ਚੰਡੀਗੜ੍ਹ (ਨਵਿੰਦਰ) : ਪੰਜਾਬ ਵਿਧਾਨ ਸਭਾ ਸੈਸ਼ਨ ਦੀ ਸ਼ੁਰੂਆਤ ਦੇ ਨਾਲ ਹੀ ਕਿਸਾਨਾਂ ਦਾ ਚੰਡੀਗੜ੍ਹ ’ਚ ਮੰਗਾਂ ਨੂੰ ਲੈ ਕੇ ਧਰਨਾ ਸ਼ੁਰੂ ਹੋ ਗਿਆ। ਸਿਆਸੀ ਪਾਰਟੀਆਂ ਵਾਂਗ ਕਿਸਾਨ ਜੱਥੇਬੰਦੀਆਂ ਵੀ ਵੱਖ-ਵੱਖ ਜਗ੍ਹਾ ’ਤੇ ਰੋਸ ਪ੍ਰਗਟਾਉਂਦੀਆਂ ਨਜ਼ਰ ਆਈਆਂ। ਸੰਯੁਕਤ ਕਿਸਾਨ ਮੋਰਚਾ ਵੱਲੋਂ ਸੈਕਟਰ-34 ਸਥਿਤ ਗੁਰਦੁਆਰਾ ਸਾਹਿਬ ਸਾਹਮਣੇ ਮਹਾਂਪੰਚਾਇਤ ਕੀਤੀ ਗਈ ਅਤੇ ਉੱਥੇ ਹੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਬੈਨਰ ਹੇਠ ਕਿਸਾਨਾਂ ਨੇ ਮੇਲਾ ਗਰਾਊਂਡ ’ਚ ਮੋਰਚਾ ਲਾ ਦਿੱਤਾ। ਭਾਵ ਸੈਕਟਰ-34 ਕਿਸਾਨਾਂ ਦੀ ਵਿਧਾਨ ਸਭਾ ਵਜੋਂ ਸਾਹਮਣੇ ਆਇਆ। ਸੋਮਵਾਰ ਨੂੰ ਚੰਡੀਗੜ੍ਹ ਪੁਲਸ ਦੀ ਮੌਜੂਦਗੀ ’ਚ ਭਾਰਤੀ ਕਿਸਾਨ ਯੂਨੀਅਨ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਇਕ ਹਜ਼ਾਰ ਮੈਂਬਰ ਮੇਲਾ ਗਰਾਊਂਡ ਤੋਂ ਮੰਗ ਪੱਤਰ ਦੇਣ ਲਈ ਮਟਕਾ ਚੌਂਕ ਪੁੱਜੇ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮੰਗ ਪੱਤਰ ਲਿਆ।
ਉਨ੍ਹਾਂ ਕਿਸਾਨਾਂ ਤੇ ਮਜ਼ਦੂਰਾਂ ਦੇ ਸੰਘਰਸ਼ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਹ ਯੂਨੀਅਨਾਂ ਦੇ ਵਕੀਲ ਵਜੋਂ ਮੁੱਖ ਮੰਤਰੀ ਅੱਗੇ ਮੰਗ ਪੱਤਰ ਪੇਸ਼ ਕਰਨਗੇ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਜਦੋਂ ਤੱਕ ਸੈਸ਼ਨ ਚੱਲੇਗਾ, ਉਦੋਂ ਤੱਕ ਮਾਰਚ ਜਾਰੀ ਰਹੇਗਾ। 