ਮਾਨਸਾ, (ਜੱਸਲ)- ਪਿੰਡ ਠੂਠਿਆਂਵਾਲੀ ਦੇ ਕਿਸਾਨਾਂ ਨੇ ਅੱਜ ਆਪਣੇ ਖੇਤਾਂ ਵਿਚ ਪਈ ਝੋਨੇ ਦੀ ਪਰਾਲੀ ਨੂੰ ਇਕੱਠੇ ਹੋ ਕੇ ਅਗਨ ਭੇਟ ਕੀਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਕਮੇਟੀ ਦੇ ਪ੍ਰਧਾਨ ਮੇਜਰ ਸਿੰਘ ਠੂਠਿਆਂਵਾਲੀ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ ਨੇ 150 ਏਕੜ ਜ਼ਮੀਨ 'ਚ ਪਈ ਪਰਾਲੀ ਨੂੰ ਸਾੜ ਦਿੱਤਾ। ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ।
ਜਥੇਬੰਦੀ ਦੇ ਜ਼ਿਲਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਪਰਾਲੀ ਨੂੰ ਅੱਗ ਲਾਉਣ ਤੋਂ ਪਹਿਲਾਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤਾਂ ਵਿਚ ਅੱਗ ਮਚਾਉਣੀ ਕਿਸਾਨਾਂ ਦਾ ਕੋਈ ਸ਼ੌਕ ਨਹੀਂ ਮਜਬੂਰੀ ਹੈ ਕਿਉਂਕਿ ਸਰਕਾਰ ਵੱਲੋਂ ਅਜੇ ਤੱਕ ਕੋਈ ਅਜਿਹਾ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਨਾਲ ਪਰਾਲੀ ਨੂੰ ਅੱਗ ਲਾਉਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮਜਬੂਰੀ ਨੂੰ ਸਮਝਣ ਦੀ ਬਜਾਏ ਕੁਝ ਅਧਿਕਾਰੀ ਕਿਸਾਨਾਂ ਨੂੰ ਬੇ ਸਮਝ ਕਹਿ ਰਹੇ ਹਨ। ਉਨ੍ਹਾਂ ਅਜਿਹੇ ਅਧਿਕਾਰੀਆਂ ਨੂੰ ਸਵਾਲ ਕੀਤਾ ਕਿ ਉਹ ਖੁਦ ਖੇਤਾਂ ਵਿਚ ਜਾ ਕੇ ਪਰਾਲੀ ਨੂੰ ਅੱਗ ਲਾਉਣ ਤੋਂ ਇਲਾਵਾ ਕੋਈ ਸੌਖਾ ਢੰਗ ਤਰੀਕਾ ਤਾਂ ਦੱਸਣ। ਇਸ ਦੌਰਾਨ ਹਰਿੰਦਰ ਸਿੰਘ ਟੋਨੀ ਬਲਾਕ ਆਗੂ, ਪਿੰਡ ਕਮੇਟੀ ਆਗੂ ਉਜਾਗਰ ਸਿੰਘ, ਹਰਬੰਸ ਸਿੰਘ, ਜਰਨੈਲ ਸਿੰਘ, ਜ਼ਸਵੰਤ ਸਿੰਘ, ਗੋਧੂ ਮੈਂਬਰ, ਮਿੱਠੂ ਸਿੰਘ, ਨੇਕ, ਦਰਸ਼ਨ ਸਿੰਘ ਆਦਿ ਹਾਜ਼ਰ ਸਨ।
ਲਾਹਣ ਸਮੇਤ 2 ਕਾਬੂ
NEXT STORY