ਮੋਗਾ (ਗੋਪੀ ਰਾਊਕੇ) : ਮੋਗਾ ਦੇ ਦੁਸਾਂਝ ਰੋਡ ਸਥਿਤ ਕਿਸਾਨਾਂ ਦੇ ਖ਼ੇਤਾਂ ਉਪਰੋਂ ਲੰਘਦੀਆਂ ਢਿੱਲੀਆਂ ਬਿਜਲੀ ਦੀਆਂ ਤਾਰਾਂ ਨੇ ਅੱਜ ਮੁੜ ਕਹਿਰ ਵਰਤਾ ਦਿੱਤਾ ਹੈ, ਜਿਸ ਕਰਕੇ ਕਿਸਾਨ ਦੇ ਖ਼ੇਤ ਵਿਚ ਖੜ੍ਹੀ 8 ਏਕੜ ਫ਼ਸਲ ਜਿੱਥੇ ਸੜ ਕੇ ਸੁਆਹ ਹੋ ਗਈ ਹੈ, ਉੱਥੇ ਕੰਬਾਇਨ ਮਸ਼ੀਨ ਦਾ ਵੀ ਵੱਡਾ ਨੁਕਸਾਨ ਹੋਇਆ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਪਾਵਰਕਾਮ ਨੂੰ ਕਈ ਵਾਰ ਇਨ੍ਹਾਂ ਢਿੱਲੀਆਂ ਤਾਰਾਂ ਨੂੰ ਕੱਸਣ ਜਾਂ ਨਵੀਂਆਂ ਪਾਉਣ ਦੀ ਮੰਗ ਕੀਤੀ ਸੀ ਪਰ ਵਿਭਾਗ ਦੇ ਕੁੱਝ ਮੁਲਾਜ਼ਮਾਂ ਵੱਲੋਂ ਕਥਿਤ ਤੌਰ ’ਤੇ ਕਿਸਾਨਾਂ ਕੋਲੋਂ ਰਿਸ਼ਵਤ ਮੰਗੀ ਗਈ ਸੀ ਅਤੇ ਰਿਸ਼ਵਤ ਨਾ ਦੇਣ ਕਰ ਕੇ ਕਿਸਾਨਾਂ ਦੀਆਂ ਤਾਰਾਂ ਨਹੀਂ ਕੱਸੀਆਂ ਗਈਆਂ ਸਨ।
ਕਿਸਾਨ ਹਰਦੇਵ ਸਿੰਘ, ਜਿਸ ਦੀ 8 ਏਕੜ ਫ਼ਸਲ ਰਾਖ਼ ਹੋਈ ਹੈ, ਨੇ ਭਰੇ ਮਨ ਨਾਲ ਦੱਸਿਆ ਕਿ ਕਣਕ ਦੀ ਕਟਾਈ ਕਰ ਰਹੀ ਕੰਬਾਇਨ ਵੀ ਸੜ ਗਈ ਹੈ। ਉਨ੍ਹਾਂ ਭਰੇ ਮਨ ਨਾਲ ਦੱਸਿਆ ਕਿ ਪਿਛਲੇ ਵਰ੍ਹੇ ਵੀ 8 ਏਕੜ ਕਣਕ ਦੀ ਫਸਲ ਇਸੇ ਤਰ੍ਹਾਂ ਸੜ ਗਈ ਸੀ ਅਤੇ ਫ਼ਿਰ ਵੀ ਵਿਭਾਗ ਦੇ ਅਧਿਕਾਰੀਆਂ ਨੇ ਕੋਈ ਸਬਕ ਨਹੀਂ ਸਿੱਖਿਆ ਅਤੇ ਇਸ ਵਾਰ ਫ਼ਿਰ ਪੁੱਤਾਂ ਵਾਗੂੰ ਪਾਲੀ ਫ਼ਸਲ ਸੜ ਕੇ ਰਾਖ ਹੋ ਗਈ ਹੈ। ਕੰਬਾਇਨ ਚਾਲਕ ਨੇ ਦੱਸਿਆ ਕਿ 25 ਲੱਖ ਰੁਪਏ ਦੇ ਕਰੀਬ ਕੰਬਾਇਨ ਦਾ ਨੁਕਸਾਨ ਹੋਇਆ ਹੈ।
ਪਿਛਲੇ ਵਰ੍ਹੇ ਹੋਏ ਨੁਕਸਾਨ ਦਾ ਅੱਜ ਤੱਕ ਨਹੀਂ ਮਿਲਿਆ ਮੁਆਵਜ਼ਾ
ਕਿਸਾਨਾਂ ਨੇ ਭਰੇ ਮਨ ਨਾਲ ਦੱਸਿਆ ਕਿ ਪਿਛਲੇ ਵਰ੍ਹੇ ਵੀ ਇੰਨ੍ਹੀ ਦਿਨ ਪੱਕੀ ਕਣਕ ਦੀ ਫਸਲ ਅੱਗ ਦੀ ਭੇਟ ਚੜ੍ਹ ਗਈ ਸੀ, ਜਿਸ ਦਾ ਅੱਜ ਤੱਕ ਮੁਆਵਜ਼ਾ ਨਹੀਂ ਮਿਲਿਆ ਅਤੇ ਇਸ ਵਾਰ ਫ਼ਿਰ ਵੱਡਾ ਨੁਕਸਾਨ ਸਾਡੀਆਂ ਅੱਖਾਂ ਮੂਹਰੇ ਹੋ ਗਿਆ ਹੈ।
