ਕਰਤਾਰਪੁਰ (ਸਾਹਨੀ)–ਕਿਸਾਨਾਂ ਨਾਲ ਸੰਬੰਧਤ ਦੇਸ਼ ਦੀਆਂ 62 ਜਥੇਬੰਦੀਆਂ ਵੱਲੋਂ ਦਿੱਲੀ ਵਿਖੇ ਕੇਂਦਰ ਸਰਕਾਰ ਦਾ 23 ਫਰਵਰੀ ਤੋਂ ਘਿਰਾਓ ਕਰਨ ਸਬੰਧੀ ਮਿੱਥੇ ਧਰਨੇ ਲਈ ਦਿੱਲੀ ਰਵਾਨਾ ਹੋਣ ਸਬੰਧੀ ਕੀਤੇ ਐਲਾਨ ਤੋਂ ਬਾਅਦ ਬੁੱਧਵਾਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਅਤੇ ਵੱਡੀ ਗਿਣਤੀ ਵਿਚ ਵਰਕਰ ਸਥਾਨਕ ਦਾਣਾ ਮੰਡੀ ਵਿਖੇ ਇਕੱਠੇ ਹੋਏ। ਇਸ ਸਬੰਧੀ ਆਗੂਆਂ ਵਿਚ ਜ਼ਿਲਾ ਸੀਨੀਅਰ ਪ੍ਰਧਾਨ ਸਤਨਾਮ ਸਿੰਘ ਮਿੰਟੂ, ਜ਼ਿਲਾ ਕਪੂਰਥਲਾ ਦੇ ਪ੍ਰਧਾਨ ਜਸਬੀਰ ਸਿੰਘ ਲਿੱਟਾਂ, ਬਲਾਕ ਕਰਤਾਰਪੁਰ ਦੇ ਪ੍ਰਧਾਨ ਬਹਾਦਰ ਸਿੰਘ ਮੱਲ੍ਹੀਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਕਾਰਜਸ਼ੈਲੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਪਾਰਟੀਆਂ ਦੇ ਲੀਡਰ ਵੋਟਾਂ ਲੈਣ ਸਮੇਂ ਤਾਂ ਕਿਸਾਨਾਂ ਦੇ ਭਖਦੇ ਮਸਲੇ ਹੱਲ ਕਰਨ ਦਾ ਵਾਅਦਾ ਕਰਦੇ ਹਨ ਪਰ ਸਰਕਾਰ ਬਣਦਿਆਂ ਹੀ ਇਹ ਵਾਅਦੇ ਭੁੱਲ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਦੇਸ਼ ਨਾਲ ਸਬੰਧਤ 62 ਕਿਸਾਨ ਜਥੇਬੰਦੀਆਂ ਵੱਲੋਂ ਲੰਬੇ ਸਮੇਂ ਤੋਂ ਲਟਕ ਰਹੀਆਂ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਵਾਉਣ, ਕਿਸਾਨਾਂ ਦੇ ਕਰਜ਼ੇ ਖਤਮ ਕਰਵਾਉਣ ਅਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਘਟਾਉਣ ਵਰਗੀਆਂ ਮੰਗਾਂ ਲਾਗੂ ਕਰਵਾਉਣ ਲਈ ਇਹ ਸੰਘਰਸ਼ ਵਿੱਢਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਿਰੁੱਧ ਇਸ ਸੰਘਰਸ਼ ਲਈ ਇਲਾਕੇ ਦੇ ਕਿਸਾਨ ਆਪਣਾ ਲੰਗਰ-ਪਾਣੀ ਅਤੇ ਬਿਸਤਰੇ ਦਾ ਪ੍ਰਬੰਧ ਕਰਕੇ ਦਿੱਲੀ ਲਈ ਰਵਾਨਾ ਹੋ ਰਹੇ ਸਨ।
