸਾਨਾਂ ਦੀ ਬੈਂਕਾਂ ਤੋਂ ਫਸਲ ਦੇ ਬਦਲੇ ਚੁੱਕਿਆ ਕਰਜ਼ਾ ਅਤੇ ਲਿਮਟਾਂ ਦੀ ਅਦਾਇਗੀ ਕਰਨੀ ਮੁਸ਼ਕਿਲ ਹੋਈ ਪਈ ਹੈ, ਉੱਥੇ ਕੁਝ ਹੀ ਦਿਨਾਂ ’ਚ ਝੋਨੇ ਦੀ ਬਿਜਾਈ ਲਈ ਰਾਸ਼ੀ ਦੀ ਲੋੜ ਹੈ ਉਸਦੀ ਵੀ ਚਿੰਤਾ ਸਤਾ ਰਹੀ ਹੈ। ਕਿਸਾਨਾਂ ਨੂੰ ਕਣਕ ਫਸਲ ਦੀ ਅਦਾਇਗੀ ਮੌਕੇ ਸਭ ਤੋਂ ਪਹਿਲਾਂ ਆੜ੍ਹਤੀ ਆਪਣਾ ਦਿੱਤਾ ਕਰਜ਼ਾ ਵਸੂਲਦੇ ਹਨ, ਫਿਰ ਬੈਂਕਾਂ ਦੀਆਂ ਕਰਜ਼ਾ ਲਿਮਟਾਂ ਅਦਾ ਕਰਨ ਤੋਂ ਬਾਅਦ ਹਾਲਾਤ ਇਹ ਬਣ ਗਏ ਹਨ ਕਿ ਕਿਸਾਨਾਂ ਪੱਲੇ ਧੇਲਾ ਵੀ ਨਹੀਂ ਬਚਣਾ ਅਤੇ ਕਰਜ਼ੇ ਦੀ ਪੰਡ ਹੋਰ ਭਾਰੀ ਹੁੰਦੀ ਦਿਖਾਈ ਦੇ ਰਹੀ ਹੈ। ਜੇਕਰ ਕੇਂਦਰ ਜਾਂ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਇਸ ਕੁਦਰਤੀ ਕ੍ਰੋਪੀ ਕਾਰਨ ਪ੍ਰਤੀ ਏਕੜ 15 ਤੋਂ 20 ਹਜ਼ਾਰ ਮੁਆਵਜ਼ਾ ਨਾ ਦਿੱਤਾ ਤਾਂ ਕਿਸਾਨਾਂ ਦੀ ਆਰਥਿਕ ਸਥਿਤੀ ਹੋਰ ਬਦ ਤੋਂ ਬਦਤਰ ਹੋ ਜਾਵੇਗੀ।
ਜ਼ਿਲ੍ਹਾ ਸੰਗਰੂਰ ਦੇ ਪੁਲਸ ਥਾਣਾ ਛਾਜਲੀ ਨੂੰ ਚੁਣਿਆ ਗਿਆ ਪੰਜਾਬ ਦਾ ਸਰਵੋਤਮ ਪੁਲਸ ਥਾਣਾ
NEXT STORY