ਮੋਗਾ (ਆਜ਼ਾਦ) : ਥਾਣਾ ਫਤਿਹਗੜ੍ਹ ਪੰਜਤੂਰ ਅਧੀਨ ਪੈਂਦੇ ਪਿੰਡ ਲਲਿਹਾਂਦੀ ਨਿਵਾਸੀ ਕਿਸਾਨ ਕਾਬਲ ਸਿੰਘ ਨੂੰ ਟਰਾਂਸਫਾਰਮਰ ਤੋਂ ਬਿਜਲੀ ਚੋਰੀ ਰੋਕਣਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਕੁਝ ਹਥਿਆਰਬੰਦ ਵਿਅਕਤੀਆਂ ਵੱਲੋਂ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਅੰਨ੍ਹੇਵਾਹ ਫਾਇਰਿੰਗ ਕੀਤੀ। ਇਸ ਸਬੰਧ ਵਿਚ ਥਾਣਾ ਫਤਿਹਗੜ੍ਹ ਪੰਜਤੂਰ ਪੁਲਸ ਵੱਲੋਂ ਕਿਸਾਨ ਕਾਬਲ ਸਿੰਘ ਦੀ ਸ਼ਿਕਾਇਤ ’ਤੇ ਨਿਰਮਲ ਸਿੰਘ ਅਤੇ ਉਸਦੇ ਬੇਟੇ ਗੁਰਨੈਬ ਸਿੰਘ ਨਿਵਾਸੀ ਪਿੰਡ ਕਾਹਨੇਵਾਲਾ ਖਿਲਾਫ਼ ਜਾਨਲੇਵਾ ਹਮਲਾ ਕਰਨ ਅਤੇ ਹੋਰਨਾ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਕਾਬਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਘਰ ਨੂੰ 24 ਘੰਟੇ ਬਿਜਲੀ ਸਪਲਾਈ ਪਿੰਡ ਲਲਿਹਾਂਦੀ ਵਿਖੇ ਲੱਗੇ 25ਕੇ. ਵੀ. ਦੇ ਟਰਾਂਸਫਾਰਮਰ ਵਿਚੋਂ ਆਉਂਦੀ ਹੈ, ਜਿੱਥੇ ਕਥਿਤ ਦੋਸ਼ੀਆਂ ਨੇ ਜ਼ਮੀਨ ਠੇਕੇ ’ਤੇ ਲਈ ਹੋਈ ਹੈ ਅਤੇ ਕਥਿਤ ਦੋਸ਼ੀ ਉਕਤ ਬਿਜਲੀ ਟਰਾਂਸਫਾਰਮਰ ਤੋਂ ਨਾਜਾਇਜ਼ ਮੋਟਰ ਚਲਾਉਂਦੇ ਹਨ, ਜਿਸ ’ਤੇ ਮੈਂ ਬਿਜਲੀ ਮਹਿਕਮੇ ਨੂੰ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਟਰਾਂਸਫਾਰਮਰ ਨੂੰ ਜਿੰਦਾ ਲਗਾ ਦਿੱਤਾ ਜਿਸ ਕਾਰਣ ਕਥਿਤ ਦੋਸ਼ੀ ਮੇਰੇ ਨਾਲ ਰੰਜਿਸ਼ ਰੱਖਣ ਲੱਗ ਪਏ।
ਬੀਤੀ 1 ਜੁਲਾਈ ਨੂੰ ਜਦੋਂ ਕਥਿਤ ਦੋਸ਼ੀ ਟਰਾਂਸਫਾਰਮਰ ਦਾ ਜਿੰਦਰਾ ਤੋੜ ਰਹੇ ਸਨ ਤਾਂ ਮੈਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਮੈਂਨੂੰ ਜਾਨ ਤੋਂ ਮਾਰਨ ਦੀ ਨੀਅਤ ਨਾਲ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ ਪਰ ਮੈਂ ਬਚ ਗਿਆ। ਜਦੋਂ ਮੈਂ ਰੋਲਾ ਪਾਇਆ ਤਾਂ ਦੋਸ਼ੀ ਧਮਕੀਆਂ ਦਿੰਦੇ ਹੋਏ ਚਲੇ ਗਏ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਕਤ ਮਾਮਲੇ ਵਿਚ ਨਿਰਮਲ ਸਿੰਘ ਨੂੰ ਕਾਬੂ ਕਰ ਲਿਆ ਹੈ, ਜਦਕਿ ਉਸਦੇ ਬੇਟੇ ਗੁਰਨੈਬ ਸਿੰਘ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸਦੇ ਜਲਦੀ ਕਾਬੂ ਆ ਜਾਣ ਦੀ ਸੰਭਾਵਨਾ ਹੈ।
ਦੇਸ਼ ਦੇ ਪਹਿਲੇ ਈ. ਵੀ. ਫਰੈਂਡਲੀ ਹਾਈਵੇਅ 'ਤੇ 200 ਦੇ ਕਰੀਬ ਲੱਗੇ ਚਾਰਜਿੰਗ ਪੁਆਇੰਟ
NEXT STORY