ਇਸ ਦੌਰਾਨ ਦੇਰ ਸ਼ਾਮ ਉਨ੍ਹਾਂ ਦੇ ਮੰਡੀ ਤੋਂ ਰਵਾਨਾ ਹੋਣ ਸਮੇਂ ਐੱਸ. ਪੀ. (ਡੀ.) ਬਲਕਾਰ ਸਿੰਘ, ਡੀ. ਐੱਸ. ਪੀ. ਸਰਬਜੀਤ ਰਾਏ, ਥਾਣਾ ਮੁਖੀ ਪਰਮਜੀਤ ਸਿੰਘ ਪੁਲਸ ਫੋਰਸ ਨਾਲ ਮੰਡੀ ਪੁੱਜੇ, ਜਿੱਥੇ ਉਨ੍ਹਾਂ ਯੂਨੀਅਨ ਆਗੂਆਂ ਨੂੰ ਦਿੱਲੀ ਜਾਣ ਤੋਂ ਰੋਕ ਲਿਆ ਅਤੇ ਕਿਸਾਨਾਂ ਨੂੰ ਵਾਪਸ ਘਰਾਂ ਨੂੰ ਜਾਣ ਦੀ ਅਪੀਲ ਕੀਤੀ। ਮੌਕੇ 'ਤੇ ਯੂਨੀਅਨ ਆਗੂਆਂ ਨੇ ਕਿਹਾ ਕਿ ਇਹ ਸੰਘਰਸ਼ ਉਨ੍ਹਾਂ ਦੇ ਨਿੱਜੀ ਹਿੱਤਾਂ ਲਈ ਨਹੀਂ, ਸਗੋਂ ਦੇਸ਼ ਦੇ ਕਿਸਾਨਾਂ ਲਈ ਹੈ ਅਤੇ ਜੇਕਰ ਪੁਲਸ ਪ੍ਰਸ਼ਾਸਨ ਉਨ੍ਹਾਂ ਨੂੰ ਦਿੱਲੀ ਜਾਣ ਤੋਂ ਰੋਕਦੀ ਹੈ ਤਾਂ ਉਹ ਮੰਡੀ ਵਿਖੇ ਹੀ 23 ਫਰਵਰੀ ਤੱਕ ਧਰਨਾ ਲਾਉਣਗੇ ਅਤੇ ਰਾਤ-ਦਿਨ ਇਥੇ ਰਹਿ ਕੇ ਆਪਣਾ ਰੋਸ ਪ੍ਰਗਟ ਕਰਨਗੇ। ਖਬਰ ਲਿਖੇ ਜਾਣ ਤੱਕ ਕਿਸਾਨਾਂ ਨੇ ਮੰਡੀ ਦੀ ਸ਼ੈੱਡ ਹੇਠ ਰੁਕਣ ਦੀ ਤਿਆਰੀ ਕਰ ਲਈ ਅਤੇ ਲੰਗਰ ਤਿਆਰ ਕਰ ਲਏ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੇ ਹੁਕਮ ਹਨ ਅਤੇ ਜ਼ੋਰ ਜ਼ਬਰਦਸਤੀ ਹੋਣ 'ਤੇ ਗ੍ਰਿਫਤਾਰੀਆਂ ਵੀ ਕੀਤੀਆਂ ਜਾ ਸਕਦੀਆਂ ਹਨ।
ਇਸ ਮੌਕੇ ਕਿਸਾਨ ਆਗੂ ਨਿਰੰਜਨ ਸਿੰਘ ਮੱਲ੍ਹੀਆਂ, ਦਲਬੀਰ ਸਿੰਘ ਨਾਨਕਪੁਰ, ਮਹਿੰਦਰ ਸਿੰਘ ਧੀਰਪੁਰ, ਸਰਵਨ ਸਿੰਘ, ਸੂਰਤ ਸਿੰਘ, ਕਰਮ ਸਿੰਘ, ਸਰਬਜੀਤ ਸਿੰਘ, ਸੁਰਿੰਦਰ ਸਿੰਘ ਸ਼ੇਰਗਿੱਲ, ਗੁਰਚਰਨ ਸਿੰਘ ਪਿੰਡ ਖੱਸਨ ਆਗੂਆਂ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।
ਹੋਲੇ ਮੁਹੱਲੇ ਦੇ ਮੱਦੇਨਜਰ ਵਿਦਿਆਰਥੀਆਂ ਦੀ ਸੁਵਿਧਾ ਲਈ 3 ਪ੍ਰੀਖਿਆ ਕੇਂਦਰ ਕੀਤੇ ਤਬਦੀਲ
NEXT STORY