ਖ਼ੇਤ ਪੁੱਜੇ ਪਾਵਰਕਾਮ ਦੇ ਅਧਿਕਾਰੀ ਪੱਤਰਕਾਰਾਂ ਦੇ ਜਵਾਬ ਦੇਣ ਤੋਂ ਭੱਜੇ
ਇਸ ਦੌਰਾਨ ਜਦੋਂ ਪੀੜਤ ਕਿਸਾਨ ਦੇ ਖੇਤ ਵਿਚ ਪਾਵਰਕਾਮ ਦੇ ਅਧਿਕਾਰੀ ਸਥਿਤੀ ਦਾ ਜਾਇਜ਼ਾ ਲੈਣ ਲਈ ਪੁੱਜੇ ਤਾਂ ਉਨ੍ਹਾਂ ਕਿਸਾਨਾਂ ਵੱਲੋਂ ਲਗਾਏ ਦੋਸ਼ਾਂ ਦੇ ਮਾਮਲੇ ’ਤੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਅਧਿਕਾਰੀ ਭੱਜਦੇ ਨਜ਼ਰ ਆਏ ਅਤੇ ਉਨ੍ਹਾਂ ਕਿਸਾਨਾਂ ਦੇ ਦੋਸ਼ਾਂ ਦੇ ਮਾਮਲੇ ’ਤੇ ਕੁੱਝ ਵੀ ਕਹਿਣ ਤੋਂ ਇੰਨਕਾਰ ਕਰ ਦਿੱਤਾ।
ਕਿਸਾਨਾਂ ਦੀ ਫ਼ਸਲ ਦੇ ਨੁਕਸਾਨ ਦਾ ਤੁਰੰਤ ਦਿੱਤਾ ਜਾਵੇ ਮੁਆਵਜ਼ਾ : ਮੱਖਣ ਬਰਾੜ
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਇਸ ਮਾਮਲੇ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਸਾਨਾਂ ਦੀ ਫਸਲ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਤੁਰੰਤ ਮੁਆਵਜ਼ਾ ਰਾਸ਼ੀ ਦਿੱਤੇ ਜਾਣ ਦੀ ਸਰਕਾਰ ਤੋਂ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਆਰਥਿਕ ਤੰਗੀ ਵਿਚੋਂ ਨਿਕਲ ਰਹੇ ਪੰਜਾਬ ਦੇ ਕਿਸਾਨ ਵਰਗ ਦੀ ਪੱਕੀ ਫ਼ਸਲ ਦਾ ਹੋਰ ਨੁਕਸਾਨ ਹੋਣ ਨਾਲ ਨਵੀ ਬਿਪਤਾ ਖੜ੍ਹੀ ਹੋ ਗਈ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਤਰਫ਼ੋਂ ਪੀੜਤ ਕਿਸਾਨ ਨਾਲ ਹਮਦਰਦੀ ਜ਼ਾਹਰ ਕੀਤੀ ਹੈ।
ਪੁੱਤ ਨੂੰ ਵਿਆਹੁਣ ਦੇ ਚਾਅ ਰਹਿ ਗਏ ਅਧੂਰੇ, ਅਬੋਹਰ ਵਿਖੇ ਹਾਦਸੇ ’ਚ ਇਕਲੌਤੇ ਪੁੱਤਰ ਦੀ ਮੌਤ
NEXT STORY