ਮਾਛੀਵਾੜਾ ਸਾਹਿਬ (ਟੱਕਰ) : ਹਿੰਦ ਦੀ ਚਾਦਰ ਅਤੇ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅਸਾਮ ਦੇ ਗੁਰਦੁਆਰਾ ਧੋਬੜੀ ਸਾਹਿਬ ਤੋਂ ਸਜਾਏ ਨਗਰ ਕੀਰਤਨ ਦਾ ਮਾਛੀਵਾੜਾ ਸਾਹਿਬ ਦੀ ਇਤਿਹਾਸਕ ਧਰਤੀ ਵਿਖੇ ਪੁੱਜਣ ’ਤੇ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ। ਇਹ ਨਗਰ ਕੀਰਤਨ ਦੇਰ ਰਾਤ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਪੁੱਜਾ, ਜਿੱਥੇ ਵਿਸ਼ਰਾਮ ਕਰਨ ਉਪਰੰਤ ਅੱਜ ਸਵੇਰੇ ਅਰਦਾਸ ਕਰਨ ਉਪਰੰਤ ਜੈਕਾਰਿਆਂ ਦੀ ਗੂੰਜ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਕੀਤਾ ਗਿਆ, ਜਿੱਥੋਂ ਕਿ ਪੰਜ ਪਿਆਰਿਆਂ ਦੀ ਅਗਵਾਈ ਹੇਠ ਢੋਲ, ਨਗਾੜਿਆਂ ਦੀ ਥਾਪ ਹੇਠ ਅਗਲੇ ਪੜਾਅ ਲਈ ਰਵਾਨਾ ਹੋਇਆ। ਇਸ ਨਗਰ ਕੀਰਤਨ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੰਘ ਸਾਹਿਬ ਗਿਆਨੀ ਗੁਰਵਿੰਦਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਤਲਵੰਡੀ ਵੀ ਮੌਜੂਦ ਰਹੇ। ਇਸ ਮੌਕੇ ਹਲਕਾ ਸਮਰਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ, ਸਰਬੰਸ ਸਿੰਘ ਮਾਣਕੀ, ਹਰਜਤਿੰਦਰ ਸਿੰਘ ਪਵਾਤ, ਰਣਜੀਤ ਸਿੰਘ ਮੰਗਲੀ, ਹਰਪਾਲ ਸਿੰਘ ਜੱਲ੍ਹਾ (ਸਾਰੇ ਸ਼੍ਰੋਮਣੀ ਕਮੇਟੀ ਮੈਂਬਰ), ਗੁਰੂ ਘਰ ਦੇ ਮੈਨੇਜਰ ਜਸਵੀਰ ਸਿੰਘ ਮੰਗਲੀ ਨੇ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਂਟ ਕੀਤੇ। ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਅੱਜ ਨਗਰ ਕੀਰਤਨ 'ਚ ਸ਼ਾਮਲ ਹੋਇਆ, ਜਿਨ੍ਹਾਂ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਿਜਦਾ ਕੀਤਾ।

ਸਿੱਖੀ ਬਾਣੇ 'ਚ ਸਜੇ ਸਿੰਘਾਂ ਨੇ ਬੈਂਡ ਦੀ ਪੇਸ਼ਕਾਰੀ ਦਿੱਤੀ। ਇਸ ਨਗਰ ਕੀਰਤਨ 'ਚ ਗੁਰੂ ਸਾਹਿਬਾਨਾਂ ਦੇ ਇਤਿਹਾਸਕ ਸਸ਼ਤਰ ਵੀ ਇੱਕ ਵੱਖਰੀ ਪਾਲਕੀ 'ਚ ਸੁਸ਼ੋਭਿਤ ਕੀਤੇ ਸਨ, ਜਿਨ੍ਹਾਂ ਦੇ ਸੰਗਤਾਂ ਨੇ ਬੜੀ ਸ਼ਰਧਾ ਨਾਲ ਦਰਸ਼ਨ ਕੀਤੇ। ਸ਼ਹਿਰ ਦੀਆਂ ਸੰਗਤਾਂ ਵਲੋਂ ਨਗਰ ਕੀਰਤਨ ਦੇ ਸਵਾਗਤ ਲਈ ਥਾਂ-ਥਾਂ ਸਜਾਵਟੀ ਗੇਟ ਲਗਾਏ ਗਏ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਗਰ ਕੀਰਤਨ ਦੇ ਰੂਟ ’ਤੇ ਝੰਡੀਆਂ ਲਗਾ ਕੇ ਸ਼ਹਿਰ ਨੂੰ ਖਾਲਸਾਈ ਰੰਗ 'ਚ ਰੰਗ ਦਿੱਤਾ। ਇਹ ਨਗਰ ਕੀਰਤਨ ਮਾਛੀਵਾੜਾ ਸਾਹਿਬ ਤੋਂ ਗੜ੍ਹੀ ਤਰਖਾਣਾ ਪੁਲ, ਮੁਸ਼ਕਾਬਾਦ, ਪਵਾਤ, ਬਹਿਲੋਲਪੁਰ, ਝਾੜ ਸਾਹਿਬ ਤੋਂ ਹੁੰਦਾ ਹੋਇਆ ਅਗਲੇ ਪੜਾਅ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋ ਗਿਆ। ਨਗਰ ਕੀਰਤਨ 'ਚ ਸਾਬਕਾ ਪ੍ਰਧਾਨ ਉਜਾਗਰ ਸਿੰਘ ਬੈਨੀਪਾਲ, ਸਾਬਕਾ ਚੇਅਰਮੈਨ ਰਾਜਵੰਤ ਸਿੰਘ ਕੂੰਨਰ, ਬਾਬਾ ਮੋਹਣ ਸਿੰਘ, ਚਿੱਤਰਕਾਰ ਜਗਦੀਸ਼ ਸਿੰਘ ਬਰਾੜ, ਹੈੱਡ ਗ੍ਰੰਥੀ ਗੁਰਮੁਖ ਸਿੰਘ, ਕਥਾਵਾਚਕ ਇਕਨਾਮ ਸਿੰਘ, ਭਾਈ ਸੁਰਿੰਦਰ ਸਿੰਘ, ਭਾਈ ਮਨਜੀਤ ਸਿੰਘ, ਹਰਪਾਲ ਸਿੰਘ ਸਕੱਤਰ, ਅਮਨਦੀਪ ਸਿੰਘ ਤਨੇਜਾ, ਚਰਨਜੀਤ ਸਿੰਘ ਲੱਖੋਵਾਲ, ਜਸਪਾਲ ਸਿੰਘ ਜੱਜ, ਐਡਵੋਕੇਟ ਗੁਰਜੀਤ ਸਿੰਘ ਮਿੱਠੇਵਾਲ, ਜਗਦੀਪ ਸਿੰਘ ਜੱਜ, ਉਪਜਿੰਦਰ ਸਿੰਘ ਔਜਲਾ, ਭਾਈ ਬਚਿੱਤਰ ਸਿੰਘ, ਮੈਨੇਜਰ ਇਕਬਾਲ ਸਿੰਘ, ਮੈਨੇਜਰ ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ, ਸੁਖਰਾਜ ਸਿੰਘ, ਗੁਰਮੀਤ ਸਿੰਘ, ਹਰਿੰਦਰ ਸਿੰਘ, ਮਨਜੀਤ ਸਿੰਘ, ਰਣਜੀਤ ਸਿੰਘ, ਪਰਮਜੀਤ ਸਿੰਘ, ਪਰਮਿੰਦਰ ਸਿੰਘ, ਮਲਕੀਤ ਸਿੰਘ, ਭਾਈ ਰਾਮ ਸਿੰਘ, ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ, ਜਸਵੀਰ ਸਿੰਘ ਢਿੱਲੋਂ, ਜਸਵੀਰ ਸਿੰਘ ਗਿੱਲ, ਗੁਰਨਾਮ ਸਿੰਘ ਖਾਲਸਾ, ਸਿਮਰਨਜੀਤ ਗੋਗੀਆ ਵੀ ਮੌਜੂਦ ਸਨ।

ਨਗਰ ਕੌਂਸਲ ਅਤੇ ਧਾਰਮਿਕ ਸੰਸਥਾਵਾਂ ਵਲੋਂ ਲੰਗਰ ਲਗਾਏ ਗਏ
ਨਗਰ ਕੀਰਤਨ ਦਾ ਅੱਜ ਮਾਛੀਵਾੜਾ ਸ਼ਹਿਰ 'ਚ ਜਿੱਥੇ ਵੱਖ-ਵੱਖ ਥਾਵਾਂ ’ਤੇ ਭਰਵਾਂ ਸਵਾਗਤ ਕੀਤਾ ਗਿਆ, ਉੱਥੇ ਨਗਰ ਕੌਂਸਲ ਤੇ ਹੋਰ ਧਾਰਮਿਕ ਸੰਸਥਾਵਾਂ ਵਲੋਂ ਸੰਗਤਾਂ ਲਈ ਵੱਖ-ਵੱਖ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ। ਚਰਨ ਕੰਵਲ ਸਾਹਿਬ ਚੌਂਕ ’ਚ ਦੁਕਾਨਦਾਰਾਂ ਵਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ, ਉੱਥੇ ਇਤਿਹਾਸਕ ਗੁਰਦੁਆਰਾ ਸ੍ਰੀ ਗਨੀ ਖਾਂ ਨਬੀ ਖਾਂ ਨੇੜ੍ਹੇ ਪੁੱਜਣ ’ਤੇ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਵਲੋਂ ਸੰਗਤਾਂ ਲਈ ਲੰਗਰ ਲਗਾਏ ਗਏ। ਨਗਰ ਕੌਂਸਲ ਦਫ਼ਤਰ ਮਾਛੀਵਾੜਾ ਬਾਹਰ ਪੁੱਜਣ ’ਤੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਪ੍ਰਧਾਨ ਮੋਹਿਤ ਕੁੰਦਰਾ, ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਕਾਰਜ ਸਾਧਕ ਅਫ਼ਸਰ ਵਿਕਰਮਜੀਤ ਸਿੰਘ, ਜਗਮੀਤ ਸਿੰਘ ਮੱਕੜ, ਅਮਨਦੀਪ ਸਿੰਘ ਤਨੇਜਾ, ਪ੍ਰਕਾਸ਼ ਕੌਰ, ਨੀਰਜ, ਨਿਰਮਲ ਸਿੰਘ, ਜਸਵੀਰ ਸਿੰਘ ਭੱਟੀਆਂ ਵਾਲੇ (ਸਾਰੇ ਕੌਂਸਲਰ), ਨਿਰੰਜਨ ਨੂਰ, ਪ੍ਰਵੀਨ ਮੱਕੜ, ਪੀ. ਏ. ਨਵਜੀਤ ਸਿੰਘ ਉਟਾਲਾਂ ਅਤੇ ਸਮੂਹ ਸਟਾਫ਼ ਵਲੋਂ ਫੁੱਲਾਂ ਦੀ ਵਰਖਾ ਕਰ ਸਵਾਗਤ ਕੀਤਾ ਗਿਆ। ਸੰਗਤਾਂ ਲਈ ਫਰੂਟ ਦਾ ਲੰਗਰ ਲਗਾਇਆ ਗਿਆ। ਗੜ੍ਹੀ ਤਰਖਾਣਾ ਪੁਲ ’ਤੇ ਬੈਨੀਪਾਲ ਕਿਸਾਨ ਸੇਵਾ ਕੇਂਦਰ ਵਲੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਉਜਾਗਰ ਸਿੰਘ ਬੈਨੀਪਾਲ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ ਅਤੇ ਲੰਗਰ ਲਗਾਇਆ।

ਨਗਰ ਕੀਰਤਨ ਲਈ ਮਾਛੀਵਾੜਾ ਸ਼ਹਿਰ ਵਿਚ ਸੰਗਤਾਂ ਵਿਚ ਭਾਰੀ ਉਤਸ਼ਾਹ ਦਿਖਾਈ ਦਿੱਤਾ। ਅਨਾਜ ਮੰਡੀ ਅੱਗੇ ਆੜ੍ਹਤੀ ਐਸੋਸ਼ੀਏਸ਼ਨ ਦੇ ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਅਤੇ ਸਮੂਹ ਆੜ੍ਹਤੀਆਂ ਵਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਮਾਛੀਵਾੜਾ ਥਾਣਾ ਵਲੋਂ ਨਗਰ ਕੀਰਤਨ ਨੂੰ ਸਲਾਮੀ ਦਿੱਤੀ ਗਈ ਨਗਰ ਕੀਰਤਨ ਜਦੋਂ ਅੱਜ ਮਾਛੀਵਾੜਾ ਥਾਣਾ ਵਿਖੇ ਪੁੱਜਾ ਤਾਂ ਉੱਥੇ ਡੀ. ਐੱਸ. ਪੀ. ਸਮਰਾਲਾ ਤਰਲੋਚਨ ਸਿੰਘ ਅਤੇ ਥਾਣਾ ਮੁਖੀ ਹਰਵਿੰਦਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਅੱਗੇ ਸੀਸ ਝੁਕਾਇਆ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਂਟ ਕੀਤੇ। ਇਸ ਮੌਕੇ ਪੁਲਸ ਦੀ ਇੱਕ ਟੁਕੜੀ ਵਲੋਂ ਵਿਸ਼ੇਸ਼ ਤੌਰ ’ਤੇ ਨਗਰ ਕੀਰਤਨ ਨੂੰ ਸਲਾਮੀ ਦਿੱਤੀ ਗਈ ਅਤੇ ਸ਼ਰਧਾ ਦਾ ਇਜਹਾਰ ਕੀਤਾ। ਨਗਰ ਕੀਰਤਨ ਦੌਰਾਨ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਮੂਹ ਪੁਲਸ ਕਰਮਚਾਰੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਦੇ ਰਹੇ।
ਤੜਕਸਾਰ ਦੋ ਟਰੱਕਾਂ ਦੀ ਹੋਈ ਆਪਸ 'ਚ ਜ਼ਬਰਦਸਤ ਟੱਕਰ, ਉੱਡੇ ਪਰਖਚੇ, ਡਰਾਈਵਰ ਵੀ ਗੰਭੀਰ ਰੂਪ 'ਚ ਜ਼ਖ਼ਮੀ
NEXT STORY