ਚੰਡੀਗੜ੍ਹ (ਮਨਪ੍ਰੀਤ) : ਕੇਂਦਰ ਸਰਕਾਰ ਵੱਲੋਂ ਭੇਜੇ ਗਏ ਨੁਮਾਇੰਦਿਆਂ ਨਾਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਬੈਠਕ ਚੰਡੀਗੜ੍ਹ ਵਿਖੇ ਤਕਰੀਬਨ ਤਿੰਨ ਘੰਟੇ ਤੱਕ ਚੱਲੀ।
ਕੇਂਦਰ ਸਰਕਾਰ ਵੱਲੋਂ ਕੇਂਦਰੀ ਖਪਤਕਾਰ ਮਾਮਲੇ, ਖ਼ੁਰਾਕ ਤੇ ਜਨਤਕ ਵੰਡ ਮੰਤਰੀ ਪ੍ਰਹਿਲਾਦ ਜੋਸ਼ੀ ਦੀ ਮੌਜ਼ੂਦਗੀ ’ਚ ਚੰਡੀਗੜ੍ਹ ਵਿਖੇ ਭਾਰਤ ਸਰਕਾਰ ਤੇ ਸੰਯੁਕਤ ਕਿਸਾਨ ਮੋਰਚਾ (ਗ਼ੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੇ 28 ਮੈਂਬਰੀ ਸਾਂਝੇ ਵਫ਼ਦ ਵਿਚਕਾਰ ਕਿਸਾਨ ਮੋਰਚੇ ਦੀਆਂ ਮੰਗਾਂ ਨੂੰ ਲੈ ਕੇ ਗੱਲਬਾਤ ਹੋਈ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਖਪਤਕਾਰ ਮਾਮਲਿਆਂ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵੀ ਸ਼ਿਰਕਤ ਕੀਤੀ।
ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਬੈਠਕ ’ਚ ਅਸੀਂ ਕਿਸਾਨਾਂ ਦੇ ਮਸਲਿਆਂ ’ਤੇ ਗੰਭੀਰਤਾ ਨਾਲ ਚਰਚਾ ਕੀਤੀ, ਅਸੀਂ ਸ਼ਾਂਤੀ ਨਾਲ ਕਿਸਾਨਾਂ ਦੀ ਗੱਲਬਾਤ ਸੁਣੀ ਤੇ ਉਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ ਹੁਣ ਤੱਕ ਐੱਮ.ਐੱਸ.ਪੀ. ’ਤੇ ਕੀਤੀ ਗਈ ਫ਼ਸਲਾਂ ਦੀ ਖ਼ਰੀਦ, ਬਜਟ ’ਚ ਕਿਸਾਨਾਂ ਲਈ ਕੀਤੇ ਪ੍ਰਬੰਧ ਅਤੇ ਸਰਕਾਰ ਵੱਲੋਂ ਹੋਰ ਕਿਸਾਨ ਪੱਖੀ ਕੀਤੇ ਗਏ ਕੰਮਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਹੈ। ਹੁਣ ਇਸ ਗੱਲਬਾਤ ਨੂੰ ਅੱਗੇ ਜਾਰੀ ਰੱਖਦਿਆਂ 22 ਫਰਵਰੀ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ ਹੇਠ ਕਿਸਾਨਾਂ ਨਾਲ ਦੁਬਾਰਾ ਬੈਠਕ ਕੀਤੀ ਜਾਵੇਗੀ, ਜਿਸ ’ਤੇ ਕਿਸਾਨਾਂ ਨੇ ਵੀ ਆਪਣੀ ਸਹਿਮਤੀ ਪ੍ਰਗਟ ਕੀਤੀ ਹੈ।
ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਆਪਣੇ ਪੁੱਤਰ ਦੀ ਸ਼ਾਦੀ ਕਾਰਨ ਉਹ ਇਸ ਬੈਠਕ ’ਚ ਹਿੱਸਾ ਨਹੀਂ ਲੈ ਸਕੇ। ਕਿਸਾਨਾਂ ਦੀਆਂ ਮੰਗਾਂ ਉਨ੍ਹਾਂ ਨੇ ਧਿਆਨ ਨਾਲ ਸੁਣੀਆਂ ਹਨ ਤੇ ਹਾਂ-ਪੱਖੀ ਮਾਹੌਲ ’ਚ ਗੱਲਬਾਤ ਹੋਈ ਤੇ ਹੁਣ 22 ਫਰਵਰੀ ਨੂੰ ਅਗਲੀ ਬੈਠਕ ਕੀਤੀ ਜਾਵੇਗੀ।
ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਅਭਿਮੰਨਿਊ ਕੋਹਾੜ ਨੇ ਕਿਹਾ ਕਿ ਦੋਵੇਂ ਕਿਸਾਨ ਮੋਰਚਿਆਂ ਤੇ ਤੱਥਾਂ ਅਤੇ ਦਸਤਾਵੇਜ਼ਾਂ ਸਹਿਤ ਐੱਮ.ਐੱਸ.ਪੀ. ਦੀ ਕਾਨੂੰਨੀ ਗਾਰੰਟੀ ਦੀ ਮੰਗ ਕੀਤੀ। ਮੀਟਿੰਗ ਦੌਰਾਨ ਜੋ ਤੱਥ ਕਿਸਾਨਾਂ ਨੇ ਰੱਖੇ, ਉਸ ’ਤੇ ਪੜਚੋਲ ਕਰਨ ਲਈ ਸਰਕਾਰ ਵੱਲੋਂ ਸਾਡੇ ਕੋਲੋਂ ਇਨ੍ਹਾਂ ਤੱਥਾਂ ਦੀ ਮੰਗ ਕੀਤੀ ਗਈ। ਸਰਕਾਰ ਨਾਲ ਸੁਖਾਵੇਂ ਮਾਹੌਲ ’ਚ ਗੱਲਬਾਤ ਹੋਈ। ਇਸ ਗੱਲਬਾਤ ਨੂੰ ਅੱਗੇ ਵਧਾਉਂਦਿਆਂ 22 ਫਰਵਰੀ ਨੂੰ ਹੁਣ ਦੁਬਾਰਾ ਬੈਠਕ ਹੋਵੇਗੀ।
ਜਾਰੀ ਰਹੇਗੀ ਡੱਲੇਵਾਲ ਦੀ ਭੁੱਖ ਹੜਤਾਲ
ਬੈਠਕ ਤੋਂ ਬਾਅਦ ਕਿਸਾਨ ਆਗੂਆਂ ਨੇ ਦੱਸਿਆ ਕਿ ਕੇਂਦਰੀ ਮੰਤਰੀ ਵੱਲੋਂ ਜਗਜੀਤ ਸਿੰਘ ਡੱਲੇਵਾਲ ਨੂੰ ਭੁੱਖ ਹੜਤਾਲ ਖ਼ਤਮ ਕਰਨ ਦੀ ਅਪੀਲ ਕੀਤੀ ਗਈ, ਜਿਸ ’ਤੇ ਡੱਲੇਵਾਲ ਨੇ ਕਿਹਾ ਕਿ ਸਾਡੀ ਭੁੱਖ ਹੜਤਾਲ ਐੱਮ.ਐੱਸ.ਪੀ. ਦੀ ਕਾਨੂੰਨੀ ਗਾਰੰਟੀ ਮਿਲਣ ਤੱਕ ਜਾਰੀ ਰਹੇਗੀ।
ਸੰਯਕਤ ਕਿਸਾਨ ਮੋਰਚਾ ਗ਼ੈਰ ਸਿਆਸੀ ਦੇ ਕੋਆਰਡੀਨੇਟਰ ਜਗਜੀਤ ਸਿੰਘ ਡੱਲੇਵਾਲ ਸਿਹਤਯਾਬ ਨਾ ਹੋਣ ਕਾਰਨ ਐਂਬੂਲੈਂਸ ’ਚ ਇਸ ਬੈਠਕ ’ਚ ਹਿੱਸਾ ਲੈਣ ਪਹੁੰਚੇ ਸਨ। ਉਨ੍ਹਾਂ ਨੂੰ ਸਟਰੈਚਰ ’ਤੇ ਕਾਨਫਰੰਸ ਹਾਲ ਲਿਜਾਇਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਬੈਠਕ ’ਚ ਹਿੱਸਾ ਲਿਆ। ਉਨ੍ਹਾਂ ਦੀ ਭੈਣ ਦੀ ਪੋਤੀ ਦਾ ਦੇਹਾਂਤ ਹੋ ਗਿਆ ਸੀ, ਜਿਸ ਦੀਆਂ ਅੰਤਮ ਰਸਮਾਂ ’ਚ ਸ਼ਾਮਲ ਹੋਣ ਦੀ ਬਜਾਏ ਉਹ ਇਸ ਬੈਠਕ ’ਚ ਹਿੱਸਾ ਲੈਣ ਪਹੁੰਚੇ।
ਕਿਸਾਨਾਂ ਵੱਲੋਂ ਅਗਲੀ ਬੈਠਕ ਦਿੱਲੀ ਕਰਵਾਉਣ ਦੀ ਮੰਗ
ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਦੋਵਾਂ ਕਿਸਾਨ ਮੋਰਚਿਆਂ ਵੱਲੋਂ ਅਗਲੀ ਬੈਠਕ ਦਿੱਲੀ ’ਚ ਰੱਖਣ ਦੀ ਅਪੀਲ ਕੀਤੀ ਹੈ ਤਾਂ ਕਿ ਦੇਸ਼ ਦੇ ਹੋਰ ਸੂਬਿਆਂ ਦੇ ਕਿਸਾਨ ਨੁਮਾਇੰਦੇ ਵੀ ਇਸ ਬੈਠਕ ਦਾ ਹਿੱਸਾ ਬਣ ਸਕਣ, ਜਿਸ ’ਤੇ ਹੁਣ ਸਰਕਾਰ ਵਿਚਾਰ ਕਰਨ ਤੋਂ ਬਾਅਦ ਬੈਠਕ ਦੀ ਥਾਂ ਤੈਅ ਕਰੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Fortis Healthcare ਨੇ ਖਰੀਦਿਆ ਜਲੰਧਰ ਦਾ ਵੱਡਾ ਹਸਪਤਾਲ, ਲੋਕਾਂ ਨੂੰ ਮਿਲੇਗੀ ਵੱਡੀ ਰਾਹਤ
NEXT STORY