5 ਸਤੰਬਰ ਨੂੰ ਮੀਟਿੰਗ ਕਰਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਰੋਸ ਪ੍ਰਗਟਾਉਣ ਤੋਂ ਬਾਅਦ ਪੁਲਸ ਨੇ ਕਿਸਾਨਾਂ ਨੂੰ ਬੱਸਾਂ ’ਚ ਬਿਠਾ ਕੇ ਸੈਕਟਰ-34 ਦੇ ਮੇਲਾ ਗਰਾਊਂਡ ’ਚ ਭੇਜ ਦਿੱਤਾ। ਦੂਜੇ ਪਾਸੇ 500 ਮੀਟਰ ਦੂਰੀ ’ਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਸੈਕਟਰ-34 ਗੁਰਦੁਆਰਾ ਸਾਹਮਣੇ ਪਾਰਕਿੰਗ ’ਚ ਮਹਾਂਪੰਚਾਇਤ ਕੀਤੀ ਗਈ, ਜਿਸ ’ਚ 10 ਹਜ਼ਾਰ ਦੇ ਕਰੀਬ ਕਿਸਾਨ ਪੁੱਜੇ। ਜ਼ਿਆਦਾਤਰ ਕਿਸਾਨ ਬੱਸਾਂ ਤੇ ਕਾਰਾਂ ਰਾਹੀਂ ਆਏ ਸਨ।
ਪੁਲਸ ਨੇ ਗੁਰਦੁਆਰੇ ਸਾਹਮਣੇ ਪਾਰਕਿੰਗ ਦਾ ਪ੍ਰਬੰਧ ਕੀਤਾ ਸੀ। ਐੱਸ. ਕੇ. ਐੱਮ. ਆਗੂ ਬਲਬੀਰ ਸਿੰਘ ਰਾਜੇਵਾਲ ਤੇ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਇਹ ਮਹਾਂਪੰਚਾਇਤ ਦੀ ਅਹਿਮ ਮੀਟਿੰਗ ਹੈ, ਜਿਸ ’ਚ ਉਨ੍ਹਾਂ ਮੁੱਦਿਆਂ ’ਤੇ ਧਿਆਨ ਦਿੱਤਾ ਜਾ ਰਿਹਾ ਹੈ, ਜੋ ਕਿਸਾਨਾਂ ਲਈ ਜ਼ਰੂਰੀ ਹਨ। ਗੰਦਾ ਹੋ ਰਿਹਾ ਪਾਣੀ ਗੰਭੀਰ ਮੁੱਦਾ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਡਿੱਗ ਰਿਹਾ ਹੈ। ਇਸ ਤੋਂ ਇਲਾਵਾ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦਾ ਮੁੱਦਾ ਵੀ ਅਹਿਮ ਹੈ। ਡੀ. ਏ. ਪੀ. ਖਾਦ ਦੀ ਘਾਟ ਹੈ। ਰਾਜੇਵਾਲ ਨੇ ਕਿਹਾ ਕਿ ਪੰਜਾਬ ’ਚ ਖੇਤੀ ਸੰਕਟ ਹੈ। ਅਜਿਹੀ ਸਥਿਤੀ ’ਚ ਸਾਰੀਆਂ ਜੱਥੇਬੰਦੀਆਂ ਨੂੰ ਇੱਕਜੁੱਟ ਹੋਣਾ ਚਾਹੀਦਾ ਹੈ। ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ। ਦਿੱਲੀ ’ਚ ਵੀ ਉਗਰਾਹਾਂ ਦਾ ਵੱਖਰਾ ਮੰਚ ਸੀ। ਇਸ ਦੌਰਾਨ ਕਿਸਾਨ ਆਗੂ ਟਿਕੈਤ ਵੀ ਮਹਾਪੰਚਾਇਤ ’ਚ ਪੁੱਜੇ। ਕਿਸਾਨਾਂ ਨੇ ਉਨ੍ਹਾਂ ਨਾਲ ਸੈਲਫੀ ਲਈ। ਕਰੀਬ ਚਾਰ ਵਜੇ ਮਹਾਪੰਚਾਇਤ ਖ਼ਤਮ ਹੋਣ ਤੋਂ ਬਾਅਦ ਕਿਸਾਨ ਬੱਸਾਂ ’ਚ ਘਰ ਚਲੇ ਗਏ। ਚੰਡੀਗੜ੍ਹ ਪੁਲਸ ਨੇ ਬੈਰੀਕੇਡ ਲਾ ਕੇ 1500 ਜਵਾਨ ਤਾਇਨਾਤ ਕੀਤੇ ਹੋਏ ਸਨ। ਐੱਸ. ਐੱਸ. ਪੀ. ਕੰਵਰਦੀਪ ਕੌਰ ਖ਼ੁਦ ਮਟਕਾ ਚੌਕ ਵਿਖੇ ਮੌਜੂਦ ਸਨ।
ਸੜਕਾਂ ’ਤੇ ਲੱਗਾ ਜਾਮ, ਫਸੀ ਐਂਬੂਲੈਂਸ
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਇੱਕ ਹਜ਼ਾਰ ਕਿਸਾਨ ਸੋਮਵਾਰ ਨੂੰ 4 ਵਜੇ ਮੰਗ ਪੱਤਰ ਦੇਣ ਲਈ ਮਟਕਾ ਚੌਂਕ ਵੱਲ ਰਵਾਨਾ ਹੋਏ। ਇਸ ਦੌਰਾਨ ਸੜਕਾਂ ’ਤੇ ਜਾਮ ਹੀ ਜਾਮ ਲੱਗ ਗਿਆ। ਸ਼ਾਮ ਨੂੰ ਦਫ਼ਤਰ ਤੋਂ ਘਰ ਜਾ ਰਹੇ ਲੋਕ ਕਰੀਬ ਅੱਧਾ-ਅੱਧਾ ਘੰਟਾ ਟ੍ਰੈਫਿਕ ਜਾਮ ਵਿਚ ਫਸੇ ਰਹੇ। ਪੀ.ਜੀ.ਆਈ. ਅਤੇ ਸੈਕਟਰ-16 ਜਨਰਲ ਹਸਪਤਾਲ ਨੂੰ ਜਾਣ ਵਾਲੀ ਐਂਬੂਲੈਂਸ ਵੀ ਜਾਮ ਵਿਚ ਫਸ ਗਈ।
ਕਿਸਾਨਾਂ ਨੂੰ ਰੋਕਣ ਲਈ ਟਿੱਪਰ ਖੜ੍ਹੇ ਕੀਤੇ
ਕਿਸਾਨ ਸੈਕਟਰ-34 ਤੋਂ ਸੈਕਟਰ-20/21 ਲਾਈਟ ਪੁਆਇੰਟ ਤੋਂ ਸੈਕਟਰ-18/21 ਚੌਂਕ ਤੋਂ ਹੁੰਦੇ ਹੋਏ ਬੱਸ ਸਟੈਂਡ ਚੌਂਕ ਪੁੱਜੇ। ਇਸ ਦੌਰਾਨ ਪੁਲਸ ਨੇ ਆਵਾਜਾਈ ਰੋਕ ਦਿੱਤੀ ਸੀ। ਕਿਸਾਨ ਬੱਸ ਸਟੈਂਡ ਚੌਂਕ ਤੋਂ ਸੈਕਟਰ-16 ਕ੍ਰਿਕਟ ਸਟੇਡੀਅਮ ਚੌਂਕ ਤੋਂ ਹੁੰਦੇ ਹੋਏ ਮਟਕਾ ਚੌਂਕ ਪੁੱਜੇ। ਮੋਹਾਲੀ ਨੂੰ ਜਾਣ ਵਾਲੇ ਲੋਕ ਵੀ ਜਾਮ ਵਿਚ ਫਸੇ ਰਹੇ। ਟ੍ਰੈਫਿਕ ਪੁਲਸ ਕਿਸਾਨਾਂ ਅੱਗੇ ਬੇਵੱਸ ਨਜ਼ਰ ਆਈ। ਚੰਡੀਗੜ੍ਹ ਪੁਲਸ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਰੋਕਣ ਲਈ ਮਟਕਾ ਚੌਂਕ ’ਤੇ ਟਿੱਪਰ ਖੜ੍ਹੇ ਕਰ ਦਿੱਤੇ ਸਨ। ਇਸ ਤੋਂ ਇਲਾਵਾ ਸਾਰੀਆਂ ਡਵੀਜ਼ਨਾਂ ਤੋਂ ਬੈਰੀਕੇਡ ਮੰਗਵਾ ਕੇ ਮਟਕਾ ਚੌਂਕ ’ਤੇ ਲਗਾ ਦਿੱਤੇ ਗਏ। ਸਾਰੇ ਬੈਰੀਕੇਡਾਂ ਨੂੰ ਰੱਸੀ ਨਾਲ ਬੰਨ੍ਹਿਆ ਹੋਇਆ ਸੀ। ਸੁਰੱਖਿਆ ਕਾਰਨਾਂ ਕਰਕੇ ਚੰਡੀਗੜ੍ਹ ਪੁਲਸ ਨੇ ਪੰਜਾਬ ਅਤੇ ਹਰਿਆਣਾ ਤੋਂ ਫੋਰਸ ਮੰਗਵਾਈ ਹੋਈ ਸੀ, ਤਾਂ ਜੋ ਕਿਸਾਨ ਮਟਕਾ ਚੌਂਕ ਤੋਂ ਅੱਗੇ ਨਾ ਜਾ ਸਕਣ।
ਮੇਲਾ ਗਰਾਊਂਡ ’ਚ ਹਰ ਤਰ੍ਹਾਂ ਦੀ ਸਹੂਲਤ
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਮੈਂਬਰ ਆਪਣੀਆਂ ਮੰਗਾਂ ਨੂੰ ਲੈ ਕੇ 5 ਸਤੰਬਰ ਤੱਕ ਸੈਕਟਰ-34 ਦੇ ਮੇਲਾ ਗਰਾਊਂਡ ’ਚ ਮੋਰਚੇ ’ਤੇ ਤਾਇਨਾਤ ਰਹਿਣਗੇ। ਕਿਸਾਨ 15 ਤੋਂ 20 ਦਿਨਾਂ ਦਾ ਰਾਸ਼ਨ ਟਰਾਲੀਆਂ ਵਿਚ ਆਪਣੇ ਨਾਲ ਲੈ ਕੇ ਆਏ ਹਨ। ਮੋਰਚੇ ਵਿਚ ਸ਼ਾਮਲ ਕਿਸਾਨ ਮਿਲ ਕੇ ਕੰਮ ਕਰ ਰਹੇ ਹਨ। ਸ਼ਾਮ ਹੁੰਦੇ ਹੀ ਸਾਰੇ ਇਕੱਠੇ ਬੈਠ ਕੇ ਰੋਟੀਆਂ ਬਣਾ ਰਹੇ ਸਨ। ਕਿਸਾਨ ਟਰਾਲੀਆਂ ਵਿਚ ਸੌਣ ਲਈ ਮੰਜੇ ਅਤੇ ਪੱਖੇ ਵੀ ਲੈ ਕੇ ਆਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਪਤਾ ਨਹੀਂ ਧਰਨਾ ਕਦੋਂ ਤੱਕ ਜਾਰੀ ਰਹੇਗਾ। ਉਹ ਪੂਰੇ ਪ੍ਰਬੰਧ ਕਰਕੇ ਆਏ ਹਨ।
ਪਟਾਕਾ ਫੈਕਟਰੀ ’ਚ ਧਮਾਕੇ ਦੌਰਾਨ ਜ਼ਖ਼ਮੀਆਂ ’ਚੋਂ ਮਕਾਨ ਮਾਲਕਣ ਸਮੇਤ 2 ਦੀ ਮੌਤ
NEXT STORY